‘ਖੂਨੀ’ ਡੋਰ ਦੀ ਲਪੇਟ ’ਚ ਆਉਣ ਕਾਰਨ ਕਈ ਜ਼ਖਮੀ
Monday, Jan 14, 2019 - 05:29 AM (IST)

ਲੁਧਿਆਣਾ, (ਮੁਕੇਸ਼)- ਪਲਾਸਟਿਕ ਦੀ ‘ਖੂਨੀ’ ਡੋਰ ਦਾ ਕਹਿਰ ਸੜਕਾਂ ’ਤੇ ਫਲਾਈਓਵਰ ਪੁੱਲਾਂ ’ਤੇ ਨਜ਼ਰ ਆਇਆ। ਲੋਹੜੀ ਦੇ ਤਿਉਹਾਰ ਦੀਅਾਂ ਰਿਸ਼ਤੇਦਾਰਾਂ, ਮਿੱਤਰਾਂ ਨੂੰ ਵਧਾਈ ਦੇਣ ਜਾ ਰਹੇ 2 ਪਹੀਆ ਵਾਹਨ ਚਾਲਕ ਆਦਿ ਖੂਨੀ ਡੋਰ ਦੀ ਲਪੇਟ ’ਚ ਆਉਣ ਨਾਲ ਜ਼ਖਮੀ ਹੋ ਗਏ। ਦੋ ਪਹੀਅਾ ਵਾਹਨ ਚਾਲਕ, ਜਿਨ੍ਹਾਂ ਦੀ ਗਿਣਤੀ ਦਰਜਨ ਤੋਂ ਵੱਧ ਰਹੀ ਹੋਵੇਗੀ, ਦਾ ਕਹਿਣਾ ਸੀ ਕਿ ਉਹ ਲੋਕ ਲੋਹੜੀ ਦੀ ਵਧਾਈ ਦੇਣ ਆਪਣੇ ਰਿਸ਼ਤੇਦਾਰਾਂ ਜਾਂ ਮਿੱਤਰਾਂ ਨੂੰ ਦੇਣ ਜਾ ਰਹੇ ਸੀ। ਹਾਦਸੇ ਵੱਖ-ਵੱਖ ਥਾਈਂ ਹੋਏ। ਇਨ੍ਹਾਂ ’ਚ ਕੋਈ ਸਕੂਟਰ ’ਤੇ ਤੇ ਕੋਈ ਮੋਟਰਸਾਈਕਲ ’ਤੇ ਸਵਾਰ ਸੀ। ਇਕ ਥਾਂ ਕੱਟ ’ਤੇ ਕਾਰ ਚਾਲਕ ਨੇ ਪਤੰਗ ਲੁੱਟ ਰਹੇ ਬੱਚੇ ਦੇ ਗੱਡੀ ਅੱਗੇ ਆਉਣ ਨੂੰ ਲੈ ਕੇ ਜਦੋਂ ਬਚਾਅ ਲਈ ਬ੍ਰੇਕ ਲਾਈ ਤਾਂ ਪਿੱਛੋਂ ਆ ਰਹੀ ਟੈਕਸੀ ਨੇ ਕਾਰ ’ਚ ਟੱਕਰ ਮਾਰ ਦਿੱਤੀ।
ਬਿਜਲੀ ਦੀਅਾਂ ਤਾਰਾਂ ਤੇ ਰੁੱਖਾਂ ’ਤੇ ਸਹਿਮੇ ਬੈਠੇ ਰਹੇ ਪੰਛੀ
ਲੁਧਿਆਣਾ, (ਮੁਕੇਸ਼)-ਖੁੱਲ੍ਹੇ ਆਸਮਾਨ ਦੇ ਬੇਜ਼ੁਬਾਨ ਪੰਛੀਅਾਂ ’ਚ ਪਲਾਸਟਿਕ ਡੋਰ ਦੀ ਦਹਿਸ਼ਤ ਦਿਖਾਈ ਦਿੱਤੀ। ਆਮ ਦਿਨਾਂ ਦੇ ਮੁਕਾਬਲੇ ਆਸਮਾਨ ’ਚ ਪਤੰਗਾਂ ਹੀ ਪਤੰਗਾਂ ਨਜ਼ਰ ਆ ਰਹੀਅਾਂ ਸੀ ਜਦ ਕਿ ਖੁੱਲ੍ਹੇ ਆਸਮਾਨ ਦੇ ਆਜ਼ਾਦ ਪੰਛੀਅਾਂ ਨੂੰ ਖੂਨੀ ਡੋਰ ਵਜੋਂ ਰੁੱਖਾਂ ਦੀਅਾਂ ਟਹਿਣੀਅਾਂ ਜਾਂ ਫਿਰ ਬਿਜਲੀ ਦੀਅਾਂ ਤਾਰਾਂ ’ਤੇ ਸਹਿਮੇ ਹੋਏ ਬੈਠਿਅਾਂ ਦੇਖਿਆ ਗਿਆ। ਪੰਛੀ ਪ੍ਰੇਮੀਅਾਂ ਦਾ ਕਹਿਣਾ ਹੈ ਕਿ ਪਲਾਸਟਿਕ ਡੋਰ ਨਾਲ ਹਰ ਸਾਲ ਕਿੰਨੇ ਹੀ ਬੇਜ਼ੁਬਾਨ ਪੰਛੀ ਜ਼ਖਮੀ ਹੋ ਜਾਂਦੇ ਹਨ ਜਾਂ ਜਾਨੋਂ ਹੱਥ ਧੋਅ ਬੈਠਦੇ ਹਨ। ਸਾਡਾ ਫਰਜ਼ ਬਣਦਾ ਹੈ ਕਿ ਪੰਛੀਅਾਂ ਦੀਅਾਂ ਲੁਪਤ ਹੋ ਰਹੀਅਾਂ ਪ੍ਰਜਾਤੀਅਾਂ ਨੂੰ ਬਚਾਈਏ। ਪਤੰਗਬਾਜ਼ੀ ਦੌਰਾਨ ਪਲਾਸਟਿਕ ਦੀ ਖੂਨੀ ਡੋਰ ਦਾ ਇਸਤਮਾਲ ਬੰਦ ਕਰੀਏ। ਇਹ ਖੂਨੀ ਡੋਰ ਮਨੁੱਖੀ ਜੀਵਨ ਨਾਲ ਖਿਲਵਾੜ ਕਰ ਰਹੀ ਹੈ। ਆਮ ਇਨਸਾਨ ਵੀ ਇਸ ਦੀ ਲਪੇਟ ’ਚ ਆ ਕੇ ਕਈ ਦਫਾ ਜਾਨੋਂ ਹੱਥ ਧੋਅ ਬੈਠਦੇ ਹਨ। ਸਰਕਾਰ ਨੂੰ ਇਸ ਪਾਸੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ।
62 ਗੱਟੂ ਚਾਈਨੀਜ਼ ਡੋਰ ਬਰਾਮਦ
ਲੁਧਿਆਣਾ, (ਰਿਸ਼ੀ)-ਥਾਣਾ ਡਵੀਜ਼ਨ ਨੰ. 2 ਦੀ ਪੁਲਸ ਨੇ ਸ਼ਨੀਵਾਰ ਨੂੰ ਸੂਚਨਾ ਦੇ ਅਾਧਾਰ ’ਤੇ ਸਿਵਲ ਹਸਪਤਾਲ ਨੇਡ਼ੇ ਪੈਦਲ ਜਾ ਰਹੇ ਇਕ ਵਿਅਕਤੀ ਨੂੰ ਚਾਈਨੀਜ਼ ਡੋਰ ਦੇ 62 ਗੱਟੂਆਂ ਸਮੇਤ ਗ੍ਰਿਫਤਾਰ ਕਰ ਕੇ ਧਾਰਾ 188 ਤਹਿਤ ਕੇਸ ਦਰਜ ਕੀਤਾ ਹੈ। ਜਾਂਚ ਅਧਿਕਾਰੀ ਕੁਲਵੀਰ ਸਿੰਘ ਅਨੁਸਾਰ ਫਡ਼ੇ ਗਏ ਮੁਲਜ਼ਮ ਦੀ ਪਛਾਣ ਸਤਪਾਲ ਕੁਮਾਰ ਵਾਸੀ ਇਸਲਾਮਗੰਜ ਵਜੋਂ ਹੋਈ ਹੈ।
ਚਾਈਨੀਜ਼ ਡੋਰ ਦੀ ਲਪੇਟ ’ਚ ਆਇਆ ਕਬੂਤਰ
ਲੁਧਿਆਣਾ, (ਸਲੂਜਾ)-ਮਹਾਨਗਰ ’ਚ ਚਾਈਨੀਜ਼ ਡੋਰ ’ਤੇ ਪਾਬੰਦੀ ਲੱਗਣ ਦੇ ਬਾਵਜੂਦ ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਚਾਈਨੀਜ਼ ਡੋਰ ਦਾ ਜੰਮ ਕੇ ਇਸਤੇਮਾਲ ਕੀਤਾ, ਜਿਸ ਨਾਲ ਇਨਸਾਨ ਤਾਂ ਇਨਸਾਨ ਕਈ ਇਲਾਕਿਆਂ ’ਚ ਬੇਜ਼ੁਬਾਨ ਪਸ਼ੂ ਪੰਛੀ ਵੀ ਜ਼ਖ਼ਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਚਾਈਨੀਜ਼ ਡੋਰ ਦੀ ਲਪੇਟ ’ਚ ਆਉਣ ਨਾਲ ਇਕ ਕਬੂਤਰ ਜ਼ਖ਼ਮੀ ਹੋ ਕੇ ਸਡ਼ਕ ’ਤੇ ਆ ਡਿੱਗਿਆ, ਜਿਸ ਨੂੰ ਜ਼ਿਲਾ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਰਾਜੀਵ ਗੁਗਲਾਨੀ ਨੇ ਬਿਨਾਂ ਕਿਸੇ ਦੇਰੀ ਦੀ ਸੰਭਾਲਦੇ ਹੋਏ ਉਸ ਦਾ ਇਲਾਜ ਕਰਵਾਇਆ। ਜਿਸ ਨਾਲ ਕਬੂਤਰ ਦੀ ਜਾਨ ਬਚ ਗਈ। ਗੁਗਲਾਨੀ ਨੇ ਜ਼ਿਲਾ ਅਤੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਕਰਦੇ ਹੋਏ ਪੁੱਛਿਆ ਕਿ ਜਦ ਚਾਈਨੀਜ਼ ਡੋਰ ’ਤੇ ਪਾਬੰਦੀ ਲੱਗੀ ਹੋਈ ਹੈ ਤਾਂ ਫਿਰ ਕਿਸ ਤਰ੍ਹਾਂ ਹਰ ਇਕ ਨੌਜਵਾਨਾਂ ਦੇ ਹੱਥ ਵਿਚ ਕਿਵੇਂ ਚਾਈਨੀਜ਼ ਡੋਰ ਪੁੱਜ ਰਹੀ ਹੈ।