ਕੋਟਕਪੂਰਾ ਦੀ ਅਨਾਜ ਮੰਡੀ ''ਚ ਆੜ੍ਹਤੀਆਂ ਨੇ ਦੁਕਾਨਾਂ ਬੰਦ ਕਰਕੇ ਦਿੱਤਾ ਧਰਨਾ

Friday, Oct 12, 2018 - 03:31 PM (IST)

ਫਰੀਦਕੋਟ (ਜਗਤਾਰ) - ਕੋਟਕਪੂਰਾ ਦੀ ਅਨਾਜ ਮੰਡੀ 'ਚ ਆੜ੍ਹਤੀ ਐਸੋਸੀਏਸ਼ਨ ਕੋਟਕਪੂਰਾ ਨੇ ਝੋਨੇ ਦੇ ਖਰੀਦ ਪ੍ਰਬੰਧਾਂ ਦਾ ਬਾਈਕਾਟ ਕਰਦੇ ਹੋਏ ਦੁਕਾਨਾਂ ਬੰਦ ਕਰਕੇ ਮਾਰਕੀਟ ਕਮੇਟੀ ਦੇ ਗੇਟ 'ਤੇ ਅੱਜ ਧਰਨਾ ਪ੍ਰਦਰਸ਼ਨ ਕੀਤਾ। ਆੜ੍ਹਤੀਆਂ ਨੇ ਮੰਗ ਕੀਤੀ ਕਿ ਕਿਸਾਨਾਂ ਵਲੋਂ ਲਿਆਦੇ ਝੋਨੇ ਦੀ ਖਰੀਦ ਸਮੇਂ ਜੋ ਨਮੀਂ ਦੀ ਮਾਤਰਾ 17 ਫੀਸਦੀ ਰੱਖੀ ਗਈ ਹੈ, ਮੌਸਮ ਨੂੰ ਧਿਆਨ 'ਚ ਰੱਖਦੇ ਹੋਏ ਵਾਧਾ ਕੀਤਾ ਜਾਵੇ। ਘੱਟੋਂ-ਘੱਟ 20 ਫੀਸਦੀ ਨਮੀਂ ਵਾਲਾ ਝੋਨਾ ਖਰੀਦਿਆ ਜਾਵੇ। 

ਮੰਡੀਆਂ 'ਚ ਪ੍ਰੇਸ਼ਾਨ ਹੋ ਰਹੇ ਕਿਸਾਨਾਂ ਨੇ ਕਿਹਾ ਕਿ ਲੇਬਰ ਅਤੇ ਆੜ੍ਹਤੀਆਂ ਵਲੋਂ ਕੀਤੀ ਜਾ ਰਹੀ ਵਾਰ-ਵਾਰ ਹੜਤਾਲ ਕਾਰਨ ਉਹ ਪ੍ਰੇਸ਼ਾਨ ਹੋ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਆੜ੍ਹਤੀ ਐਸੋਸੀਏਸ਼ਨ ਕੋਟਕਪੂਰਾ ਦੇ ਪ੍ਰਧਾਨ ਸੋਹਨ ਸਿੰਘ ਬਰਗਾੜੀ ਨੇ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਹੋਈ ਨੂੰ ਕਰੀਬ 10 ਦਿਨ ਹੋ ਚੁੱਕੇ ਹਨ ਪਰ ਹਾਲੇ ਤੱਕ ਸਰਕਾਰੀ ਖਰੀਦ ਏਜੰਸੀਆਂ ਨੇ ਪੂਰਨ ਰੂਪ 'ਚ ਖਰੀਦ ਸ਼ੁਰੂ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਝੋਨੇ ਦੀ ਖਰੀਦ ਲਈ 17 ਫੀਸਦੀ ਨਮੀਂ ਦਾ ਮਾਪਦੰਡ ਤੈਅ ਕੀਤਾ ਗਿਆ ਹੈ ਪਰ ਕਿਸੇ ਵੀ ਕਿਸਾਨ ਦਾ ਝੋਨਾ 23 ਫੀਸਦੀ ਨਮੀਂ ਤੋਂ ਘੱਟ ਨਹੀਂ ਆ ਰਿਹਾ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਦੇ ਨਾਲ-ਨਾਲ ਮੰਡੀ 'ਚ ਕੰਮ ਕਰਨ ਵਾਲੇ ਮਜ਼ਦੂਰਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗਾਂ ਪੂਰੀਆਂ ਨਾ ਕਰਨ 'ਤੇ ਹੜਤਾਲ ਇਸੇ ਤਰ੍ਹਾਂ ਜਾਰੀ ਰੱਖਣ ਦੀ ਚੇਤਾਵਨੀ ਦਿੱਤੀ।


Related News