ਕਲਯੁਗੀ ਮਾਮੇ ਦੀ ਕਰਤੂਤ: 40 ਦਿਨਾਂ ਦੀ ਭਾਣਜੀ ਨੂੰ ਕਮਰੇ ''ਚ ਕੀਤਾ ਬੰਦ, ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ

Monday, Apr 27, 2026 - 05:11 PM (IST)

ਕਲਯੁਗੀ ਮਾਮੇ ਦੀ ਕਰਤੂਤ: 40 ਦਿਨਾਂ ਦੀ ਭਾਣਜੀ ਨੂੰ ਕਮਰੇ ''ਚ ਕੀਤਾ ਬੰਦ, ਜਾਨੋਂ ਮਾਰਨ ਦੀਆਂ ਦਿੱਤੀਆਂ ਧਮਕੀਆਂ

ਲੁਧਿਆਣਾ (ਰਾਜ): ਥਾਣਾ ਬਸਤੀ ਜੋਧੇਵਾਲ ਦੇ ਅਧੀਨ ਆਉਂਦੇ ਇਲਾਕੇ ਵਿਚ ਇਕ ਕਲਯੁਗੀ ਮਾਮੇ ਵੱਲੋਂ ਆਪਣੀ ਹੀ 40 ਦਿਨਾਂ ਦੀ ਮਾਸੂਮ ਭਾਣਜੀ ਨੂੰ ਬੰਧਕ ਬਣਾ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਮੁਲਜ਼ਮ ਨੂੰ ਕਾਬੂ ਕਰਕੇ ਬੱਚੀ ਨੂੰ ਸੁਰੱਖਿਅਤ ਬਚਾ ਲਿਆ ਹੈ। ਮਿਲੀ ਜਾਣਕਾਰੀ ਅਨੁਸਾਰ, ਐੱਸ.ਆਈ. ਜਸਪਾਲ ਸਿੰਘ ਸਮੇਤ ਪੁਲਸ ਪਾਰਟੀ ਗਸ਼ਤ ਦੌਰਾਨ ਇਲਾਕੇ ਵਿਚ ਮੌਜੂਦ ਸੀ, ਉਦੋਂ ਹੀ ਉਨ੍ਹਾਂ ਨੂੰ ਇਕ ਸੂਚਨਾ ਪ੍ਰਾਪਤ ਹੋਈ। ਮੌਕੇ 'ਤੇ ਪਹੁੰਚਣ 'ਤੇ ਹਰਨੈਲ ਕੌਰ ਨਾਂ ਦੀ ਮਹਿਲਾ ਨੇ ਦੱਸਿਆ ਕਿ ਉਸ ਦੀ ਆਪਣੀ ਮਾਤਾ ਪਰਮਦੀਪ ਕੌਰ ਨਾਲ ਮੋਬਾਈਲ 'ਤੇ ਗੱਲ ਹੋਈ। ਪਰਮਦੀਪ ਕੌਰ ਨੇ ਪੁਲਸ ਨੂੰ ਸੂਚਿਤ ਕੀਤਾ ਕਿ ਉਸ ਦਾ ਬੇਟਾ ਗੁਰਅਨਮੋਲ ਸਿੰਘ, ਜੋ ਅਕਸਰ ਪੈਸਿਆਂ ਦੀ ਮੰਗ ਨੂੰ ਲੈ ਕੇ ਆਪਣੀ ਮਾਂ ਨਾਲ ਝਗੜਾ ਕਰਦਾ ਸੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦਾ ਸੀ, ਅੱਜ ਫਿਰ ਘਰ ਵਿਚ ਵੜ ਆਇਆ।

ਪਰਮਦੀਪ ਕੌਰ ਦੀ ਗੈਰ-ਮੌਜੂਦਗੀ ਵਿਚ ਮੁਲਜ਼ਮ ਗੁਰਅਨਮੋਲ ਸਿੰਘ ਨੇ ਆਪਣੀ ਭੈਣ ਹਰਨੈਲ ਕੌਰ ਦੀ ਮਹਿਜ਼ 40 ਦਿਨਾਂ ਦੀ ਬੇਟੀ ਇਲਾਹੀਨੂਰ ਨਿੱਝਰ ਨੂੰ ਜ਼ਬਰਦਸਤੀ ਖੋਹ ਲਿਆ। ਪਹਿਲਾਂ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਉਹ ਸਫਲ ਨਹੀਂ ਹੋ ਸਕਿਆ ਤਾਂ ਉਸ ਨੇ ਖ਼ੁਦ ਨੂੰ ਅਤੇ ਮਾਸੂਮ ਬੱਚੀ ਨੂੰ ਘਰ ਦੀ ਉੱਪਰਲੀ ਮੰਜ਼ਿਲ ਦੇ ਇਕ ਕਮਰੇ ਵਿਚ ਬੰਦ ਕਰ ਲਿਆ। ਮੁਲਜ਼ਮ ਲਗਾਤਾਰ ਖ਼ੁਦ ਨੂੰ ਅਤੇ ਬੱਚੀ ਨੂੰ ਖ਼ਤਮ ਕਰਨ ਦੀਆਂ ਧਮਕੀਆਂ ਦੇ ਰਿਹਾ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਬਸਤੀ ਜੋਧੇਵਾਲ ਦੀ ਪੁਲਸ ਟੀਮ ਨੇ ਤੁਰੰਤ ਮੋਰਚਾ ਸੰਭਾਲਿਆ। ਕਰੀਬ 4 ਘੰਟਿਆਂ ਦੀ ਸਖ਼ਤ ਮਿਹਨਤ ਅਤੇ ਗੱਲਬਾਤ ਤੋਂ ਬਾਅਦ ਪੁਲਸ ਨੇ ਮੁਲਜ਼ਮ ਤੋਂ ਕਮਰਾ ਖੁਲ੍ਹਵਾਇਆ ਅਤੇ ਮਾਸੂਮ ਬੱਚੀ ਨੂੰ ਸੁਰੱਖਿਅਤ ਬਾਹਰ ਕੱਢਿਆ। ਪੁਲਸ ਅਨੁਸਾਰ, ਬੱਚੀ ਬਹੁਤ ਛੋਟੀ ਸੀ ਅਤੇ ਕੋਈ ਵੀ ਅਣਹੋਣੀ ਘਟਨਾ ਵਾਪਰ ਸਕਦੀ ਸੀ। ਪੁਲਸ ਨੇ ਮੁਲਜ਼ਮ ਗੁਰਅਨਮੋਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਥਾਣਾ ਬਸਤੀ ਜੋਧੇਵਾਲ ਵਿਚ ਉਸ ਦੀ ਮਾਂ ਦੀ ਸ਼ਿਕਾਇਤ 'ਤੇ ਕਾਰਵਾਈ ਹੋ ਚੁੱਕੀ ਹੈ। ਫਿਲਹਾਲ ਪੁਲਸ ਮਾਮਲੇ ਦੀ ਅਗਲੀ ਜਾਂਚ ਕਰ ਰਹੀ ਹੈ।


author

Anmol Tagra

Content Editor

Related News