ਬਾਦਲ ਦਲ ਨੇ ਦਿੱਲੀ ਚੋਣਾਂ ''ਚ ਭਾਜਪਾ ਹੱਥੋਂ ਹੋਈ ਜੱਗੋਤੇਰ੍ਹਵੀਂ ਕਾਰਨ CAA ਦਾ ਝੂਠ ਬੋਲਿਆ : ਢੀਂਡਸਾ

01/26/2020 9:57:43 AM

ਮਾਲੇਰਕੋਟਲਾ (ਜ.ਬ.) : ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਨੇ ਸ਼ਨੀਵਾਰ ਨੂੰ ਗੁਰਦੁਆਰਾ ਹਾਅ ਦਾ ਨਾਅਰਾ ਮਾਲੇਰਕੋਟਲਾ ਵਿਖੇ ਹਲਕਾ ਅਮਰਗੜ੍ਹ ਦੇ ਅਕਾਲੀ ਵਰਕਰਾਂ ਦੀ ਵਿਸ਼ਾਲ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ 'ਚ ਭਾਰਤੀ ਜਨਤਾ ਪਾਰਟੀ ਵੱਲੋਂ ਇਕ ਵੀ ਸੀਟ ਦੇਣ ਤੋਂ ਇਨਕਾਰ ਕਰ ਕੇ ਜਦੋਂ ਅਕਾਲੀਆਂ ਦੇ ਲੱਤ ਮਾਰੀ ਤਾਂ ਉਨ੍ਹਾਂ ਨੂੰ ਸੀ. ਏ. ਏ. ਦੇ ਵਿਰੋਧ ਦਾ ਝੂਠ ਬੋਲਣਾ ਪਿਆ। ਉਨ੍ਹਾਂ ਕਿਹਾ ਕਿ ਸੰਸਦ ਵਿਚੋਂ ਸੀ. ਏ. ਏ. ਖਿਲਾਫ ਵਾਕ-ਆਊਟ ਕਰਨ ਵਾਲੇ ਸਤੀਸ਼ ਕੁਮਾਰ ਦੇ ਜਨਤਾ ਦਲ (ਯੂ) ਨੂੰ ਤਾਂ ਭਾਜਪਾ ਨੇ ਦਿੱਲੀ 'ਚ ਦੋ ਸੀਟਾਂ ਦੇ ਦਿੱਤੀਆਂ ਪਰ ਸੰਸਦ ਅੰਦਰ ਸੀ. ਏ. ਏ. ਦੇ ਹੱਕ 'ਚ ਭੁਗਤਣ ਵਾਲੇ ਅਕਾਲੀਆਂ ਨੂੰ ਇਕ ਵੀ ਸੀਟ ਦੇਣ ਤੋਂ ਸਿਰ ਫੇਰ ਦਿੱਤਾ ਗਿਆ।

ਉਨ੍ਹਾਂ ਖੁਲਾਸਾ ਕੀਤਾ ਕਿ ਭਾਜਪਾ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਸੀ ਕਿ ਸਿੱਖਾਂ ਦੀ ਨਫਰਤ ਦਾ ਪਾਤਰ ਬਣ ਚੁੱਕੇ ਅਕਾਲੀਆਂ ਨੂੰ ਨਾਲ ਰੱਖਣ ਨਾਲ ਦਿੱਲੀ ਚੋਣਾਂ 'ਚ ਵੋਟਾਂ ਦਾ ਨੁਕਸਾਨ ਹੋ ਜਾਵੇਗਾ। ਉਨ੍ਹਾਂ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਝੂੰਦਾ ਵੱਲੋਂ ਸੁਖਦੇਵ ਸਿੰਘ ਢੀਂਡਸਾ ਖਿਲਾਫ ਕੀਤੀ ਜਾ ਰਹੀ ਘਟੀਆ ਬਿਆਨਬਾਜ਼ੀ ਨੂੰ ਮੰਦਭਾਗੀ ਦੱਸਦਿਆਂ ਕਿਹਾ ਕਿ ਢੀਂਡਸਾ ਨੇ ਝੂੰਦਾ ਨੂੰ ਆਪਣੇ ਪੁੱਤਾਂ ਵਾਂਗ ਰੱਖਿਆ ਪਰ ਉਹ ਜ਼ਿਲੇ ਦੀ ਲੀਡਰੀ ਦੇ ਲਾਲਚ 'ਚ ਰਿਸ਼ਤਿਆਂ ਦੀ ਮਰਿਆਦਾ ਭੁੱਲ ਗਏ ਹਨ। ਅੱਜ ਪੰਥ ਅਤੇ ਪੰਜਾਬ ਦੀ ਪਹਿਰੇਦਾਰੀ ਲਈ ਬਣੇ ਗੌਰਵਮਈ ਸ਼੍ਰੋਮਣੀ ਅਕਾਲੀ ਦਲ ਉੱਪਰ ਪੰਜਾਬ ਦੁਸ਼ਮਣ ਕਾਂਗਰਸ ਅਤੇ ਅਜਿਹੀਆਂ ਹੀ ਹੋਰ ਪਾਰਟੀਆਂ ਵੱਲੋਂ ਵੱਡੇ ਸਵਾਲ ਖੜ੍ਹੇ ਕਰਨਾ ਪੰਥਪ੍ਰਸਤ ਲੋਕਾਂ ਲਈ ਸੋਚਣ ਦਾ ਵਿਸ਼ਾ ਹੈ।

ਇਸ ਤੋਂ ਪਹਿਲਾਂ ਸਾਬਕਾ ਸੂਚਨਾ ਕਮਿਸ਼ਨਰ ਅਜੀਤ ਸਿੰਘ ਚੰਦੂਰਾਈਆਂ, ਸਾਬਕਾ ਚੇਅਰਮੈਨ ਹਾਜੀ ਮੁਹੰਮਦ ਤੁਫੈਲ ਮਲਿਕ, ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ ਅਤੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜ਼ਿਲਾ ਪ੍ਰਧਾਨ ਜਥੇਦਾਰ ਗੁਰਜੀਵਨ ਸਿੰਘ ਸਰੌਦ ਵੱਲੋਂ ਢੀਂਡਸਾ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਸਾਬਕਾ ਚੇਅਰਮੈਨ ਐਡਵੋਕੇਟ ਹਰਦੀਪ ਸਿੰਘ ਖਟੜਾ, ਜਥੇਦਾਰ ਦਰਬਾਰਾ ਸਿੰਘ ਚਹਿਲ, ਸਾਬਕਾ ਵਾਈਸ ਚੇਅਰਮੈਨ ਹਰਬੰਸ ਸਿੰਘ ਚੌਂਦਾ, ਜਗਵੰਤ ਸਿੰਘ ਜੱਗੀ ਅਹਿਮਦਗੜ੍ਹ ਜ਼ਿਲਾ ਜਨਰਲ ਸਕੱਤਰ, ਗੁਰਮੀਤ ਸਿੰਘ ਮਾਹਮਦਪੁਰ ਆਦਿ ਸਮੇਤ ਵੱਡੀ ਗਿਣਤੀ 'ਚ ਅਕਾਲੀ ਵਰਕਰ ਹਾਜ਼ਰ ਸਨ।


cherry

Content Editor

Related News