ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਈ ਮਾਮੂਲੀ ਤਕਰਾਰ, ਬੇਇੱਜ਼ਤੀ ਨਾ ਸਹਾਰਦਿਆਂ ਵਿਅਕਤੀ ਨੇ ਗਲ਼ ਲਾਈ ਮੌਤ

11/25/2022 11:13:17 AM

ਧੂਰੀ (ਜੈਨ) : ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਹੋਈ ਮਾਮੂਲੀ ਤਕਰਾਰ ਤੋਂ ਬਾਅਦ ਇਕ ਵਿਅਕਤੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਥਾਣਾ ਸਿਟੀ ਧੂਰੀ ਦੀ ਪੁਲਸ ਨੇ ਇਸ ਮਾਮਲੇ 'ਚ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਜਿੰਦਰ ਸਿੰਘ ਉਰਫ ਸੌਰਵ (31) ਵਾਸੀ ਗੁਰਦੇਵ ਨਗਰ ਵਜੋਂ ਹੋਈ ਹੈ। ਇਸ ਸਬੰਧੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਦੇ ਪਿਤਾ ਜਗਬੀਰ ਸਿੰਘ ਨੇ ਦੱਸਿਆ ਕਿ  ਉਸਦੇ ਪੁੱਤਰ ਰਾਜਿੰਦਰ ਸਿੰਘ ਨੇ ਅਜੈਬ ਸਿੰਘ ਦੇ ਤਿੰਨ ਹਜ਼ਾਰ ਰੁਪਏ ਦੇਣੇ ਸੀ। ਲੰਘੀ ਰਾਤ ਅਜੈਬ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਗੱਗੀ ਵਾਸੀ ਧੂਰੀ ਸਾਡੇ ਘਰ ਪੈਸੇ ਲੈਣ ਲਈ ਆਏ ਸੀ ਅਤੇ ਮੇਰੇ ਪੁੱਤਰ ਨੇ ਉਨ੍ਹਾਂ ਨੂੰ ਅੱਧੇ ਪੈਸੇ ਦੇ ਦਿੱਤੇ ਪਰ ਉਹ ਸਾਰੇ ਪੈਸੇ ਦੇਣ ਦੀ ਜਿੱਦ ਕਰਨ ਲੱਗੇ।

ਇਹ ਵੀ ਪੜ੍ਹੋ- ਸ਼ਰਾਬ ਦੇ ਨਸ਼ੇ ਗੁਆ ਬੈਠਾ ਆਪਾ, ਪਹਿਲਾਂ ਵੱਡੇ ਭਰਾ ਨੂੰ ਬੰਨ੍ਹਿਆ ਫਿਰ ਪੈਟਰੋਲ ਪਾ ਲਾ ਦਿੱਤੀ ਅੱਗ

ਉਸਦੇ ਮੁਤਾਬਕ ਜਦ ਉਸਦੇ ਪੁੱਤਰ ਨੇ ਉਨ੍ਹਾਂ ਨੂੰ ਹੋਰ ਪੈਸੇ ਨਾ ਹੋਣ ਦੀ ਗੱਲ ਕਹੀ, ਤਾਂ ਉਹ ਉਸ ਨੂੰ ਬੁਰਾ-ਭਲਾ ਕਹਿੰਦੇ ਹੋਏ ਗਾਲੀ-ਗਲੋਚ ਕਰਨ ਲੱਗ ਪਏ। ਰਾਜਿੰਦਰ ਸਿੰਘ ਨੇ ਇਸ ਬੇਇਜੱਤੀ ਨੂੰ ਨਾ ਸਹਾਰਦੇ ਹੋਏ ਗਲੇ ’ਚ ਫਾਹ ਲਾ ਕੇ ਖ਼ੁਦਕੁਸ਼ੀ ਕਰ ਲਈ। ਥਾਣਾ ਸਿਟੀ ਧੂਰੀ ਦੇ ਤਫਦੀਸ਼ੀ ਅਫ਼ਸਰ ਏ. ਐੱਸ. ਆਈ. ਜਗਤਾਰ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਜੈਬ ਸਿੰਘ ਉਰਫ ਹੈਪੀ ਅਤੇ ਲਵਪ੍ਰੀਤ ਸਿੰਘ ਉਰਫ ਗੱਗੀ ਵਾਸੀਆਨ ਧੂਰੀ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆਂ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।


Simran Bhutto

Content Editor

Related News