ਦੂਜੀ ਪਤਨੀ ਨੂੰ ਫਸਾਉਣ ਲਈ ਆਪਣਾ ਮੁੰਡਾ ਅਗਵਾ ਕਰਨ ਵਾਲਾ ਫਸਿਆ ਪੁਲਸ ਸ਼ਿਕੰਜੇ 'ਚ

08/20/2019 9:53:51 AM

ਮਲੋਟ (ਜੁਨੇਜਾ) - ਕਹਿੰਦੇ ਨੇ ਜਿਹੜਾ ਵਿਅਕਤੀ ਦੂਸਰੇ ਲਈ ਖਾਈ ਖੋਦਦਾ ਹੈ ਖੁਦ ਖੱਡ 'ਚ ਜਾ ਡਿੱਗਦਾ ਹੈ। ਅਜਿਹੀ ਹੀ ਮਿਸਾਲ ਮਲੋਟ ਦੀ ਸਾਹਮਣੇ ਆਈ ਹੈ, ਜਿਥੇ ਇਕ ਵਿਅਕਤੀ ਨੇ ਆਪਣੀ ਦੂਜੀ ਪਤਨੀ ਨੂੰ ਝੂਠੇ ਕੇਸ 'ਚ ਫਸਾਉਣ ਲਈ ਆਪਣੇ ਮੁੰਡੇ ਨੂੰ ਅਗਵਾ ਕੀਤਾ ਪਰ ਖੁਦ ਕਾਨੂੰਨ ਦੇ ਸ਼ਿਕੰਜੇ 'ਚ ਫੱਸ ਗਿਆ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਮਲੋਟ ਸਿਟੀ ਦੇ ਮੁੱਖ ਅਫਸਰ ਜਸਵੀਰ ਸਿੰਘ ਨੇ ਦੱਸਿਆ ਟਰੱਕ ਡਰਾਈਵਰ ਹਰਮੰਦਰ ਸਿੰਘ ਪੁੱਤਰ ਵਜੀਰ ਸਿੰਘ ਨੇ ਸਿਟੀ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦਾ 10 ਸਾਲ ਦਾ ਮੁੰਡਾ ਲਵਦੀਪ ਸਿੰਘ ਨੂੰ ਕੋਈ ਅਣਜਾਣ ਵਿਅਕਤੀ ਮਹਾਂਵੀਰ ਨਗਰ ਰੋਡ ਤੋਂ ਅਗਵਾ ਕਰਕੇ ਲੈ ਗਿਆ ਹੈ। ਪੁਲਸ ਨੇ ਜਦੋਂ ਅਗਿਆਤ ਵਿਅਕਤੀ ਵਿਰੁੱਧ ਅਗਵਾ ਦਾ ਮਾਮਲਾ ਦਰਜ ਕਰਕੇ ਤਫਤੀਸ਼ ਕਰਨੀ ਸ਼ੁਰੂ ਕੀਤੀ ਤਾਂ ਇਕ ਨਵੀਂ ਕਹਾਣੀ ਸਾਹਮਣੇ ਆਈ।

ਜਾਣਕਾਰੀ ਅਨੁਸਾਰ ਹਰਮੰਦਰ ਸਿੰਘ ਦਾ ਵਿਆਹ ਪਹਿਲਾਂ ਵੀਰਪਾਲ ਕੌਰ ਨਾਲ ਹੋਇਆ ਸੀ ਅਤੇ ਉਸ ਦੀਆਂ ਦੋ ਕੁੜੀਆਂ ਅਤੇ 1 ਮੁੰਡਾ ਲਵਦੀਪ ਹੈ। ਵੀਰਪਾਲ ਕੌਰ ਨਾਲ ਅਨਬਣ ਹੋਣ ਕਰਕੇ ਉਹ ਪਰਸ ਰਾਮ ਨਗਰ ਬਠਿੰਡਾ ਰਹਿੰਦੀ ਸੀ। ਹਰਮੰਦਰ ਨੇ ਇਕ ਔਰਤ ਨੂੰ ਪਤਨੀ ਵਜੋਂ ਰੱਖਿਆ ਹੋਇਆ ਸੀ, ਜਿਸ ਨਾਲ ਉਸ ਦਾ ਮੁੰਡਾ ਲਵਦੀਪ ਵੀ ਰਹਿੰਦਾ ਸੀ। ਸੁਖਪ੍ਰੀਤ ਦਾ ਹਰਮੰਦਰ ਸਿੰਘ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਲੜਾਈ ਝਗੜਾ ਰਹਿੰਦਾ ਸੀ, ਜਿਸ ਦੇ ਚਲਦਿਆਂ ਹਰਮੰਦਰ ਨੇ ਸੁਖਪੀ੍ਰਤ ਨੂੰ ਸਬਕ ਸਿਖਾਉਣ ਤੇ ਝੂਠੇ ਕੇਸ 'ਚ ਫਸਾਉਣ ਦੀ ਮੰਸ਼ਾਂ ਬਣਾਈ ਅਤੇ ਆਪਣੇ ਮੁੰਡੇ ਨੂੰ ਖੁਦ ਅਗਵਾ ਕਰ ਲਿਆ, ਜਿਸ ਦੀ ਸ਼ਿਕਾਇਤ ਉਸ ਨੇ ਪੁਲਸ ਨੂੰ ਦਰਜ ਕਰਵਾ ਦਿੱਤੀ। ਇਸ ਸਬੰਧੀ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਸ ਕਪਤਾਨ ਮਨਜੀਤ ਸਿੰਘ ਢੇਸੀ, ਮਲੋਟ ਦੇ ਕਪਤਾਨ ਇਕਬਾਲ ਸਿੰਘ ਦੀ ਦੇਖਰੇਖ ਹੇਠ ਐੱਸ.ਐੱਚ.ਓ.ਜਸਵੀਰ ਸਿੰਘ ਰਾਏ ਦੀ ਅਗਵਾਈ ਹੇਠ ਪੁਲਸ ਨੇ ਪੜਤਾਲ ਕਰਨ ਪਿੱਛੋਂ ਮਾਮਲਾ ਸੁਲਝਾ ਲਿਆ। ਉਨ੍ਹਾਂ ਨੇ ਹਰਮੰਦਰ ਨੂੰ ਕਾਬੂ ਕਰਕੇ ਉਸ ਪਾਸੋਂ ਪਿੰਡ ਬੁਰਜਸਿੱਧਵਾਂ ਤੋਂ ਬੱਚਾ ਬਰਾਮਦ ਕਰ ਲਿਆ।  


rajwinder kaur

Content Editor

Related News