ਰੁਕਣ ਦਾ ਇਸ਼ਾਰਾ ਕਰਨ ’ਤੇ ਨਾਬਾਲਗ ਮੁੰਡੇ ਨੇ ASI ''ਚ ਮਾਰਿਆ ਮੋਟਰਸਾਈਕਲ, ਲੱਤ ਟੁੱਟੀ
Tuesday, May 07, 2024 - 06:10 PM (IST)
ਬਨੂੜ (ਗੁਰਪਾਲ) : ਟ੍ਰੈਫਿਕ ਪੁਲਸ ਬਨੂੜ ਦੇ ਕਰਮਚਾਰੀਆਂ ਨੇ ਮੋਟਰਸਾਈਕਲ ਸਵਾਰ ਨਾਬਾਲਗ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭਜਾ ਕੇ ਮੋਟਰਸਾਈਕਲ ਏ. ਐੱਸ. ਆਈ. ਦੀ ਲੱਤ ’ਚ ਮਾਰਿਆ, ਜਿਸ ਕਾਰਨ ਏ. ਐੱਸ. ਆਈ. ਦੀ ਲੱਤ ਟੁੱਟ ਗਈ। ਉਸ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਸਤੀਸ਼ ਕੁਮਾਰ ਟਰੈਫਿਕ ਇੰਚਾਰਜ ਬਨੂੜ ਨੇ ਦੱਸਿਆ ਕਿ ਉਹ ਸਵੇਰੇ 11 ਵਜੇ ਦੇ ਕਰੀਬ ਆਪਣੇ ਕਰਮਚਾਰੀਆਂ ਨੂੰ ਲੈ ਕੇ ਸ਼ਹਿਰ ’ਚੋਂ ਲੰਘਦੇ ਕੌਮੀ ਮਾਰਗ ਦੀ ਸਰਵਿਸ ਮਾਰਗ ’ਤੇ ਸਥਿਤ ਥਾਣਾ ਰੋਡ ਟੀ-ਪੁਆਇੰਟ ’ਤੇ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ।
ਇਸ ਦੌਰਾਨ ਜਦੋਂ ਟਰੈਫਿਕ ਪੁਲਸ ਦੇ ਹੈੱਡ ਕਾਂਸਟੇਬਲ ਗੁਰਵਿੰਦਰ ਸਿੰਘ ਨੇ 2 ਨਾਬਾਲਗ ਮੋਟਰਸਾਈਕਲ ਸਵਾਰ ਲੜਕਿਆਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਰੋਕਣ ਦੀ ਬਜਾਏ ਤੇਜ਼ ਕਰਕੇ ਮੋਟਰਸਾਈਕਲ ਨਾਕੇ ’ਤੇ ਖੜੇ ਏ. ਐੱਸ. ਆਈ. ਰਜਿੰਦਰ ਸਿੰਘ ਦੀ ਲੱਤ ’ਚ ਮਾਰਿਆ ਜਿਸ ਕਾਰਨ ਉਹ ਸੜਕ ’ਤੇ ਡਿੱਗਣ ਕਾਰਨ ਗੰਭੀਰ ਜ਼ਖਮੀ ਹੋ ਗਿਆ। ਜਦੋਂ ਉਸ ਨੂੰ ਚੁੱਕ ਕੇ ਇਲਾਜ ਲਈ ਗਿਆਨ ਸਾਗਰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਦੱਸਿਆ ਕਿ ਉਸ ਦੀ ਲੱਤ ਗੋਡੇ ਦੇ ਨੇੜਿਓਂ ਟੁੱਟ ਗਈ ਹੈ। ਉਸ ਨੂੰ ਇਲਾਜ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਟਰੈਫਿਕ ਇੰਚਾਰਜ ਨੇ ਦੱਸਿਆ ਕਿ ਮੋਟਰਸਾਈਕਲ ਕਬਜ਼ੇ ’ਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ। ਇਸ ਮੌਕੇ ਏ. ਐੱਸ. ਆਈ. ਰਣਧੀਰ ਸਿੰਘ, ਪਰਮਜੀਤ ਸਿੰਘ, ਗੁਰਵਿੰਦਰ ਸਿੰਘ ਤੋਂ ਇਲਾਵਾ ਟਰੈਫਿਕ ਪੁਲਸ ਦੇ ਹੋਰ ਕਰਮਚਾਰੀ ਹਾਜ਼ਰ ਸਨ।