ਮਾਰਕਫੈੱਡ ਗੁਰੂਹਰਸਹਾਏ ਦੀ ਸ਼ਾਖਾ ’ਚ ਹਜ਼ਾਰਾਂ ਬੋਰੀਆਂ ਕਣਕ ਖੁਰਦ-ਬੁਰਦ, 2 ’ਤੇ ਮਾਮਲਾ ਦਰਜ

05/29/2022 3:56:15 PM

ਗੁਰੂਹਰਸਹਾਏ (ਮਨਜੀਤ)-ਪੰਜਾਬ ਸਰਕਾਰ ਵੱਲੋਂ ਸੱਤਾਂ ’ਤੇ ਕਾਬਜ਼ ਹੋਣ ਤੋਂ ਬਾਅਦ ਭ੍ਰਿਸ਼ਟ ਸਰਕਾਰੀ ਬਾਬੂਆਂ ਖ਼ਿਲਾਫ਼ ਛੇੜੀ ਮੁਹਿੰਮ ਤਹਿਤ ਮਾਰਕਫੈੱਡ ਦੇ ਗੁਦਾਮਾਂ ’ਚ ਕਣਕ ਨੂੰ ਖੁਰਦ-ਬੁਰਦ ਕਰਨ ਵਾਲੇ 2 ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਹੋਣ ਤੋਂ ਬਾਅਦ ਇਸ ਧੰਦੇ ਦੀ ਜਾਣਕਾਰੀ ਇਲਾਕੇ ’ਚ ਚਰਚਾ ਦਾ ਵਿਸ਼ ਬਣ ਚੁੱਕੀ ਹੈ। ਸਥਾਨਕ ਸ਼ਹਿਰ ਦੇ ਗੁੱਦੜ ਢੰਡੀ ਰੋਡ ’ਤੇ ਬਣੇ ਮਾਰਕਫੈੱਡ ਦੀ ਸ਼ਾਖਾ ’ਚ ਸਰਕਾਰੀ ਮੁਲਾਜ਼ਮਾਂ ਵੱਲੋਂ 2021-22 ਦੇ ਨਵੇਂ ਸਟਾਕ ’ਚ ਵੱਡੀ ਘਪਲੇਬਾਜ਼ੀ ਕਰਦਿਆਂ 19287 ਬੋਰੀਆਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ ਤਹਿਤ ਫ਼ਿਰੋਜ਼ਪੁਰ ਦੀ ਪੁਲਸ ਵੱਲੋਂ ਸਬੰਧਿਤ ਵਿਭਾਗ ਦੇ ਜ਼ਿਲ੍ਹਾ ਮੈਨੇਜਰ ਦੇ ਪੱਤਰ ’ਤੇ ਕਾਰਵਾਈ ਕਰਦਿਆਂ 2 ਸਰਕਾਰੀ ਮੁਲਾਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਸਬੰਧੀ ‘ਜਗ ਬਾਣੀ’ ਵੱਲੋਂ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਮੈਨੇਜਰ ਬਲਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਰਕਫੈੱਡ ਸ਼ਾਖਾ ਗੁਰੂਹਰਸਹਾਏ ਵਿਖੇ ਕਣਕ ਦੀ ਫਸਲ 2021-22 ਦੇ ਸਟਾਕਾਂ ’ਚ ਪਹਿਲੀ ਪੀ. ਵੀ. ਦੌਰਾਨ 19287 ਬੋਰੀਆਂ ਦੀ ਲਵਪ੍ਰੀਤ ਸਿੰਘ ਐੱਫ. ਓ. ਅਤੇ ਸੁਰਿੰਦਰ ਕੁਮਾਰ ਐੱਫ. ਓ. ਵੱਲੋਂ ਘਪਲੇਬਾਜ਼ੀ ਕਰਨ ਉਪਰੰਤ ਮਾਰਕਫੈੱਡ ਦੀ ਸ਼ਾਖਾ ਗੁਰੂਹਰਸਹਾਏ ਦੇ ਖ਼ਿਲਾਫ਼ ਸੀਨੀਅਰ ਪੁਲਸ ਕਪਤਾਨ ਫ਼ਿਰੋਜ਼ਪੁਰ ਨੂੰ ਦਫ਼ਤਰ ਦੇ ਪੱਤਰ ਨੰਬਰ ਜਪਰ/ਕਣਕ/756 ਮਿਤੀ 26-05-2022 ਰਾਹੀ ਐੱਫ. ਅਾਈ. ਆਰ. ਦਰਜ ਕਰਨ ਸਬੰਧੀ ਬੇਨਤੀ ਕੀਤੀ ਗਈ ਸੀ।

ਉਨ੍ਹਾਂ ਕਿਹਾ ਕਿ ਜਿਸ ਤੋਂ ਬਾਅਦ ਦਫ਼ਤਰ ਦੇ ਪੱਤਰ ’ਤੇ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਸਣੇ ਨਾਇਬ ਤਹਿਸੀਲਦਾਰ ਗੁਰੂਹਰਸਹਾਏ ਨੂੰ ਸਰਕਾਰੀ ਨੁਮਾਇੰਦਾ ਨਿਯੁਕਤ ਕੀਤਾ ਗਿਆ ਸੀ ਅਤੇ ਇਸ ਗਠਿਤ ਕਮੇਟੀ ਵੱਲੋਂ ਮਾਰਕਫੈੱਡ ਦੀ ਸ਼ਾਖਾ ਗੁਰੂਹਰਸਹਾਏ ਵਿਖੇ ਪਏ ਕਣਕ ਫਸਲ ਸਾਲ 2022-23 ਬਾਰਦਾਨਾ, ਸਟਾਕ ਆਰਟੀਕਲਜ਼, ਐਗਰੋ ਕੈਮੀਕਲਜ਼,ਕੈਟਲਫੀਡ, ਕੈਨਰਜੀ ਅਤੇ ਖਾਣਯੋਗ ਵਸਤਾਂ ਆਦਿ ਦੀ ਭੌਤਿਕ ਪੜਤਾਲ ਕਰਨ ਉਪਰੰਤ ਇਸ ਦੀ ਰਿਪੋਰਟ ਦਫ਼ਤਰ ਨੂੰ ਮਿਲਣ ’ਤੇ ਉਪਰੋਕਤ ਮੁਲਾਜ਼ਮਾਂ ਖ਼ਿਲਾਫ਼ ਪੁਲਸ  ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਵੇਂ ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਜ਼ਿਲ੍ਹਾ ਮੈਨੇਜਰ ਨੇ ਕਿਹਾ ਕਿ ਸਰਕਾਰੀ ਗੁਦਾਮ ’ਚ ਪਈ ਹੋਈ ਬਾਕੀ ਕਣਕ ਦੇ ਸਟਾਕ ਦੀ ਜਾਂਚ ਕੀਤੀ ਜਾਵੇਗੀ ਤਾਂ ਕਿ ਇਨ੍ਹਾਂ ਵੱਲੋਂ ਹੋਰ ਸਰਕਾਰੀ ਅਨਾਜ ਨੂੰ ਖੁਰਦ-ਬੁਰਦ ਤਾਂ ਨਹੀਂ ਕੀਤਾ ਗਿਆ।


Manoj

Content Editor

Related News