ਨਾਭਾ ਜੇਲ ''ਚ 730 ਤੋਂ ਵੱਧ ਕੈਦੀ ਤੇ ਹਵਾਲਾਤੀ ਬੰਦ

08/25/2019 10:19:10 AM

ਨਾਭਾ (ਜੈਨ)—ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੀ ਹੱਤਿਆ ਤੋਂ ਬਾਅਦ ਚਰਚਾ ਦਾ ਕੇਂਦਰ ਬਣੀ ਸਥਾਨਕ ਨਵੀਂ ਜ਼ਿਲਾ ਜੇਲ ਵਿਚ ਇਸ ਸਮੇਂ 31 ਵਿਦੇਸ਼ੀ ਹਵਾਲਾਤੀਆਂ/ਕੈਦੀਆਂ ਸਮੇਤ 730 ਤੋਂ ਵੱਧ ਹਵਾਲਾਤੀ/ਕੈਦੀ ਨਜ਼ਰਬੰਦ ਹਨ। ਇਸ ਜੇਲ ਵਿਚ ਹਵਾਲਾਤੀਆਂ/ਕੈਦੀਆਂ ਲਈ ਸਮਰੱਥਾ 850 ਹੈ। ਜੇਲ ਵਿਚ ਪੰਜ ਬੱਚੇ ਵੀ ਆਪਣੀਆਂ ਮਾਵਾਂ ਨਾਲ ਸਲਾਖਾਂ ਪਿੱਛੇ ਜੀਵਨ ਬਤੀਤ ਕਰ ਰਹੇ ਹਨ ਜੋ 6 ਸਾਲ ਤੋਂ ਘੱਟ ਉਮਰ ਦੇ ਹਨ।

ਜ਼ਿਲਾ ਅਤੇ ਸੈਸ਼ਨ ਜੱਜ ਪਟਿਆਲਾ ਰਜਿੰਦਰ ਅਗਰਵਾਲ ਨੇ ਜ਼ਿਲਾ ਲੀਗਲ ਸਰਵਿਸਿਜ਼ ਅਥਾਰਟੀ ਦੀ ਸੈਕਟਰੀ ਪਰਮਿੰਦਰ ਕੌਰ ਨਾਲ ਇਸ ਜੇਲ ਦਾ ਅਚਾਨਕ ਦੌਰਾ ਕਰ ਕੇ ਆਪਣੀ ਜੋ ਰਿਪੋਰਟ ਹੋਮ ਸੈਕਟਰੀ ਪੰਜਾਬ, ਆਈ. ਜੀ. (ਜੇਲ), ਡਿਪਟੀ ਕਮਿਸ਼ਨਰ ਪਟਿਆਲਾ ਅਤੇ ਰਜਿਸਟਰਾਰ ਜਨਰਲ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੂੰ ਭੇਜੀ ਉਸ ਵਿਚ ਖੁਲਾਸਾ ਕੀਤਾ ਗਿਆ ਹੈ ਕਿ ਜੇਲ ਦੇ ਮੁੱਖ ਗੇਟ 'ਤੇ ਲਾਈ ਗਈ ਐਕਸਰੇ ਮਸ਼ੀਨ ਵਿਚੋਂ ਸਕੈਨ ਹੋ ਕੇ ਹੀ ਹਰੇਕ ਵਿਅਕਤੀ ਅਤੇ ਚੀਜ਼ ਜੇਲ ਵਿਚ ਦਾਖਲ ਹੁੰਦੀ ਹੈ। ਰਿਪੋਰਟ ਅਨੁਸਾਰ ਜ਼ਿਲਾ ਲੁਧਿਆਣਾ, ਮੋਹਾਲੀ, ਰੋਪੜ, ਫਤਿਹਗੜ੍ਹ ਸਾਹਿਬ ਜ਼ਿਲਿਆਂ ਦੇ ਅਨੇਕਾਂ ਹਵਾਲਾਤੀਆਂ ਦੇ ਕੇਸ ਅਦਾਲਤਾਂ ਵਿਚ ਲੰਬੇ ਸਮੇਂ ਤੋਂ ਪੈਂਡਿੰਗ ਹਨ।

ਹਵਾਲਾਤੀ ਇਸਰਾਰ ਮੁਹੰਮਦ ਪੁੱਤਰ ਇੰਦਰੀਸ ਨੇ ਜੱਜ ਸਾਹਿਬ ਨੂੰ ਦੁਖੜਾ ਸੁਣਾਇਆ ਕਿ ਉਸ ਨੂੰ ਸੁਨਾਮ ਅਦਾਲਤ ਵਿਚ ਲੰਬੇ ਅਰਸੇ ਤੋਂ ਪੇਸ਼ ਨਹੀਂ ਕੀਤਾ ਗਿਆ। ਮਹਿੰਦਰ ਕੁਮਾਰ ਨਾਂ ਦੇ ਹਵਾਲਾਤੀ ਨੇ ਅਪੀਲ ਕੀਤੀ ਕਿ ਮੈਨੂੰ ਹੁਸ਼ਿਆਰਪੁਰ ਜੇਲ ਤਬਦੀਲ ਕੀਤਾ ਜਾਵੇ। ਸਾਰੀਆਂ 16 ਬੈਰਕਾਂ ਦਾ ਦੌਰਾ ਕਰਨ ਤੋਂ ਬਾਅਦ ਸੀਵਰੇਜ ਸਿਸਟਮ ਦਾ ਜਾਇਜ਼ਾ ਲਿਆ। ਹਵਾਲਾਤੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਕਤਲ ਕੇਸ ਵਿਚ ਨਜ਼ਰਬੰਦ ਹੈ ਅਤੇ 2012 ਤੋਂ ਲੈ ਕੇ ਹੁਣ ਤਕ ਕੇਸ ਦਾ ਨਿਪਟਾਰਾ ਨਹੀਂ ਹੋਇਆ। ਮਾਣਯੋਗ ਜ਼ਿਲਾ ਅਤੇ ਸੈਸ਼ਨ ਜੱਜ ਸਾਹਿਬ ਨੇ ਸਾਰੇ ਕੇਸਾਂ ਦੇ ਜਲਦੀ ਨਿਪਟਾਰੇ ਲਈ ਜ਼ੋਰ ਦਿੱਤਾ ਅਤੇ ਛੋਟੇ-ਛੋਟੇ ਬੱਚਿਆਂ ਦੀ ਖੁਰਾਕ ਬਾਰੇ ਵਿਸ਼ੇਸ਼ ਨਿਰਦੇਸ਼ ਦਿੱਤੇ ਹਨ।


Shyna

Content Editor

Related News