ਸੜਕ ਹਾਦਸੇ ਦੌਰਾਨ ਟਰੱਕ ਕਲੀਨਰ ਦੀ ਮੌਤ

05/26/2020 1:42:37 AM

ਖੰਨਾ, (ਸੁਖਵਿੰਦਰ ਕੌਰ)— ਸੋਮਵਾਰ ਅਮਲੋਹ ਰੋਡ 'ਤੇ ਮੇਨ ਸਬਜ਼ੀ ਮੰਡੀ ਦੇ ਨਜ਼ਦੀਕ ਭਿਆਨਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਟਰੱਕ ਕਲੀਨਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਅਣਗਹਿਲੀ ਕਾਰਣ ਹੀ ਇਹ ਸੜਕ ਹਾਦਸਾ ਵਾਪਰਿਆ। ਪੁਲਸ ਵਲੋਂ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਤੇ ਟਰੱਕ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਮ੍ਰਿਤਕ ਉਕਤ ਟਰੱਕ ਦਾ ਹੀ ਕਲੀਨਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਨਿਯਮਾਂ ਦੀ ਉਲੰਘਣਾ ਕਰਕੇ ਖੰਨਾ ਸਬਜ਼ੀ ਦੇ ਬਾਹਰ ਸਵੇਰੇ ਵੇਲੇ ਸਬਜ਼ੀਆਂ ਤੇ ਫਲਾਂ ਦੀਆਂ ਰੇਹੜੀਆਂ ਲੱਗੀਆਂ ਰਹਿੰਦੀਆਂ ਹਨ ਤੇ ਇਸ ਦੌਰਾਨ ਜਿਥੇ ਸੋਸ਼ਲ ਡਿਸਟੈਂਸਿੰਗ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾਂਦੀਆਂ ਹਨ, ਉਥੇ ਹਰ ਪਾਸੇ ਰੇਹੜੀਆਂ ਦੇ ਖੜ੍ਹੇ ਰਹਿਣ ਅਤੇ ਲੋਕਾਂ ਦੀ ਭੀੜ ਕਾਰਣ ਮੰਡੀ 'ਚ ਆਉਣ-ਜਾਣ ਵਾਲੇ ਵੱਡੇ-ਛੋਟੇ ਵਾਹਨਾਂ ਦਾ ਲੰਘਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।|
ਚਸ਼ਮਦੀਦਾਂ ਨੇ ਦੱਸਿਆ ਕਿ ਸੋਮਵਾਰ ਕਰੀਬ ਸਵੇਰੇ ਸਾਢੇ 9 ਵਜੇ ਇਕ ਟਰੱਕ ਚਾਲਕ ਜਦੋਂ ਟਰੱਕ ਨੂੰ ਮੋੜ ਰਿਹਾ ਸੀ। ਇਸ ਦੌਰਾਨ ਕਲੀਨਰ ਟਰੱਕ ਨੂੰ ਅੱਗੇ ਪਿੱਛੇ ਕਰਵਾ ਰਿਹਾ ਸੀ ਕਿ ਅਚਾਨਕ ਉਹ ਕਲੀਨਰ ਉਕਤ ਟਰੱਕ ਦੇ ਅਗਲੇ ਟਾਇਰ ਹੇਠਾਂ ਆ ਕੇ ਕੁਚਲਿਆ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਦੌਰਾਨ ਟਰੱਕ ਚਾਲਕ ਮੌਕੇ 'ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਖੰਨਾ-2 ਦੀ ਪੁਲਸ ਪਾਰਟੀ ਨੇ ਮੌਕੇ 'ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰੱਖਵਾ ਕੇ ਟਰੱਕ ਨੂੰ ਕਾਬੂ ਕਰ ਲਿਆ ਹੈ। ਪੁਲਸ ਵਲੋਂ ਮਾਮਲੇ ਜਾਂਚ ਕਰਕੇ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ |      
 


KamalJeet Singh

Content Editor

Related News