ਖ਼ੂਨ ਹੋਇਆ ਪਾਣੀ! ਨਸ਼ੇ ਦੀ ਪੂਰਤੀ ਲਈ ਕੀਤਾ ਧੀ ਦਾ ਸੌਦਾ, ਲੂੰ-ਕੰਡੇ ਖੜ੍ਹੇ ਕਰ ਦੇਵੇਗੀ ਪੂਰੀ ਕਹਾਣੀ

Thursday, Jun 18, 2026 - 03:14 PM (IST)

ਖ਼ੂਨ ਹੋਇਆ ਪਾਣੀ! ਨਸ਼ੇ ਦੀ ਪੂਰਤੀ ਲਈ ਕੀਤਾ ਧੀ ਦਾ ਸੌਦਾ, ਲੂੰ-ਕੰਡੇ ਖੜ੍ਹੇ ਕਰ ਦੇਵੇਗੀ ਪੂਰੀ ਕਹਾਣੀ

ਲੁਧਿਆਣਾ (ਰਾਜ): ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਇਕ ਅਜਿਹਾ ਲੂੰ-ਕੰਡੇ ਖੜ੍ਹੇ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਕਿਸੇ ਦੀ ਵੀ ਰੂਹ ਕੰਬ ਜਾਵੇ। ਇਕ ਬਦਨਸੀਬ ਬੱਚੀ ਨੂੰ ਉਸ ਦੇ ਹੀ ਪਿਤਾ ਨੇ ਮਹਿਜ਼ 2 ਸਾਲ ਦੀ ਉਮਰ ਵਿਚ ਆਪਣੇ ਨਸ਼ੇ ਦੀ ਪੂਰਤੀ ਲਈ ਸਿਰਸਾ ਵਿਚ ਵੇਚ ਦਿੱਤਾ। ਜਦੋਂ ਉਹ ਬੱਚੀ 16 ਸਾਲ ਦੀ ਹੋਈ ਤਾਂ ਉਸ ਦੇ ਮਤਰੇਏ ਮਾਪਿਆਂ ਨੇ ਵੀ ਉਸ ਦਾ ਸੌਦਾ ਪੰਜਾਬ ਦੇ ਇਕ ਪਰਿਵਾਰ ਨਾਲ ਕਰ ਦਿੱਤਾ। ਇਸ ਮਗਰੋਂ ਲੁਧਿਆਣਾ ਬੁਲਾ ਕੇ ਇਕ ਨਸ਼ੇੜੀ ਨੌਜਵਾਨ ਨਾਲ ਉਸ ਦੇ ਵਿਆਹ ਦਾ ਢੋਂਗ ਰਚਿਆ ਗਿਆ ਤੇ ਸਹੁਰਿਆਂ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਤੇ ਨਸ਼ੇੜੀ ਪਤੀ ਦੀ ਦਰਿੰਦਗੀ ਕਾਰਨ ਮਹਿਜ਼ 17 ਸਾਲ ਦੀ ਉਮਰ ਵਿਚ ਇਕ ਬੱਚੇ ਦੀ ਮਾਂ ਬਣਨ ਨੂੰ ਮਜਬੂਰ ਹੋ ਗਈ। 

ਪੀੜਤਾ ਨੇ ਰੋਂਦੇ ਹੋਏ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਸ ਦੇ ਪਿਤਾ ਨੂੰ ਨਸ਼ੇ ਦੇ ਆਦੀ ਸੀ। ਜਦੋਂ ਉਹ ਮਹਿਜ਼ 2 ਸਾਲ ਦੀ ਸੀ ਤਾਂ ਉਸ ਦੇ ਪਿਤਾ ਨੇ ਨਸ਼ੇ ਲਈ ਪੈਸੇ ਇਕੱਠੇ ਕਰਨ ਲਈ ਆਪਣੀ ਫੁੱਲਾਂ ਵਰਗੀ ਧੀ ਦਾ ਸੌਦਾ ਸਿਰਸਾ ਦੇ ਰਹਿਣ ਵਾਲੇ ਜੋੜੇ ਨਾਲ ਕਰ ਦਿੱਤਾ। ਇਸ ਗੱਲੋਂ ਦੁਖੀ ਹੋ ਕੇ ਬੱਚੀ ਦੀ ਮਾਂ ਨੇ ਵੀ ਘਰ ਛੱਡ ਦਿੱਤਾ ਤੇ ਦੂਜਾ ਵਿਆਹ ਕਰਵਾ ਲਿਆ। 

12 ਨਵੰਬਰ 2024 ਨੂੰ ਪੀੜਤਾ ਦੇ ਮਤਰੇਏ ਮਾਪਿਆਂ ਨੇ 16 ਸਾਲਾਂ ਦੀ ਉਮਰ ਵਿਚ ਉਸ ਦਾ ਮੁੜ ਤੋਂ ਸੌਦਾ ਕਰ ਦਿੱਤਾ ਤੇ ਉਸ ਨੂੰ ਬਹਾਨੇ ਨਾਲ ਲੁਧਿਆਣੇ ਭੇਜਿਆ ਗਿਆ, ਇੱਥੇ ਆ ਕੇ ਪਤਾ ਲੱਗਿਆ ਕਿ ਉਸ ਦਾ ਵਿਆਹ ਕਰਵਾਇਆ ਜਾ ਰਿਹਾ ਹੈ। ਵਿਆਹ ਤੋਂ ਤੁਰੰਤ ਬਾਅਦ ਪੀੜਤਾ ਨੂੰ ਲੁਧਿਆਣਾ ਤੋਂ ਬਰੋਟਾ ਲਿਜਾਇਆ ਗਿਆ ਤੇ ਉਸ ਨੂੰ ਇਕ ਕਮਰੇ ਵਿਚ ਬੰਧਕ ਬਣਾ ਕੇ ਰੱਖਿਆ ਗਿਆ। ਪੀੜਤਾ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਈ-ਰਿਕਸ਼ਾ ਚਲਾਉਂਦਾ ਹੈ ਤੇ ਬਹੁਤ ਖ਼ਤਰਨਾਕ ਕਿਸਮ ਦਾ ਨਸ਼ਾ ਕਰਦਾ ਹੈ। ਰੋਜ਼ ਨਸ਼ੇ ਵਿਚ ਟੁੰਨ ਹੋ ਕੇ ਉਸ ਨਾਲ ਜਾਨਵਰਾਂ ਜਿਹਾ ਵਤੀਰਾ ਕਰ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਉਂਦਾ ਸੀ ਤੇ ਵਿਰੋਧ ਕਰਨ 'ਤੇ ਉਸ ਦੀ ਕੁੱਟਮਾਰ ਵੀ ਕਰਦਾ ਸੀ। ਜਦੋਂ ਉਹ ਸਹੁਰਿਆਂ ਨੂੰ ਆਪਣੀ ਦਾਸਤਾਨ ਸੁਣਾਉਂਦੀ ਸੀ ਤਾਂ ਸਹੁਰਾ ਪਰਿਵਾਰ ਕਹਿੰਦਾ ਸੀ ਕਿ 'ਤੈਨੂੰ ਪੈਸੇ ਦੇ ਕੇ ਖਰੀਦਿਆ ਹੈ, ਸਾਡੀ ਮਰਜ਼ੀ ਨਾਲ ਹੀ ਰਹਿਣਾ ਪਵੇਗਾ।'

ਇਸੇ ਹੈਵਾਨੀਅਨਤ ਵਿਚਾਲੇ ਉਹ ਬਹੁਤ ਛੋਟੀ ਉਮਰ ਵਿਚ ਗਰਭਵਤੀ ਹੋ ਗਈ ਤੇ ਵਿਆਹ ਦਾ ਇਕ ਸਾਲ ਪੂਰਾ ਹੋਣ ਤੋਂ ਪਹਿਲਾਂ ਹੀ ਉਸ ਨੇ ਪੁੱਤਰ ਨੂੰ ਜਨਮ ਦਿੱਤਾ। ਸਹੁਰਿਆਂ ਦੇ ਤਸ਼ਦੱਦ ਤੋਂ ਦੁਖੀ ਹੋ ਕੇ ਇਕ ਰਾਤ ਨੂੰ ਉਹ ਆਪਣੇ 7 ਮਹੀਨਿਆਂ ਦੇ ਪੁੱਤਰ ਨੂੰ ਲੈ ਕੇ ਘਰੋਂ ਭੱਜ ਗਈ ਤੇ ਕਿਸੇ ਤਰ੍ਹਾਂ ਆਪਣੀ ਸਕੀ ਮਾਂ ਦੇ ਕੋਲ ਜਾ ਪਹੁੰਚੀ। ਬੱਚੀ ਦੀ ਮਾਂ ਉਸ ਦੀ ਹਾਲਤ ਵੇਖ ਕੇ ਦੰਗ ਰਹਿ ਗਈ ਤੇ ਭਿਵਾਨੀ ਦੇ ਐੱਸ. ਐੱਸ. ਪੀ. ਸਾਹਮਣੇ ਪੇਸ਼ ਹੋਈ, ਜਿੱਥੇ ਪੁਲਸ ਵੱਲੋਂ ਜ਼ੀਰੋ ਐੱਫ. ਆਈ. ਆਰ. ਦਰਜ ਕੀਤੀ ਗਈ ਤੇ ਕੇਸ ਨੂੰ ਲੁਧਿਆਣਾ ਟ੍ਰਾਂਸਫ਼ਰ ਕਰ ਦਿੱਤਾ ਗਿਆ ਹੈ। 

ਥਾਣਾ ਜਮਾਲਪੁਰ ਦੇ ਜਾਂਚ ਅਧਿਕਾਰੀ ਗੁਰਮੀਤ ਸਿੰਘ ਨੇ ਪੁਸ਼ਟੀ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਕੋਲ ਜ਼ੀਰੋ ਐੱਫ. ਆਈ. ਆਰ. ਪਹੁੰਚ ਚੁੱਕੀ ਹੈ ਤੇ ਕੇਸ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ ਹਰਿਆਣਾ ਦੇ ਬਰੋਟਾ ਦੇ ਰਹਿਣ ਵਾਲੇ ਪਤੀ ਤੇ ਸਹੁਰਾ ਪਰਿਵਾਰ ਤੋਂ ਇਲਾਵਾ ਪੀੜਤਾ ਦੇ ਮਤਰੇਏ ਮਾਪਿਆਂ ਸਣੇ 6 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਉੱਥੇ ਹੀ ਪੀੜਤਾ ਨੇ ਭਿਵਾਨੀ ਐੱਸ. ਐੱਸ. ਪੀ. ਤੋਂ ਗੁਹਾਰ ਲਗਾਈ ਹੈ ਕਿ ਕੇਸ ਨੂੰ ਵਾਪਸ ਭਿਵਾਨੀ ਟ੍ਰਾਂਸਫ਼ਰ ਕੀਤਾ ਜਾਵੇ। 


author

Anmol Tagra

Content Editor

Related News