24 ਘੰਟਿਆਂ ’ਚ ਸਾਹਮਣੇ ਆਇਆ ਮਰਡਰ ਮਿਸਟਰੀ ਦਾ ਘਿਨੌਣਾ ਸੱਚ, ਪਤੀ ਨੂੰ ਫਸਾਉਣ ਲਈ ਬਣਾਈ ਸੀ ਕਹਾਣੀ

05/09/2024 1:04:19 AM

ਜਲੰਧਰ - ਗਦਾਈਪੁਰ ’ਚ ਲਾਟਰੀ ਕਾਰੋਬਾਰੀ ਦੇ ਘਰ ਦੇ ਬੈੱਡ ਬਾਕਸ ’ਚੋਂ ਗਲ਼ੀ-ਸੜੀ ਹਾਲਤ ’ਚ ਮਿਲੀ ਲਾਸ਼ ਦੀ ਪਹੇਲੀ ਨੂੰ ਪੁਲਸ ਨੇ 24 ਘੰਟਿਆਂ ’ਚ ਸੁਲਝਾਉਂਦਿਆਂ ਘਰ ’ਚ ਰਹਿਣ ਵਾਲੀ ਔਰਤ ਅਤੇ ਉਸ ਦੇ ਕਿਰਾਏਦਾਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਇਸ ਮਰਡਰ ਮਿਸਟਰੀ ਨੂੰ ਸੁਲਝਾਉਣ ਲਈ ਮੁਲਜ਼ਮ ਔਰਤ ਦੇ ਕਥਿਤ ਪਤੀ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਪਰ ਜਾਂਚ ’ਚ ਉਸ ਦਾ ਕੋਈ ਕਸੂਰ ਨਹੀਂ ਨਿਕਲਿਆ ਤਾਂ ਸਖ਼ਤੀ ਵਰਤਣ ’ਤੇ ਔਰਤ ਨੇ ਪੁਲਸ ਸਾਹਮਣੇ ਸਾਰੀ ਕਹਾਣੀ ਕਲੀਅਰ ਕਰ ਦਿੱਤੀ।

ਡੀ. ਸੀ. ਪੀ. ਸੰਦੀਪ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਇਸ ਮਰਡਰ ਦੇ ਪਿੱਛੇ ਲੁਕੇ ਘਿਨੌਣੇ ਸੱਚ ਨੂੰ ਵੀ ਉਜਾਗਰ ਕੀਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਉਰਫ ਨਕੁਲ ਵਜੋਂ ਹੋਈ। ਨਕੁਲ ਘਰ ’ਚ ਰਹਿਣ ਵਾਲੀ ਹਿਮਾਚਲੀ ਦੇਵੀ ਪੁੱਤਰੀ ਹਰੀਸ਼ਰਨ ਮੂਲ ਵਾਸੀ ਮੰਡੀ ਹਿਮਾਚਲ ਪ੍ਰਦੇਸ਼ ਨਾਲ ਸਰੀਰਕ ਸੰਬੰਧ ਕਾਇਮ ਰੱਖਣਾ ਚਾਹੁੰਦਾ ਸੀ ਪਰ ਹਿਮਾਚਲੀ ਦੇਵੀ ਉਸ ਤੋਂ ਦੂਰੀ ਬਣਾ ਚੁੱਕੀ ਸੀ। ਅਜਿਹੇ ’ਚ ਨਕੁਲ ਸਮਾਜ ’ਚ ਹਿਮਾਚਲੀ ਦੇਵੀ ਨੂੰ ਬਦਨਾਮ ਕਰਨ ਲੱਗ ਗਿਆ। ਥਾਂ-ਥਾਂ ਉਹ ਹਿਮਾਚਲੀ ਦੇ ਚਰਿੱਤਰ ਦੀਆਂ ਗੱਲਾਂ ਕਰਦਾ ਸੀ, ਜਿਸ ਦੀ ਖ਼ਬਰ ਹਿਮਾਚਲੀ ਨੂੰ ਲੱਗ ਗਈ ਅਤੇ ਉਸ ਨੇ ਉਦੋਂ ਹੀ ਸੋਚ ਲਿਆ ਕਿ ਜੇਕਰ ਨਕੁਲ ਨੂੰ ਟਿਕਾਣੇ ਨਾ ਲਾਇਆ ਤਾਂ ਉਹ ਉਸ ਦੀ ਇਸੇ ਤਰ੍ਹਾਂ ਬਦਨਾਮੀ ਕਰਦਾ ਰਹੇਗਾ।

ਬੀਤੇ ਸ਼ੁੱਕਰਵਾਰ ਦੀ ਰਾਤ ਉਸ ਨੇ ਨਕੁਲ ਨੂੰ ਝਾਂਸੇ ’ਚ ਲਿਆ ਤੇ ਘਰ ਬੁਲਾ ਲਿਆ। ਨਕੁਲ ਦੇ ਆਉਣ ਤੋਂ ਪਹਿਲਾਂ ਹੀ ਹਿਮਾਚਲੀ ਉਸ ਦੀ ਹੱਤਿਆ ਕਰਨ ਦੇ ਤਰੀਕੇ ਦੀ ਪਲਾਨਿੰਗ ਕਰ ਚੁੱਕੀ ਸੀ। ਨਕੁਲ ਆਇਆ ਤਾਂ ਉਸ ਨੇ ਉਸ ਨੂੰ ਆਪਣੀਆਂ ਗੱਲਾਂ ’ਚ ਲਿਆ। ਹਿਮਾਚਲੀ ਦੇਵੀ ਨੇ ਉਸ ਨੂੰ ਸ਼ਰਾਬ ਪੀਣ ਦੀ ਆਫਰ ਦਿੱਤੀ ਤਾਂ ਉਹ ਵੀ ਮੰਨ ਗਿਆ ਪਰ ਹਿਮਾਚਲੀ ਜਿਸ ਸ਼ਰਾਬ ਨੂੰ ਪਰੋਸ ਰਹੀ ਸੀ, ਉਸ ’ਚ ਜ਼ਹਿਰੀਲਾ ਪਦਾਰਥ ਮਿਲਾਇਆ ਹੋਇਆ ਸੀ। 3-4 ਪੈੱਗ ਲਾਉਣ ਤੋਂ ਬਾਅਦ ਨਕੁਲ ਸਰੀਰਕ ਸੰਬੰਧ ਬਣਾਉਣ ਲਈ ਕਹਿਣ ਲੱਗਾ ਪਰ ਉਸ ਦੀ ਹਾਲਤ ਵਿਗੜਨ ਲੱਗੀ ਅਤੇ ਕੁਝ ਹੀ ਸਮੇਂ ’ਚ ਨਕੁਲ ਨੇ ਦਮ ਤੋੜ ਦਿੱਤਾ।

ਇਹ ਵੀ ਪੜ੍ਹੋ- ਇਸ ਪੰਜਾਬੀ ਨੌਜਵਾਨ ਨੇ ਵਧਾਇਆ ਮਾਣ, ਕੈਨੇਡਾ ਦੀ ਕ੍ਰਿਕਟ ਟੀਮ ਵੱਲੋਂ ਖੇਡੇਗਾ ਵਰਲਡ ਕੱਪ

ਹਿਮਾਚਲੀ ਨੇ ਲਾਸ਼ ਨੂੰ ਟਿਕਾਣੇ ਲਾਉਣ ਲਈ ਆਪਣੇ ਕਿਰਾਏਦਾਰ ਸਨੋਜ ਕੁਮਾਰ ਪੁੱਤਰ ਸੁਰੇਸ਼ ਮੂਲ ਨਿਵਾਸੀ ਪਟਨਾ (ਬਿਹਾਰ) ਦੀ ਮਦਦ ਲਈ। ਇਨ੍ਹਾਂ ਦੋਵਾਂ ਨੇ ਮਿਲ ਕੇ ਬੈੱਡ ਬਾਕਸ ਨੂੰ ਖਾਲੀ ਕੀਤਾ ਅਤੇ ਉਸ ’ਚ ਨਕੁਲ ਦੀ ਲਾਸ਼ ਪਾ ਦਿੱਤੀ। ਡੀ. ਸੀ. ਪੀ. ਸੰਦੀਪ ਸ਼ਰਮਾ ਨੇ ਦੱਸਿਆ ਕਿ ਹਿਮਾਚਲੀ ਤੇ ਸਨੋਜ ਕੁਮਾਰ ਖ਼ਿਲਾਫ਼ ਕੇਸ ਦਰਜ ਕਰ ਕੇ ਰਿਮਾਂਡ ’ਤੇ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ’ਚ ਕਿਸੇ ਤੀਜੇ ਵਿਅਕਤੀ ਦੀ ਭੂਮਿਕਾ ਸਾਹਮਣੇ ਨਹੀਂ ਆਈ।

ਰੌਲਾ ਪੈਣ ’ਤੇ ਲੋਕਾਂ ਨੂੰ ਪਤਾ ਨਾ ਲੱਗ ਜਾਵੇ, ਇਸ ਲਈ ਅਪਣਾਇਆ ਜ਼ਹਿਰ ਦੇਣ ਦਾ ਤਰੀਕਾ
ਹਿਮਾਚਲੀ ਜਿਸ ਇਲਾਕੇ ’ਚ ਰਹਿੰਦੀ ਹੈ, ਉਹ ਸੰਘਣਾ ਇਲਾਕਾ ਹੈ। ਉਸ ਦੀਆਂ ਕੁਝ ਆਦਤਾਂ ਕਾਰਨ ਕੋਈ ਵੀ ਗੁਆਂਢੀ ਉਸ ਨੂੰ ਬੁਲਾਉਂਦਾ ਨਹੀਂ ਸੀ। ਘਰ ’ਚ ਕੁਝ ਅਣਪਛਾਤੇ ਲੋਕਾਂ ਦਾ ਵੀ ਆਉਣਾ-ਜਾਣਾ ਸੀ, ਜਿਸ ਕਾਰਨ ਅਕਸਰ ਲੋਕਾਂ ਦੀ ਨਜ਼ਰ ਹਿਮਾਚਲੀ ਦੇ ਘਰ ’ਤੇ ਬਣੀ ਰਹਿੰਦੀ ਸੀ। ਹਿਮਾਚਲੀ ਨੂੰ ਪਤਾ ਸੀ ਕਿ ਜੇਕਰ ਉਹ ਕਿਸੇ ਤੇਜ਼ਧਾਰ ਹਥਿਆਰ ਜਾਂ ਕਿਸੇ ਹੋਰ ਚੀਜ਼ ਨਾਲ ਨਕੁਲ ਦੀ ਹੱਤਿਆ ਕਰਦੀ ਹੈ ਤਾਂ ਕਾਫੀ ਰੌਲਾ ਪਵੇਗਾ ਤੇ ਲੋਕਾਂ ਦੀ ਭੀੜ ਇਕੱਠੀ ਹੋ ਜਾਵੇਗੀ। ਅਜਿਹੇ ’ਚ ਹਿਮਾਚਲੀ ਨੇ ਸ਼ਰਾਬ ’ਚ ਜ਼ਹਿਰ ਦੇ ਕੇ ਨਕੁਲ ਨੂੰ ਟਿਕਾਣੇ ਲਾਉਣ ਦੀ ਪਲਾਨਿੰਗ ਤਿਆਰ ਕੀਤੀ ਸੀ।

ਹੱਤਿਆ ’ਚ ਪਤੀ ਦਾ ਨਾਂ ਲਾ ਰਹੀ ਸੀ ਮੁਲਜ਼ਮ ਔਰਤ
ਹੈਰਾਨੀ ਦੀ ਗੱਲ ਹੈ ਕਿ ਹਿਮਾਚਲੀ ਇਸ ਹੱਤਿਆ ’ਚ ਆਪਣੇ ਕਥਿਤ ਪਤੀ ਦਾ ਨਾਂ ਲਾ ਰਹੀ ਸੀ ਪਰ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਸ਼ੁੱਕਰਵਾਰ ਰਾਤ ਨੂੰ ਤਾਂ ਹਿਮਾਚਲੀ ਆਪਣੇ ਘਰ ’ਚ ਹੀ ਰਹੀ ਪਰ ਬਾਅਦ ’ਚ ਉਹ ਵੱਖ-ਵੱਖ ਥਾਵਾਂ ’ਤੇ ਰੁਕੀ। ਘਰ ਤੋਂ ਬਦਬੂ ਆਉਣ ਲੱਗੀ ਤਾਂ ਉਹ ਖੁਦ ਘਰ ਨੂੰ ਤਾਲਾ ਲਾ ਕੇ ਚਲੀ ਗਈ ਸੀ। ਉਸ ਨੂੰ ਪਤਾ ਸੀ ਕਿ ਹੁਣ ਬਦਬੂ ਆਸ-ਪਾਸ ਦੇ ਲੋਕਾਂ ਨੂੰ ਵੀ ਆਉਣੀ ਸ਼ੁਰੂ ਹੋ ਜਾਵੇਗੀ, ਜਿਸ ਕਾਰਨ ਉਸ ਨੇ ਆਪਣੇ ਕਥਿਤ ਪਤੀ ਦੇ ਰਿਸ਼ਤੇਦਾਰਾਂ ਤੱਕ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਪ੍ਰਮੋਦ ਨੇ ਹੱਤਿਆ ਕਰ ਕੇ ਵਿਅਕਤੀ ਦੀ ਲਾਸ਼ ਨੂੰ ਬੈੱਡ ਬਾਕਸ ’ਚ ਲੁਕੋ ਰੱਖਿਆ ਹੈ। ਪੁਲਸ ਨੂੰ ਵੀ ਹਿਮਾਚਲੀ ਨੇ ਇਹੀ ਗੱਲਾਂ ਦੱਸੀਆਂ ਪਰ ਪੁਲਸ ਦੀ ਇਨਵੈਸਟੀਗੇਸ਼ਨ ’ਚ ਸਾਰੀ ਸੱਚਾਈ ਸਾਹਮਣੇ ਆਈ, ਜਿਸ ਕਾਰਨ ਕੋਈ ਬੇਕਸੂਰ ਇਸ ਮਾਮਲੇ ’ਚ ਨਹੀਂ ਫਸਿਆ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


Inder Prajapati

Content Editor

Related News