ਬਾਰਦਾਨੇ ਦੀ ਘਾਟ ਹੋਣ ਕਾਰਣ ਮੰਡੀ ਹੋਜਖਾਸ ’ਚ ਲਟਕੀ ਕਣਕ ਦੀ ਖਰੀਦ
Sunday, Apr 18, 2021 - 05:30 PM (IST)

ਮੰਡੀ ਲਾਧੂਕਾ (ਸੰਧੂ): ਇਕ ਪਾਸੇ ਜਿੱਥੇ ਪੰਜਾਬ ਸਰਕਾਰ ਵਲੋਂ ਕਣਕ ਦੀ ਖਰੀਦ ਨੂੰ ਲੈ ਕੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਹੀ ਮੰਡੀਆਂ ’ਚ ਬਾਰਦਾਨੇ ਦੀ ਘਾਟ ਹੋਣ ਕਾਰਨ ਇਸ ਦਾ ਸਿੱਧਾ ਅਸਰ ਖ਼ਰੀਦ ਪ੍ਰਬੰਧਾ ਤੇ ਪੈ ਰਿਹਾ ਹੈ। ਜਿਸ ਦੀ ਤਾਜਾ ਮਿਸਾਲ ਮੰਡੀ ਹੋਜਖਾਸ ਤੋਂ ਲਗਾਈ ਜਾ ਸਕਦੀ ਹੈ। ਜਿੱਥੇ ਪਿਛਲੇ 5 ਦਿਨਾਂ ਤੋਂ ਖਰੀਦ ਏਜੰਸੀ ਵਲੋਂ ਕਣਕ ਨਹੀਂ ਖਰੀਦ ਕੀਤੀ ਗਈ ਹੈ ਅਤੇ ਜਿਸ ਕਾਰਣ ਮੰਡੀ ’ਚ ਢੇਰ ਲੱਗੇ ਪਏ ਹਨ। ਜਾਣਕਾਰੀ ਦਿੰਦਿਆਂ ਕਿਸਾਨ ਜਤਿੰਦਰ ਕੁਮਾਰ, ਪਰਵਿੰਦਰ ਕੰਬੋਜ, ਓਮ ਪ੍ਰਕਾਸ਼, ਹਰਕ੍ਰਿਸ਼ਨ ਲਾਲ, ਸੁਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਪਿਛਲੇ 4-5 ਦਿਨਾਂ ’ਚ ਆਪਣੀ ਫਸਲ ਕੱਟ ਕੇ ਮੰਡੀ ’ਚ ਲਿਆ ਚੁੱਕੇ ਹਨ। ਪਰ ਅਜੇ ਖਰੀਦ ਏਜੰਸੀਆਂ ਵਲੋਂ ਉਨ੍ਹਾ ਦੀ ਕਣਕ ਨਹੀਂ ਖਰੀਦ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਕਾਗਜ਼ਾਂ ’ਚ ਖਰੀਦ ਦੇ ਵੱਡੇ-ਵੱਡੇ ਦਾਅਵੇ ਕਰ ਰਹੀ ਹੈ ਪਰ ਵਰਤਮਾਨ ਸਮੇਂ ਅੰਦਰ ਮੰਡੀ ’ਚ ਕਿਸਾਨਾਂ ਦੀ ਕੋਈ ਵਾਤ ਨਹੀਂ ਪੁੱਛ ਰਿਹਾ। ਉਨ੍ਹਾਂ ਦੀ ਮੰਗ ਹੈ ਕਿ ਮੰਡੀਆਂ ’ਚ ਬਾਰਦਾਨੇ ਦਾ ਪ੍ਰਬੰਧ ਕਰਕੇ ਖ਼ਰੀਦ ਸ਼ੁਰੂ ਕੀਤੀ ਜਾਵੇ।
ਉਧਰ ਇਸ ਸਬੰਧੀ ਪਨਸਪ ਖਰੀਦ ਏਜੰਸੀ ਦੇ ਇੰਸਪੈਕਟਰ ਜਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਪਿਛੋਂ ਬਾਰਦਾਨੇ ਦੀ ਘਾਟ ਹੋਣ ਕਾਰਣ ਖਰੀਦ ਪ੍ਰਬੰਧਾਂ ’ਚ ਦਿੱਕਤ ਆ ਰਹੀ ਹੈ ਪਰ ਵਿਭਾਗ ਤੇ ਸਰਕਾਰ ਨੂੰ ਇਸ ਸਬੰਧੀ ਸੂਚਿਤ ਕੀਤਾ ਜਾ ਚੁੱਕਿਆ ਹੈ ਅਤੇ ਜਲਦ ਹੀ ਬਰਦਾਨੇ ਦੀ ਆਮਦ ਹੋਣ ਤੇ ਖਰੀਦ ਚਾਲੂ ਕਰ ਦਿੱਤੀ ਜਾਵੇਗੀ।