ਮੌੜ ਮੰਡੀ ਅੰਦਰ 20 ਸਾਲ ਤੋਂ ਸਰਗਰਮ ਭੂ-ਮਾਫ਼ੀਆ ਸਰਕਾਰ ਨੂੰ ਲਾ ਚੁੱਕੈ ਕਰੋੜਾਂ ਦਾ ਚੂਨਾ

Wednesday, Dec 28, 2022 - 11:37 AM (IST)

ਮੌੜ ਮੰਡੀ (ਪ੍ਰਵੀਨ) : ਸਥਾਨਕ ਸ਼ਹਿਰ ਅੰਦਰ ਕਰੀਬ ਸਾਲ 2003 ਤੋਂ ਸਰਗਰਮ ਭੂ-ਮਾਫ਼ੀਆ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਜਿੱਥੇ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਨੂੰ ਰਿਹਾਇਸ਼ੀ ਕਾਲੋਨੀਆਂ ’ਚ ਬਦਲ ਚੁੱਕਾ ਹੈ, ਉੱਥੇ ਅਰਬਾਂ ਰੁਪਏ ਦੀ ਕਾਲੀ ਕਮਾਈ ਕਰ ਕੇ ਸਰਕਾਰ ਨੂੰ ਫੀਸਾਂ ਦੀ ਚੋਰੀ ਦੇ ਰੂਪ ’ਚ ਵੀ ਕਰੋੜਾਂ ਰੁਪਏ ਦਾ ਚੂਨਾ ਵੀ ਲਾ ਚੁੱਕਾ ਹੈ। ਮੌੜ ਮੰਡੀ ਅੰਦਰ ਲੰਮੇ ਸਮੇਂ ਤੋਂ ਸਰਗਰਮ ਭੂ-ਮਾਫ਼ੀਆ ਸ਼ਹਿਰ ਦੇ ਦਸ਼ਮੇਸ਼ ਨਗਰ, ਟਿੱਲਾ ਰੋਡ, ਸੈਂਟ ਸੋਲਜਰ ਅਤੇ ਨੱਤ ਰੋਡ ਕੋਲ ਸੈਂਕੜੇ ਏਕੜ ਵਾਹੀਯੋਗ ਜ਼ਮੀਨ ਨੂੰ ਸਸਤੇ ਰੇਟਾਂ ’ਤੇ ਖ਼ਰੀਦ ਕਰ ਕੇ, ਉਸ ਜ਼ਮੀਨ ਨੂੰ ਮਰਲਿਆਂ ਦੇ ਰੂਪ ’ਚ ਲੋੜਵੰਦ ਲੋਕਾਂ ਨੂੰ ਕਮਰਸ਼ੀਅਲ ਰੇਟਾਂ ’ਤੇ ਵੇਚ ਕੇ ਕਰੋੜਾਂ ਰੁਪਏ ਦੀ ਕਮਾਈ ਕਰ ਚੁੱਕਾ ਹੈ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਇਸ ਭੂ-ਮਾਫ਼ੀਏ ਦੀ ਉੱਚ ਅਧਿਕਾਰੀਆਂ ਨਾਲ ਮਿਲੀਭੁਗਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪਿਛਲੇ 20 ਸਾਲਾਂ ਤੋਂ ਸ਼ਹਿਰ ਅੰਦਰ ਕਾਲੋਨੀਆਂ ਕੱਟਣ ਦਾ ਸਿਲਸਿਲਾ ਚੱਲ ਰਿਹਾ ਹੈ, ਜੋ ਨਿਰਵਿਘਨ ਜਾਰੀ ਹੈ ਅਤੇ ਅੱਜ ਤੱਕ ਸ਼ਹਿਰ ਅੰਦਰ ਸਿਰਫ਼ ਇਕ ਜਾਂ 2 ਕਾਲੋਨੀਆਂ ਨੂੰ ਹੀ ਪੁੱਡਾ ਤੋਂ ਮਨਜ਼ੂਰੀ ਲੈ ਕੇ ਕੱਟਿਆ ਗਿਆ ਹੈ ਜਦਕਿ ਬਾਕੀ ਕਾਲੋਨੀਆਂ ਨੂੰ ਕੱਟਣ ਸਮੇਂ ਪੁੱਡਾ ਤੋਂ ਕੋਈ ਮਨਜ਼ੂਰੀ ਨਹੀਂ ਲਈ ਗਈ। ਸ਼ਹਿਰ ਅੰਦਰ 50 ਦੇ ਕਰੀਬ ਕੱਟੀਆਂ ਕਾਲੋਨੀਆਂ ਅੱਜ ਵੀ ਇਨ੍ਹਾਂ ਭੂ-ਮਾਫ਼ੀਆ ਦੇ ਸਰਗਨਿਆਂ ਦੇ ਨਾਮ ਨਾਲ ਪ੍ਰਚੱਲਿਤ ਹਨ ਪਰ ਅੱਜ ਤੱਕ ਕਿਸੇ ਵੀ ਅਧਿਕਾਰੀ ਨੇ ਇਨ੍ਹਾਂ ਦੀ ਜਾਂਚ ਨਹੀਂ ਕੀਤੀ। ਜੇਕਰ ਕੋਈ ਜਾਂਚ ਹੋਈ ਵੀ ਤਾਂ ਉਹ ਅੰਦਰ ਖਾਤੇ ਹੋਏ ਲੈਣ-ਦੇਣ ਨਾਲ ਖ਼ਤਮ ਹੋ ਗਈ।

ਇਹ ਵੀ ਪੜ੍ਹੋ- ਸੰਗਰੂਰ ਦੇ ਪਿੰਡ ਫਲੇੜਾ ਦੀ ਪੰਚਾਇਤ ਨੇ ਪਾਸ ਕੀਤਾ ਅਨੋਖਾ ਮਤਾ, ਸੁਣ ਤੁਸੀਂ ਵੀ ਕਰੋਗੇ ਸ਼ਲਾਘਾ

ਇਸ ਭੂ-ਮਾਫ਼ੀਏ ਨੂੰ ਕਾਲੀ ਕਮਾਈ ਕਰਨ ਦੀ ਖੁੱਲ੍ਹ ਦੇਣ ’ਚ ਉਸ ਸਮੇਂ ਦੀਆਂ ਸਰਕਾਰਾਂ ਦੇ ਲੀਡਰਾਂ ਦੀ ਹੱਲਾਸ਼ੇਰੀ ਦਾ ਵੀ ਅਹਿਮ ਰੋਲ ਸੀ, ਜਿਸ ਕਾਰਨ ਇਨ੍ਹਾਂ ਲੋਕਾਂ ਦੇ ਹੌਸਲੇ ਅੱਜ ਵੀ ਬੁਲੰਦ ਹਨ। ਲਗਭਗ 2 ਦਹਾਕਿਆਂ ਤੋਂ ਚੱਲ ਰਹੇ ਇਸ ਧੰਦੇ ਨੇ ਭੂ-ਮਾਫ਼ੀਆ ਨੂੰ ਇੰਨਾ ਤਜ਼ਰਬੇਕਾਰ ਬਣਾ ਦਿੱਤਾ ਹੈ ਕਿ ਹੁਣ ਇਹ ਭੂ-ਮਾਫ਼ੀਆ ਕਿਸਾਨਾਂ ਦੀਆਂ ਜ਼ਮੀਨਾਂ ਦੇ ਸੌਦੇ ਕਰਨ ਉਪਰੰਤ ਰਜਿਸਟਰੀ ਆਪਣੇ ਨਾਂ ’ਤੇ ਕਰਵਾਉਣ ਦੀ ਜਗ੍ਹਾ, ਵੱਡੀ ਪੱਧਰ ’ਤੇ ਖ਼ਰੀਦੀ ਇਸ ਜ਼ਮੀਨ ਨੂੰ ਮਰਲਿਆਂ ਦੇ ਰੂਪ ’ਚ ਸਿੱਧਾ ਗਾਹਕਾਂ ਦੇ ਨਾਮ ਕਰਵਾ ਦਿੰਦਾ ਹੈ ਅਤੇ ਇਹ ਜ਼ਮੀਨ ਗਾਹਕਾਂ ਨੂੰ ਮੋਟੇ ਮੁਨਾਫੇ ’ਤੇ ਵੇਚੀ ਜਾਂਦੀ ਹੈ। ਭੂ-ਮਾਫ਼ੀਆ ਇਸ ਚਲਾਕੀ ਨਾਲ ਜਿੱਥੇ ਕਮਾਈ ਕੀਤੇ ਕਾਲੇ ਧਨ ’ਚੋਂ ਆਪਣਾ ਨਾਮ ਬਾਹਰ ਰੱਖਣ ’ਚ ਸਫ਼ਲ ਹੋ ਜਾਂਦਾ ਹੈ, ਉੱਥੇ ਗੈਰ-ਕਾਨੂੰਨੀ ਢੰਗ ਨਾਲ ਕਿਸਾਨਾਂ ਤੋਂ ਜ਼ਮੀਨ ਸਿੱਧੀ ਗਾਹਕਾਂ ਦੇ ਨਾਮ ਕਰਵਾ ਕੇ ਸਰਕਾਰ ਨੂੰ ਵੀ ਫੀਸਾਂ ਦੇ ਰੂਪ ’ਚ ਮੋਟਾ ਚੂਨਾ ਲਾ ਜਾਂਦਾ ਹੈ।

ਇਹ ਵੀ ਪੜ੍ਹੋ- ਬੱਸ ਕੰਡਕਟਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ, ਪੂਰੀ ਘਟਨਾ ਜਾਣ ਤੁਸੀਂ ਵੀ ਕਰੋਗੇ ਸਿਫ਼ਤਾਂ

ਜਾਣਕਾਰੀ ਮੁਤਾਬਰ ਜੋ ਜ਼ਮੀਨ ਬਾਕੀ ਬਚਦੀ ਹੈ, ਉਸ ਨੂੰ ਭੂ-ਮਾਫ਼ੀਆ ਆਪਣੇ ਨਾਮ ਕਰਵਾ ਲੈਂਦਾ ਹੈ। ਜੇਕਰ ਇਸ ਪ੍ਰਾਪਰਟੀ ਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤਾਂ ਸਰਕਾਰ ਨੂੰ ਇਕੱਲੇ ਮੌੜ ਮੰਡੀ ਤੋਂ ਹੀ ਕਰੋੜਾਂ ਰੁਪਏ ਦੀ ਆਮਦਨ ਹੋ ਸਕਦੀ ਹੈ ਅਤੇ ਇਸ ਮਾਮਲੇ ’ਚ ਸ਼ਾਮਲ ਅਨੇਕਾਂ ਕਾਲੀ ਕਮਾਈ ਕਰਨ ਵਾਲੇ ਲੋਕਾਂ ਦਾ ਚਿਹਰਾ ਵੀ ਸਰਕਾਰ ਦੀਆਂ ਨਜ਼ਰਾਂ ’ਚ ਸਾਹਮਣੇ ਆ ਸਕਦਾ ਹੈ। ਮੰਡੀ ਵਾਸੀਆਂ ਸੁਰੇਸ਼ ਕੁਮਾਰ, ਕੁਲਵੰਤ ਸਿੰਘ, ਜੀਵਨ ਕੁਮਾਰ ਤੋਂ ਇਲਾਵਾ ਕਿਸਾਨਾਂ ਅੰਗਰੇਜ਼ ਸਿੰਘ, ਅਮਰਜੀਤ ਸਿੰਘ, ਜਗਤਾਰ ਸਿੰਘ ਨੇ ਮੰਗ ਕੀਤੀ ਕਿ ਕਿਸਾਨਾਂ ਦੀਆਂ ਖੇਤੀ ਯੋਗ ਜ਼ਮੀਨਾਂ ਨੂੰ ਕਮਰਸ਼ੀਅਲ ਜ਼ਮੀਨਾਂ ’ਚ ਬਦਲ ਕੇ ਸਰਕਾਰ ਨਾਲ ਧੋਖਾਦੇਹੀ ਕਰਨ ਵਾਲੇ ਇਸ ਭੂ-ਮਾਫੀਆ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਚੋਰੀ ਕੀਤੀਆਂ ਫੀਸਾਂ ਭਰਾਈਆਂ ਜਾਣ ਤਾਂ ਜੋ ਅੱਗੇ ਤੋਂ ਇਹ ਭੂ-ਮਾਫ਼ੀਆ ਸਰਕਾਰ ਨੂੰ ਚੂਨਾ ਲਾਉਣ ਦੀ ਕੋਸ਼ਿਸ਼ ਨਾ ਕਰੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


Simran Bhutto

Content Editor

Related News