ਪੱਤਰਕਾਰ ਖਿਲਾਫ ਕੀਤੀ ਗਲਤ ਟਿੱਪਣੀ ਨੂੰ ਲੈ ਕੇ ਕਾਂਗਰਸੀ ਆਗੂ ਖਿਲਾਫ ਨਿੰਦਾ ਪ੍ਰਸਤਾਵ ਜਾਰੀ
Saturday, Aug 08, 2020 - 07:43 PM (IST)

ਜਲਾਲਾਬਾਦ,(ਨਿਖੰਜ,ਜਤਿੰਦਰ ) : ਜਲਾਲਾਬਾਦ ਬਲਾਕ ਨਾਲ ਸਬੰਧਿਤ ਯੂਥ ਕਾਂਗਰਸ ਦੇ ਪ੍ਰਧਾਨ ਪਰਮਿੰਦਰ ਦੀਪੂ ਵਲੋਂ ਇਕ ਅਖਬਾਰ ਦੇ ਸ਼ੋਸ਼ਲ ਮੀਡੀਆ ਦੇ ਪੇਜ਼ 'ਤੇ ਲਾਈਵ ਹੋ ਕੇ ਇਕ ਪੱਤਰਕਾਰ ਵਿਰੁੱਧ ਗਲਤ ਟਿੱਪਣੀਆਂ ਤੇ ਬਲੈਕਮੇਲਿੰਗ ਜਿਹੇ ਦੋਸ਼ ਲਗਾਏ ਗਏ। ਜਿਸ ਦੇ ਵਿਰੋਧ 'ਚ ਅੱਜ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਤੇ ਸ਼ੋਸਲ ਮੀਡੀਆ ਨਾਲ ਸਬੰਧਿਤ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਜਲਾਲਾਬਾਦ ਦੇ ਇੱਕ ਨਿੱਜੀ ਹੋਟਲ 'ਚ ਸੰਪੰਨ ਹੋਈ। ਜਿਸ 'ਚ ਯੂਥ ਕਾਂਗਰਸ ਦੇ ਆਗੂ ਖਿਲਾਫ ਨਿੰਦਾ ਪ੍ਰਸਤਾਵ ਜਾਰੀ ਕੀਤਾ ਗਿਆ ਅਤੇ ਨਾਲ ਹੀ ਸਮੁੱਚੇ ਭਾਈਚਾਰੇ ਨੇ ਸਪੱਸ਼ਟ ਕੀਤਾ ਕਿ ਤੱਥਹੀਣ ਦੋਸ਼ ਲਗਾਉਣ ਵਾਲੇ ਯੂਥ ਕਾਂਗਰਸ ਵਿਰੁੱਧ ਲਿਖਤੀ ਸ਼ਿਕਾਇਤ ਦੇਣਗੇ ਅਤੇ ਕਾਂਗਰਸ ਹਾਈਕਮਾਨ ਤੋਂ ਮੰਗ ਕੀਤੀ ਜਾਵੇਗੀ ਕਿ ਉਕਤ ਯੂਥ ਆਗੂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਸ ਤੋ ਬਾਅਦ ਪੱਤਰਕਾਰ ਭਾਈਚਾਰੇ ਦਾ ਵਫਦ ਕਾਂਗਰਸ ਦਫਤਰ 'ਚ ਵਿਧਾਇਕ ਰਮਿੰਦਰ ਆਵਲਾ ਨੂੰ ਮਿਲਿਆ, ਜਿੱਥੇ ਉਨ੍ਹਾਂ ਨੂੰ ਮੰਗ ਪੱਤਰ ਸੌਂਪ ਕੇ ਕਾਰਵਾਈ ਦੀ ਮੰਗ ਕੀਤੀ ਗਈ ਅਤੇ 2 ਦਿਨ ਦਾ ਸਮਾਂ ਦਿੱਤਾ ਗਿਆ ਕਿ ਜੇਕਰ ਪੱਤਰਕਾਰ ਨੇ ਬਲੈਕਮੇਲ ਕੀਤਾ ਹੈ ਤਾਂ ਉਹ ਸਬੂਤ ਪੇਸ਼ ਕੀਤੇ ਜਾਣ ਅਤੇ ਜੇਕਰ ਯੂਥ ਕਾਂਗਰਸ ਦੇ ਪ੍ਰਧਾਨ ਨੇ ਮਨਘੜਤ ਗੱਲਾਂ ਬਣਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਯੂਥ ਪ੍ਰਧਾਨ ਨੂੰ ਅਹੁੱਦੇ ਤੋਂ ਬਰਖਾਸਤ ਕੀਤਾ ਜਾਵੇ। ਉਧਰ ਮੰਗ ਪੱਤਰ ਲੈਣ ਤੋਂ ਬਾਅਦ ਵਿਧਾਇਕ ਰਮਿੰਦਰ ਆਵਲਾ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਦੇ ਵਿਰੁੱਧ ਇਸ ਤਰ੍ਹਾਂ ਦੇ ਦੋਸ਼ ਨਿੰਦਣਯੋਗ ਹਨ ਅਤੇ ਜੇਕਰ ਯੂਥ ਕਾਂਗਰਸ ਦੇ ਪ੍ਰਧਾਨ ਨੇ ਬਿਨਾ ਵਜ੍ਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਉਹ ਗਲਤ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।