ਕਰਜ਼ਾ ਦਿਵਾਉਣ ਦੇ ਨਾਂ ’ਤੇ ਗਰੀਬਾਂ ਦੀ ਲੁੱਟ-ਖਸੁੱਟ ਜਾਰੀ
Tuesday, Dec 25, 2018 - 01:51 AM (IST)
ਲਹਿਰਾਗਾਗਾ, (ਗਰਗ, ਗੋੲਿਲ, ਜਿੰਦਲ)- ਆਰਥਕ ਮੰਦਵਾੜੇ ਕਾਰਨ ਲੋਕਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਸ਼ਹਿਰ ’ਚ ਇਕ ਗਿਰੋਹ ਸਰਗਰਮ ਹੈ ਜੋ ਲੋਕਾਂ ਨੂੰ ਕਰਜ਼ਾ ਦਿਵਾਉਣ ਦੇ ਨਾਂ ’ਤੇ ਲੁੱਟ ਰਿਹਾ ਹੈ। ਇਹ ਸਿਲਸਿਲਾ ਕੁਝ ਮਹੀਨਿਆਂ ਤੋਂ ਜਾਰੀ ਹੈ, ਜਦੋਂਕਿ ਇਸ ਬਾਰੇ ਪ੍ਰਸ਼ਾਸਨ ਦੀ ਚੁੱਪ ਕਈ ਸਵਾਲ ਖੜ੍ਹੇ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜ਼ਰੂਰਤਮੰਦਾਂ ਦੀ ਮਦਦ ਲਈ ਚਲਾਈ ਗਈ ਪ੍ਰਧਾਨ ਮੰਤਰੀ ਮੁਦਰਾ ਯੋਜਨਾ, ਜਿਸ ਤਹਿਤ ਵਿਅਕਤੀ ਨੂੰ ਬਿਨਾਂ ਕਿਸੇ ਗਵਾਹੀ, ਪ੍ਰਾਪਰਟੀ ਦੇ ਲੋਨ ਦਿੱਤਾ ਜਾਂਦਾ ਹੈ, ਦਾ ਨਾਜਾਇਜ਼ ਫਾਇਦਾ ਉਠਾਉਂਦੇ ਹੋਏ ਕੁਝ ਵਿਅਕਤੀਆਂ ਨੇ ਸ਼ਹਿਰ ’ਚ ਉਕਤ ਯੋਜਨਾ ਤਹਿਤ ਕਰਜ਼ਾ ਦਿਵਾਉਣ ਲਈ ਦਫਤਰ ਖੋਲ੍ਹ ਦਿੱਤਾ, ਜਿਸ ਦੇ ਫਾਰਮ ਭਰਨ ਤੋਂ ਬਾਅਦ ਵਿਅਕਤੀ ਤੋਂ ਪ੍ਰਾਜੈਕਟ ਰਿਪੋਰਟ ਦੇ ਨਾਂ ’ਤੇ 2500 ਰੁਪਏ ਵਸੂਲ ਕੀਤੇ ਜਾ ਰਹੇ ਹਨ। ਉਕਤ ਗਿਰੋਹ ਵਲੋਂ ਕੁਝ ਬੇਰੋਜ਼ਗਾਰਾਂ ਨੂੰ ਪਿੰਡਾਂ ਅੰਦਰ ਗਰੀਬਾਂ ਦੇ ਲੋਨ ਕਰਵਾਉਣ ਦਾ ਝਾਂਸਾ ਦੇ ਕੇ ਫਾਰਮ ਭਰਨ ਲਈ ਨੌਕਰੀ ’ਤੇ ਰੱਖਿਆ ਹੋਇਆ ਹੈ ਤੇ ਉਕਤ ਨੌਜਵਾਨ ਪਿੰਡਾਂ ਅੰਦਰ ਗਰੀਬਾਂ ਤੇ ਭੋਲੇ-ਭਾਲੇ ਲੋਕਾਂ ਨੂੰ ਜਿਨ੍ਹਾਂ ’ਚ ਜ਼ਿਆਦਾਤਰ ਮਹਿਲਾਵਾਂ ਹਨ, ਨੂੰ ਲੋਨ ਦਿਵਾਉਣ ਦਾ ਲਾਲਚ ਦੇ ਕੇ ਫਾਰਮ ਭਰ ਕੇ 2500 ਰੁਪਏ ਵਸੂਲ ਕੀਤੇ ਜਾ ਰਹੇ ਹਨ ਜਦੋਂ ਕਿ ਹਕੀਕਤ ’ਚ ਹੁੰਦਾ ਕੁਝ ਨਹੀਂ। ਫਾਰਮ ਭਰਨ ਤੋਂ ਬਾਅਦ ਲੋਕ ਬੈਂਕਾਂ ਦੇ ਚੱਕਰ ਲਗਾ-ਲਗਾ ਕੇ ਥੱਕ ਜਾਂਦੇ ਹਨ। ਹੈਰਾਨੀਜਨਕ ਤੱਥ ਇਹ ਹੈ ਕਿ ਜੇਕਰ ਕੋਈ ਲੋਨ ਲੈਣ ਵਾਲਾ ਵਿਅਕਤੀ ਪ੍ਰਾਜੈਕਟ ਰਿਪੋਰਟ ਲਹਿਰਾਗਾਗਾ ਤੋਂ ਬਣਵਾ ਲਵੇ ਤਾਂ ਉਸ ਨੂੰ ਰੱਦ ਕਰ ਕੇ ਆਪਣੇ ਚਹੇੇਤੇ ਸੀ. ਏ. ਕੋਲ ਭੇਜਿਆ ਜਾਂਦਾ ਹੈ ਅਤੇ 2500 ਰੁਪਏ ਖੁਦ ਲੈ ਲਏ ਜਾਂਦੇ ਹਨ। ਉਕਤ ਮਾਮਲੇ ਸਬੰਧੀ ਜਦੋਂ ਕੁਝ ਬੈਂਕਾਂ ਦੇ ਮੈਨੇਜਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਅਜਿਹਾ ਕੋਈ ਦਫਤਰ ਨਹੀਂ ਖੋਲ੍ਹਿਆ ਗਿਆ ਤੇ ਨਾ ਹੀ ਕੋਈ ਫੀਸ ਰੱਖੀ ਗਈ ਹੈ ਉਨ੍ਹਾਂ ਲੋਕਾਂ ਨੂੰ ਅਜਿਹੇ ਕਥਿਤ ਏਜੰਟਾਂ ਤੋਂ ਬਚਣ ਲਈ ਕਿਹਾ। ਪੱਤਰਕਾਰਾਂ ਦੀ ਟੀਮ ਨੇ ਜਦੋਂ ਕਰਜ਼ਾ ਦਿਵਾਉਣ ਵਾਲੇ ਦਫਤਰ ਦਾ ਦੌਰਾ ਕੀਤਾ ਤਾਂ ਦੇਖਿਆ ਕਿ ਉਕਤ ਦਫ਼ਤਰ ਬੰਦ ਸੀ ਅਤੇ ਬਾਹਰ ਦਫਤਰ ਦੇ ਥਾਂ ਬਦਲਣ ਸਬੰਧੀ ਬੋਰਡ ਲੱਗਾ ਹੋਇਆ ਸੀ ਪਰ ਜਦੋਂ ਟੀਮ ਬਦਲੀ ਹੋਈ ਥਾਂ ਦੇ ਦਫ਼ਤਰ ਵਿਚ ਗਈ ਤਾਂ ਉਕਤ ਦਫ਼ਤਰ ਦੇ ਅੱਗੇ ਇਕ ਬੈਂਕ ਦਾ ਬੋਰਡ ਲੱਗਾ ਹੋਇਆ ਸੀ ਅਤੇ ਅੰਦਰ ਕੁਝ ਵਿਅਕਤੀ ਬੈਠੇ ਕੰਮ ਕਰ ਰਹੇ ਸਨ। ਪੱਤਰਕਾਰਾਂ ਵੱਲੋਂ ਜਦੋਂ ਦਫਤਰ 'ਚ ਬੈਠੇ ਵਿਅਕਤੀਆਂ ਨਾਲ ਮੁਦਰਾ ਲੋਨ ਬਾਰੇ ਗੱਲਬਾਤ ਕੀਤੀ ਤਾਂ ਉਹ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਆਪਣੇ ਸਾਹਬ ਨਾਲ ਗੱਲ ਕਰਨ ਬਾਰੇ ਕਹਿੰਦੇ ਰਹੇ, ਜਿਸ ਤੋਂ ਸ਼ੱਕ ਜ਼ਾਹਰ ਹੋਇਆ। ਕਾਲੀ ਘਟਨਾ ਦਾ ਪਤਾ ਚੱਲਦੇ ਹੀ ਥਾਣਾ ਸਿਟੀ ਦੇ ਇੰਚਾਰਜ ਧਰਮਵੀਰ ਸਿੰਘ, ਏ. ਐੱਸ. ਆਈ. ਮਹੀਪਾਲ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਕਥਿਤ ਦਫਤਰ ’ਤੇ ਛਾਪਾ ਮਾਰ ਕੇ ਸਾਰਾ ਰਿਕਾਰਡ ਆਪਣੇ ਕਬਜ਼ੇ ਵਿਚ ਲਿਆ ਅਤੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਲੋਕਾਂ ਵਿਚ ਆਮ ਚਰਚਾ ਹੈ ਕਿ ਜੇਕਰ ਉਕਤ ਮਾਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਤਾਂ ਬਹੁਤ ਵੱਡਾ ਸੈਕੰਡਲ ਸਾਹਮਣੇ ਆਉਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਭੋਲੇ ਭਾਲੇ ਲੋਕਾਂ ਦੀ ਲੁੱਟ-ਖਸੁੱਟ ਨੂੰ ਰੋਕਿਆ ਜਾ ਸਕਦਾ ਹੈ ! ਦੂਜੇ-ਪਾਸੇ ਇਕ ਬੈਂਕ ਦੇ ਮੈਨੇਜਰ ਨਵੀਨ ਕੁਮਾਰ ਨੇ ਕਿਹਾ ਕਿ ਉਕਤ ਦਫ਼ਤਰ ਨਾਲ ਬੈਂਕ ਦਾ ਕੋਈ ਸਬੰਧ ਨਹੀਂ, ਕੋਈ ਵਿਅਕਤੀ ਮੁਦਰਾ ਲੋਨ ਲੈਣ ਲਈ ਬੈਂਕਾਂ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਉਨ੍ਹਾਂ ਲੋਕਾਂ ਨੂੰ ਦਲਾਲਾਂ ਦੇ ਝਾਂਸੇ ’ਚ ਨਾ ਆਉਣ ਲਈ ਵੀ ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਫੋਨ ਕਾਲਾਂ ਦੇ ਫਰਜ਼ੀਵਾੜੇ ਰਾਹੀਂ ਲਹਿਰਾਗਾਗਾ ਦੇ ਵੱਖ-ਵੱਖ ਬੈਂਕਾਂ ’ਚੋਂ ਇਕ ਸਾਲ ’ਚ ਇਕ ਕਰੋੜ ਰੁਪਏ ਤੋਂ ਵੱਧ ਨਿਕਲ ਚੁੱਕੇ ਹਨ, ਇਸ ਲਈ ਕੋਈ ਵਿਅਕਤੀ ਫੋਨ ’ਤੇ ਆਪਣੇ ਬੈਂਕ ਅਕਾਊਂਟ, ਆਧਾਰ ਕਾਰਡ, ਏ. ਟੀ. ਐੱਮ. ਕਾਰਡ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਕਿਸੇ ਨੂੰ ਨਾ ਦੇਵੇ ਅਤੇ ਨਾ ਹੀ ਬੈਂਕ ਅਜਿਹੀ ਜਾਣਕਾਰੀ ਫ਼ੋਨ ’ਤੇ ਮੰਗਦਾ ਹੈ, ਉਨ੍ਹਾਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ।
