ਮੋਦੀ ਦੇ ਇਸ਼ਾਰਿਆਂ ’ਤੇ ਚੱਲ ਰਹੇ ਹਨ ਕੇਜਰੀਵਾਲ : ਰਵਨੀਤ ਬਿੱਟੂ
Thursday, Feb 03, 2022 - 10:57 AM (IST)
 
            
            ਮਾਨਸਾ (ਸੰਦੀਪ ਮਿੱਤਲ): ਮੈਂਬਰ ਪਾਰਲੀਮੈਂਟ ਲੁਧਿਆਣਾ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਵਜੋਂ ਚਿਹਰਾ ਐਲਾਨਣਾ ਲਗਭਗ ਤੈਅ ਹੈ। ਮੁੱਖ ਮੰਤਰੀ ਵਜੋਂ ਚੰਨੀ ਸਾਹਿਬ ਨੇ ਆਪਣੇ ਕਾਰਜਕਾਲ ਦੌਰਾਨ ਜੋ ਕੰਮ ਕੀਤੇ, ਉਸ ’ਤੇ ਪੰਜਾਬ ਦੇ ਲੋਕ ਅਤੇ ਹਾਈ ਕਮਾਂਡ ਪੂਰੀ ਤਰ੍ਹਾਂ ਸੰਤੁਸ਼ਟ ਹਨ । ਅੱਜ ਰਮਦਿੱਤਾ ਚੌਕ ਮਾਨਸਾ ਸਰਦੂਲਗੜ੍ਹ ਤੋਂ ਕਾਂਗਰਸੀ ਉਮੀਦਵਾਰ ਬਿਕਰਮ ਸਿੰਘ ਮੋਫਰ ਦੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਪ੍ਰੈੱਸ ਕਾਨਫਰੰਸ ਦੌਰਾਨ ਮੈਂਬਰ ਪਾਰਲੀਮੈਂਟ ਬਿੱਟੂ ਨੇ ਕਿਹਾ ਕਿ ਪੰਜਾਬ ਲੋਕ ਕਾਂਗਰਸ ਬਣੀ ਨਵੀਂ ਪਾਰਟੀ ਦੀ ਕੋਈ ਬੁਨਿਆਦ ਨਾ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਇਕੱਲੇ ਪੈ ਗਏ ਹਨ। ਉਨ੍ਹਾਂ ਦਾ ਸਾਥ ਤਾਂ ਧਰਮ ਪਤਨੀ ਪ੍ਰਨੀਤ ਕੌਰ ਨੇ ਵੀ ਨਹੀਂ ਦਿੱਤਾ। ਹੋਰ ਲੀਡਰ ਦਾਲ ਨਾ ਗਲਦੀ ਦੇਖ ਕੇ ਮੁੜ ਆਪਣੀ ਮਾਂ ਪਾਰਟੀ ਕਾਂਗਰਸ ਵੱਲ ਮੁੜਨ ਲੱਗ ਪਏ ਹਨ। ਆਮ ਆਦਮੀ ਪਾਰਟੀ ਬਾਰੇ ਪੁੱਛੇ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਕੇਜਰੀਵਾਲ ਆਰ. ਐੱਸ. ਐੱਸ. ਦਾ ਏਜੰਟ ਹੈ। ਉਹ ਨਰਿੰਦਰ ਮੋਦੀ ਦੇ ਇਸ਼ਾਰਿਆਂ ’ਤੇ ਚੱਲ ਰਿਹਾ ਹੈ। ਇਸੇ ਕਾਰਨ ਉਹ ਸਿੱਖ ਚਿਹਰਿਆਂ ਨੂੰ ਅੱਗੇ ਲਿਆਉਣਾ ਪਸੰਦ ਨਹੀਂ ਕਰਦਾ।
ਇਹ ਵੀ ਪੜ੍ਹੋ : ਛੱਪੜ ਦਾ ਕਾਲਾ ਪਾਣੀ ਪੀਂਦੇ ਨੇ ਲੋਕ, ਲੀਡਰਾਂ ਨੂੰ ਵੋਟਾਂ ਵੇਲੇ ਯਾਦ ਆਉਂਦੈ ਇਸ ਪਿੰਡ ਦਾ ਰਾਹ(ਵੀਡੀਓ)
ਦਿੱਲੀ ’ਚ ਵਾਪਰੀ ਜਬਰ-ਜ਼ਨਾਹ ਦੀ ਘਟਨਾ ’ਤੇ ਮੈਂਬਰ ਪਾਰਲੀਮੈਂਟ ਬਿੱਟੂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਦੱਸਣ ਉਹ ਕਿਥੇ ਸਨ। ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਮਾਲਵੇ ’ਚ ਕਾਂਗਰਸ ਦੀ ‘ਆਪ’ ਨਾਲ, ਮਾਝੇ ’ਚ ਅਕਾਲੀ ਦਲ ਨਾਲ ਅਤੇ ਦੁਆਬੇ ’ਚ ਰੱਲਵੀਂ ਟੱਕਰ ਹੈ ਪਰ ਪੰਜਾਬ ’ਚ ਭਾਰੀ ਬਹੁਮਤ ਨਾਲ ਕਾਂਗਰਸ ਦੀ ਜਿੱਤ ਹੋਵੇਗੀ। ਇਸ ਮੌਕੇ ਸਾਬਕਾ ਕਾਂਗਰਸੀ ਵਿਧਾਇਕ ਅਜੀਤਇੰਦਰ ਸਿੰਘ ਮੋਫਰ, ਸਰਦੂਲਗੜ੍ਹ ਤੋਂ ਕਾਂਗਰਸੀ ਉਮੀਦਵਾਰ ਬਿਕਰਮ ਸਿੰਘ ਮੋਫਰ, ਕਾਂਗਰਸੀ ਨੇਤਾ ਗੁਰਪ੍ਰੀਤ ਸਿੰਘ ਵਿੱਕੀ , ਸੁਰੇਸ਼ ਨੰਦਗੜੀਆ, ਮਨਦੀਪ ਸਿੰਘ ਗੋਰਾ ਆਦਿ ਹਾਜ਼ਰ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            