ਵਿਆਹੁਤਾ ਤੇ ਉਸ ਦੇ ਬੇਟੇ ਨੂੰ ਦਾਜ ਲਈ ਕੁੱਟ-ਮਾਰ ਕਰ ਕੇ ਘਰੋਂ ਕੱਢਿਆ
Monday, Nov 05, 2018 - 06:11 AM (IST)

ਲੁਧਿਆਣਾ, (ਵਰਮਾ)- ਸਮਾਜ ’ਚ ਪੈਸੇ ਲਈ ਰਿਸ਼ਤੇ ਤਾਰ-ਤਾਰ ਹੋਣ ਲੱਗੇ ਹਨ। ਪੈਸਿਆਂ ਲਈ ਆਪਸੀ ਰਿਸ਼ਤੇ ’ਚ ਖਟਾਸ ਪੈਦਾ ਹੋਣ ਦੇ ਕਈ ਮਾਮਲਿਅਾਂ ’ਚ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ ਆਏ ਦਿਨ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਤਰ੍ਹਾਂ ਹੀ ਸ਼ਿਲਪਾ ਵਾਸੀ ਚੰਦਰ ਨਗਰ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 24 ਅਪ੍ਰੈਲ 2017 ਨੂੰ ਲਿਖਤੀ ਸ਼ਿਕਾਇਤ ’ਚ ਦੱਸਿਆ ਕਿ ਉਸ ਦਾ ਵਿਆਹ 21 ਫਰਵਰੀ 2015 ਨੂੰ ਪ੍ਰਤੀਕ ਬਾਂਸਲ ਵਾਸੀ ਪ੍ਰਤਾਪ ਕਾਲੋਨੀ ਦੇ ਨਾਲ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਉਸ ਦਾ ਪਤੀ, ਸੱਸ, ਸਹੁਰਾ ਤੇ ਨਣਾਨ ਉਸ ਨੂੰ ਦਾਜ ਲਈ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ ਪ੍ਰੇਸ਼ਾਨ ਕਰਨ ਲੱਗੇ। ਪੀਡ਼ਤਾ ਦੇ ਪਿਤਾ ਅਸ਼ਵਨੀ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ ਬਹੁਤ ਧੂਮਧਾਮ ਨਾਲ ਕੀਤਾ ਸੀ ਅਤੇ ਵਿਆਹ ’ਚ 7,00,000 ਰੁਪਏ ਨਕਦ, ਸੋਨੇ ਦੇ ਗਹਿਣੇ ਤੇ ਕੀਮਤੀ ਸਾਮਾਨ ਦਿੱਤਾ ਸੀ। ਇਸ ਦੇ ਬਾਵਜੂਦ ਮੇਰੀ ਬੇਟੀ ਦੇ ਸਹੁਰੇ ਵਾਲੇ ਹੋਰ ਦਾਜ ਲਿਆਉਣ ਲਈ ਉਸ ਨਾਲ ਕੁੱਟ-ਮਾਰ ਕਰਦੇ ਸਨ। ਇੰਨਾ ਹੀ ਨਹੀਂ ਮੇਰੀ ਬੇੇਟੀ ਦਾ ਪਤੀ ਨਸ਼ੇੜੀ ਹੈ ਤੇ ਉਸ ਦੇ ਕਈ ਲਡ਼ਕੀਆਂ ਨਾਲ ਨਾਜਾਇਜ਼ ਸਬੰਧ ਹਨ। ਜਦ ਮੇਰੀ ਬੇਟੀ ਨੇ ਹਸਪਤਾਲ ’ਚ ਵੱਡੇ ਅਾਪ੍ਰੇਸ਼ਨ ਨਾਲ ਬੇਟੇ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਨੇ ਇਕ ਪੈਸਾ ਵੀ ਖਰਚ ਨਹੀਂ ਕੀਤਾ। ਸਾਰਾ ਖਰਚ ਮੈਂ ਕੀਤਾ।
ਜਦ ਬੇਟਾ 3 ਮਹੀਨਿਆਂ ਦਾ ਸੀ ਤਾਂ ਉਨ੍ਹਾਂ ਨੇ ਮੇਰੀ ਬੇਟੀ ਤੇ ਬੱਚੇ ਨੂੰ ਦਾਜ ਲਿਆਉਣ ਲਈ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ। ਅਸੀਂ ਆਪਣੀ ਬੇਟੀ ਦਾ ਘਰ ਵਸਾਉਣ ਲਈ ਕਈ ਵਾਰ ਪੰਚਾਇਤੀ ਫੈਸਲੇ ਵੀ ਕੀਤੇ, ਹਰ ਵਾਰ ਉਹ ਲਡ਼ਕੀ ਨੂੰ ਦਾਜ ਲਈ ਕੁੱਟ-ਮਾਰ ਨਹੀਂ ਕਰਨਗੇ ਕਹਿ ਕੇ ਆਪਣੇ ਨਾਲ ਲੈ ਜਾਂਦੇ ਸਨ ਪਰ ਕੁਝ ਦੇਰ ਬਾਅਦ ਫਿਰ ਦਾਜ ਦੀ ਮੰਗ ਕਰ ਕੇ ਕੁੱਟ-ਮਾਰ ਕਰਦੇ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ। ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਪੀਡ਼ਤਾ ਦੀ ਸ਼ਿਕਾਇਤ ’ਤੇ ਜਾਂਚ ਕਰ ਕੇ ਪੀਡ਼ਤਾ ਦੇ ਪਤੀ ਪ੍ਰਤੀਕ ਬਾਂਸਲ, ਸੱਸ ਭਾਰਤੀ ਬਾਂਸਲ ਤੇ ਸਹੁਰੇ ਕਮਲ ਬਾਂਸਲ ਖਿਲਾਫ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਕੁੱਟ-ਮਾਰ ਕਰਨ ਦਾ ਮਾਮਲਾ ਦਰਜ ਕੀਤਾ ਹੈ।