ਵੱਖ-ਵੱਖ ਖੇਡ ਮੁਕਾਬਲਿਆਂ 'ਚ ਖਿਡਾਰਣਾਂ ਨੇ ਜਿੱਤਾਂ ਕੀਤੀਆਂ ਦਰਜ

11/17/2019 10:44:36 AM

ਮਾਨਸਾ (ਮਿੱਤਲ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਦੀ ਅਗਵਾਈ ਵਿਚ ਪੰਜਾਬ ਰਾਜ ਮਹਿਲਾ ਖੇਡਾਂ ਅੰਡਰ-25 ਵਿਚ ਵੱਖ-ਵੱਖ ਖੇਡ ਮੁਕਾਬਲਿਆਂ ਵਿਚ ਖਿਡਾਰਣਾਂ ਨੇ ਜਿੱਤਾਂ ਕੀਤੀਆਂ ਦਰਜ। 16 ਨਵੰਬਰ ਨੂੰ ਹੋਏ ਟੇਬਲ ਟੈਨਿਸ ਦੇ ਮੁਕਾਬਲਿਆਂ ਦੌਰਾਨ ਪਹਿਲਾ ਸੈਮੀਫਾਈਨਲ ਮੁਕਾਬਲਾ ਪਟਿਆਲਾ ਅਤੇ ਫਤਿਹਗੜ੍ਹ ਸਾਹਿਬ ਦੀਆਂ ਟੀਮਾਂ ਦਰਮਿਆਨ ਖੇਡਿਆ ਗਿਆ, ਜਿਸ ਵਿਚ ਪਟਿਆਲਾ ਨੇ ਫਤਿਹਗੜ੍ਹ ਸਾਹਿਬ ਦੀ ਟੀਮ ਨੂੰ 3-1 ਦੇ ਅੰਤਰ ਨਾਲ ਹਰਾਇਆ ਅਤੇ ਦੂਜਾ ਸੈਮੀਫਾਈਨਲ ਮੁਕਾਬਲਾ ਬਰਨਾਲਾ ਅਤੇ ਰੂਪਨਗਰ ਵਿਚ ਹੋਇਆ, ਜਿਸ ਵਿਚ ਬਰਨਾਲਾ ਦੀ ਟੀਮ ਨੇ ਰੂਪਨਗਰ ਦੀ ਟੀਮ ਨੂੰ 3-2 ਦੇ ਫਰਕ ਨਾਲ ਹਰਾਇਆ। ਟੇਬਲ ਟੈਨਿਸ ਦੇ ਫਾਇਨਲ ਮੁਕਾਬਲੇ ਵਿਚ ਪਟਿਆਲਾ ਦੀ ਟੀਮ ਬਰਨਾਲਾ ਨੂੰ 3-0 ਦੇ ਫਰਕ ਨਾਲ ਹਰਾ ਕੇ ਜੇਤੂ ਰਹੀ।

PunjabKesari

ਇਸੇ ਤਰ੍ਹਾਂ ਕਬੱਡੀ (ਸਰਕਲ ਸਟਾਇਲ) ਦੇ ਮੁਕਾਬਲਿਆਂ ਵਿਚ ਐਸ.ਬੀ.ਐਸ. ਨਗਰ ਪਹਿਲੇ, ਫਾਜ਼ਿਲਕਾ ਦੂਜੇ, ਮਾਨਸਾ ਤੇ ਫਰੀਦਕੋਟ ਤੀਜੇ ਸਥਾਨ 'ਤੇ ਰਹੀਆਂ। ਵਾਲੀਬਾਲ ਦੇ ਮੁਕਾਬਲੇ ਵਿਚ ਜਲੰਧਰ, ਸੰਗਰੂਰ ਅਤੇ ਲੁਧਿਆਣਾ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਬੈਡਮਿੰਟਨ ਦੇ ਪਹਿਲੇ ਸੈਮੀਫਾਈਨਲ ਵਿਚ ਸੰਗਰੂਰ ਨੇ ਗੁਰਦਾਸਪੁਰ ਨੂੰ 2-0 ਨਾਲ ਅਤੇ ਦੂਜੇ ਸੈਮੀਫਾਈਨਲ ਮੁਕਾਬਲੇ ਵਿਚ ਫਾਜ਼ਿਲਕਾ ਨੇ ਪਟਿਆਲਾ ਨੂੰ 2-0 ਨਾਲ ਮਾਤ ਦੇ ਕੇ ਫਾਈਨਲ ਵਿਚ ਪ੍ਰਵੇਸ਼ ਕੀਤਾ। ਸੰਗਰੂਰ ਅਤੇ ਫਾਜ਼ਿਲਕਾ ਦਰਮਿਆਨ ਹੋਏ ਫਾਇਨਲ ਮੁਕਾਬਲੇ ਵਿਚ ਸੰਗਰੂਰ ਨੇ ਫਾਜ਼ਿਲਕਾ ਨੂੰ 2-1 ਨਾਲ ਹਰਾ ਕੇ ਫਾਈਨਲ 'ਤੇ ਕਬਜ਼ਾ ਕੀਤਾ।

PunjabKesari

ਬਾਕਸਿੰਗ ਦੇ ਹੋਏ ਮੁਕਾਬਲਿਆਂ ਵਿਚ 14 ਅੰਕਾਂ ਨਾਲ ਬਠਿੰਡਾ ਪਹਿਲੇ ਸਥਾਨ 'ਤੇ, 13 ਅੰਕਾਂ ਨਾਲ ਸੰਗਰੂਰ ਦੂਜੇ ਸਥਾਨ 'ਤੇ ਅਤੇ 9 ਅੰਕਾਂ ਨਾਲ ਪਟਿਆਲਾ ਤੀਜੇ ਸਥਾਨ 'ਤੇ ਰਿਹਾ। ਰੋਲਰ ਸਕੇਟਿੰਗ ਦੇ ਮੁਕਾਬਲਿਆਂ ਵਿਚ 500 ਮੀਟਰ ਕੁਆਰਡਸ ਵਿਚ ਜਪੁਜੀ ਢੀਂਡਸਾ ਸੰਗਰੂਰ ਪਹਿਲੇ ਸਥਾਨ 'ਤੇ, ਕਾਵਿਆ ਅੰਮ੍ਰਿਤਸਰ ਦੂਜੇ ਸਥਾਨ 'ਤੇ ਅਤੇ ਪਲਕ ਮਾਨਸਾ ਤੀਜੇ ਸਥਾਨ 'ਤੇ ਕਾਬਜ਼ ਰਹੇ। ਇਸੇ ਤਰ੍ਹਾਂ 500 ਮੀਟਰ ਇਨਲਾਈਨ ਵਿਚ ਤਰਨਪ੍ਰੀਤ ਕੌਰ ਮਾਨਸਾ, ਸੁਖਨਜੋਤ ਕੌਰ ਮਾਨਸਾ ਅਤੇ ਹਰਸ਼ਲ ਸੰਗਰੂਰ ਕ੍ਰਮਵਾਰ ਪਹਿਲੇ, ਦੂਜੇ ਅਤੇ ਤੀਜੇ ਸਥਾਨ 'ਤੇ ਰਹੇ। ਸੜਕ ਦੌੜ ਇਕ ਲੈਪ ਇਨਲਾਈਨ ਵਿਚ ਅੰਮ੍ਰਿਤਸਰ ਦੀ ਮਹਿਕ ਗੁਪਤਾ ਪਹਿਲੇ, ਮਾਨਸਾ ਦੀ ਨਿਹਾਰੀਕਾ ਬਾਂਸਲ ਦੂਜੇ ਅਤੇ ਤਰਨਪ੍ਰੀਤ ਕੌਰ ਮਾਨਸਾ ਤੀਜੇ ਸਥਾਨ 'ਤੇ ਰਹੇ। ਸੜਕ ਦੌੜ 3000 ਮੀਟਰ ਇਨਲਾਈਨ ਵਿਚ ਵੀ ਅੰਮ੍ਰਿਤਸਰ ਦੀ ਮਹਿਕ ਗੁਪਤਾ ਪਹਿਲੇ, ਮਾਨਸਾ ਦੀ ਨਿਹਾਰੀਕਾ ਬਾਂਸਲ ਦੂਜੇ ਅਤੇ ਤਰਨਪ੍ਰੀਤ ਕੌਰ ਮਾਨਸਾ ਤੀਜੇ ਸਥਾਨ 'ਤੇ ਕਾਬਜ਼ ਰਹੇ।

ਤਲਵਾਰਬਾਜ਼ੀ ਦੇ ਮੁਕਾਬਲਿਆਂ ਵਿਚ ਫਤਿਹਗੜ੍ਹ ਸਾਹਿਬ ਦੀ ਟੀਮ ਪਹਿਲੇ, ਪਟਿਆਲਾ ਦੂਜੇ, ਗੁਰਦਾਸਪੁਰ ਤੇ ਸੰਗਰੂਰ ਦੀਆਂ ਟੀਮਾਂ ਤੀਜੇ ਸਥਾਨ 'ਤੇ ਰਹੀਆਂ। ਭਾਰ ਚੁੱਕਣ ਦੇ 49 ਕਿਲੋ ਭਾਰ ਵਰਗ ਦੇ ਮੁਕਾਬਲਿਆਂ ਵਿਚ ਸੰਗਰੂਰ ਦੀ ਭਾਵਨਾ ਸ਼ਰਮਾ 125 ਕਿਲੋ ਭਾਰ ਚੁੱਕ ਕੇ ਪਹਿਲੇ ਸਥਾਨ 'ਤੇ ਰਹੀ, ਬਠਿੰਡਾ ਦੀ ਜਸਕਰਨ ਪ੍ਰੀਤ ਕੌਰ 123 ਕਿਲੋ ਭਾਰ ਚੁੱਕ ਕੇ ਦੂਜੇ ਸਥਾਨ 'ਤੇ ਅਤੇ ਸੰਗਰੂਰ ਦੀ ਇੰਦਰਜੀਤ ਕੌਰ 106 ਕਿਲੋ ਭਾਰ ਚੁੱਕ ਕੇ ਤੀਜੇ ਸਥਾਨ 'ਤੇ ਰਹੀ। ਇਸੇ ਤਰ੍ਹਾਂ 55 ਕਿਲੋ ਭਾਰ ਵਰਗ ਵਿਚ ਬਠਿੰਡਾ ਦੀ ਰਮਨਦੀਪ ਕੌਰ 154 ਕਿਲੋ ਭਾਰ ਚੁੱਕ ਕੇ ਪਹਿਲੇ, ਲੁਧਿਆਣਾ ਦੀ ਪਰਵੀਨ ਕੌਰ 131 ਕਿਲੋ ਭਾਰ ਚੁੱਕ ਕੇ ਦੂਜੇ ਅਤੇ ਗੁਲਸ਼ੋਰੀ ਨੇ 129 ਕਿਲੋ ਭਾਰ ਚੁੱਕ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਹੈਂਡਬਾਲ ਦੇ ਪਹਿਲੇ ਕੁਆਰਟਰਫਾਈਨਲ ਵਿਚ ਫਿਰੋਜ਼ਪੁਰ ਨੇ ਮੁਹਾਲੀ ਨੂੰ 15-9, ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਰੂਪਨਗਰ ਨੇ ਫਰੀਦਕੋਟ ਨੂੰ 30-10, ਤੀਜੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਪਟਿਆਲਾ ਨੇ ਜਲੰਧਰ ਨੂੰ 12-7 ਅਤੇ ਚੌਥੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਮੋਗਾ ਨੇ ਤਰਨਤਾਰਨ ਨੂੰ 25-23 ਦੇ ਅੰਤਰ ਨਾਲ ਹਰਾਇਆ। ਇਸ ਤਰ੍ਹਾਂ ਫੁਟਬਾਲ ਦੇ ਮੁਕਾਬਲਿਆਂ ਦੌਰਾਨ ਪਹਿਲੇ ਕੁਆਟਰ ਫਾਈਨਲ ਮੁਕਾਬਲੇ ਵਿਚ ਸੰਗਰੂਰ ਨੇ ਸ੍ਰੀ ਮੁਕਤਸਰ ਸਾਹਿਬ ਨੂੰ 1-0, ਦੂਜੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਮਾਨਸਾ ਨੇ ਪਟਿਆਲਾ ਨੂੰ 1-0 ਅਤੇ ਤੀਜੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਅੰਮ੍ਰਿਤਸਰ ਨੇ ਲੁਧਿਆਣਾ ਨੂੰ 6-5 ਨਾਲ ਹਰਾਇਆ। ਹਾਕੀ ਦੇ ਹੋਏ ਸੈਮੀਫਾਈਨਲ ਮੁਕਾਬਲਿਆਂ ਦੌਰਾਨ ਪਟਿਆਲਾ ਨੇ ਅੰਮ੍ਰਿਤਸਰ ਨੂੰ 3-2, ਬਠਿੰਡਾ ਨੇ ਜਲੰਧਰ ਨੂੰ 2-0 ਦੇ ਫਰਕ ਨਾਲ ਹਰਾਇਆ। ਫਾਈਨਲ ਮੁਕਾਬਲੇ ਵਿਚ ਬਠਿੰਡਾ ਨੇ ਪਟਿਆਲਾ ਨੂੰ 2-0 ਨਾਲ ਸ਼ਿਕਸਤ ਦਿੱਤੀ। ਹਾਕੀ ਦੇ ਤੀਜੇ ਸਥਾਨ 'ਤੇ ਰਹਿਣ ਲਈ ਹੋਣ ਵਾਲੇ ਮੁਕਾਬਲੇ ਦੌਰਾਨ ਜਲੰਧਰ ਨੇ ਅੰਮ੍ਰਿਤਸਰ ਨੂੰ ਹਰਾ ਕੇ ਤੀਜਾ ਸਥਾਨ ਪ੍ਰਾਪਤ ਕੀਤਾ।

ਡੀ.ਸੀ ਮਾਨਸਾ ਨੇ ਲੜਕੀਆਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੇ ਮਨਪਸੰਦ ਦੀਆਂ ਖੇਡਾਂ ਖੇਡਣ ਲਈ ਪ੍ਰੇਰਿਤ ਕਰਨ ਤਾਂ ਕਿ ਪੜ੍ਹਾਈ ਦੇ ਨਾਲ-ਨਾਲ ਉਹ ਚੰਗੇ ਐਥਲੀਟ ਵੀ ਬਣ ਸਕਣ।


cherry

Content Editor

Related News