ਸਰਵਿਸ ਰੋਡ ਦੇ ਨਿਰਮਾਣ ਕਾਰਜ ''ਚ ਅੜਿੱਕਾ ਬਣ ਰਹੇ ਨੇ ਨਾਜਾਇਜ਼ ਕਬਜ਼ਾਧਾਰੀ

09/05/2019 11:38:44 AM

ਜਲਾਲਾਬਾਦ (ਸੁਮਿਤ) - ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਬਣ ਰਿਹਾ ਓਵਰਬ੍ਰਿਜ ਆਲੇ-ਦੁਆਲੇ ਦੇ ਬਸ਼ਿੰਦਿਆਂ ਲਈ ਮੁਸੀਬਤ ਬਣ ਰਿਹਾ, ਕਿਉਂਕਿ ਓਵਰਬ੍ਰਿਜ ਨਾਲ ਸਰਵਿਸ ਰੋਡ ਨਾ ਬਣਨ ਕਾਰਨ ਇਥੋਂ ਦੇ ਬਸ਼ਿੰਦੇ ਪ੍ਰਸ਼ਾਸਨ ਨੂੰ ਦੁਹਾਈ ਦੇ ਚੁੱਕੇ ਹਨ। ਨਾਜਾਇਜ਼ ਕਬਜ਼ਾਧਾਰੀਆਂ ਦੀ ਕਥਿਤ ਸਿਫਾਰਸ਼ ਕਾਰਨ ਜ਼ਿਲਾ ਅਤੇ ਲੋਕਲ ਪ੍ਰਸ਼ਾਸਨ ਸਰਵਿਸ ਰੋਡ ਦੇ ਨਕਸ਼ੇ ਮੁਤਾਬਕ ਰੋਡ ਤਿਆਰ ਕਰਨ 'ਚ ਲਾਚਾਰ ਸਾਬਤ ਹੋ ਰਿਹਾ ਹੈ। ਇਸ ਸਬੰਧੀ ਇਥੋਂ ਦੇ ਬਸ਼ਿੰਦਿਆਂ ਦਾ ਇਕ ਵਫਦ ਐੱਸ. ਡੀ. ਐੱਮ. ਕੇਸ਼ਵ ਗੋਇਲ ਰਾਹੀਂ ਜ਼ਿਲਾ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਨੂੰ ਮਿਲਿਆ। ਵਫਦ ਨੇ ਆਪਣੀਆਂ ਸਮੱਸਿਆਵਾਂ ਜ਼ਿਲਾ ਡੀ.ਸੀ ਅੱਗੇ ਰੱਖੀਆਂ ਪਰ ਦੂਜੇ ਪਾਸੇ ਮੀਟਿੰਗ ਦੌਰਾਨ ਇਸ ਵਫਦ ਨੂੰ ਸਿਵਾਏ ਨਿਰਾਸ਼ਾ ਦੇ ਕੁਝ ਹੱਥ ਨਹੀਂ ਲੱਗਾ। ਡੀ.ਸੀ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਕਾਨੂੰਨ ਮੁਤਾਬਕ ਕੰਮ ਕਰ ਰਿਹਾ ਹੈ ਅਤੇ ਕਾਨੂੰਨੀ ਪ੍ਰਕਿਰਿਆ ਅਨੁਸਾਰ ਹੀ ਕਬਜ਼ੇ ਹਟਾਏ ਜਾਣਗੇ।

ਜਾਣਕਾਰੀ ਦਿੰਦੇ ਹੋਏ ਸਾਜਨ, ਅਸ਼ੋਕ ਕੁਮਾਰ, ਸੁਰਿੰਦਰ ਕੁਮਾਰ, ਓਰਿੰਦਰ ਪਾਲ ਅਤੇ ਮਨਿੰਦਰ ਸਿੰਘ ਨੇ ਦੱਸਿਆ ਕਿ ਸ੍ਰੀ ਮੁਕਤਸਰ ਸਾਹਿਬ ਰੋਡ 'ਤੇ ਬਣ ਰਹੇ ਓਵਰਬ੍ਰਿਜ ਦੇ ਨਾਲ-ਨਾਲ ਸਬੰਧਤ ਵਿਭਾਗ ਵਲੋਂ ਸਰਵਿਸ ਰੋਡ ਦੇਣਾ ਜ਼ਰੂਰੀ ਹੁੰਦਾ ਹੈ। ਇਸ ਸਬੰਧੀ ਨਿਸ਼ਾਨਦੇਹੀ ਵੀ ਸਮੇਂ-ਸਮੇਂ 'ਤੇ ਕੀਤੀ ਗਈ ਹੈ ਪਰ ਕੁਝ ਨਾਜਾਇਜ਼ ਕਬਜ਼ਾਧਾਰੀ ਆਪਣੀ ਸਿਆਸੀ ਪਹੁੰਚ ਕਾਰਨ ਰੋਡ 'ਤੇ ਆ ਰਹੀ ਜਗ੍ਹਾ ਨੂੰ ਛੱਡਣ ਨੂੰ ਤਿਆਰ ਨਹੀਂ ਹਨ। ਇਨ੍ਹਾਂ ਕਬਜ਼ਿਆਂ ਕਾਰਨ ਕਰੀਬ 20 ਫੁੱਟ ਦਾ ਰਸਤਾ 10 ਫੁੱਟ ਦਾ ਰਹਿ ਜਾਂਦਾ ਹੈ, ਜਦਕਿ ਇਨ੍ਹਾਂ ਨੂੰ ਕਬਜ਼ੇ ਹਟਾਉਣ ਲਈ ਲੋਕ ਨਿਰਮਾਣ ਵਿਭਾਗ ਵਲੋਂ ਚਿੱਠੀਆਂ ਜਾਰੀ ਕੀਤੀਆਂ ਗਈਆਂ ਸਨ। ਕਬਜ਼ਾ ਨਾ ਹਟਾਉਣ ਦੀ ਸੂਰਤ 'ਚ ਕਾਰਵਾਈ ਕਰਨ ਦੇ ਹੁਕਮ ਸਨ ਪਰ ਨਾਜਾਇਜ਼ ਕਬਜ਼ਾਧਾਰੀਆਂ ਦੀ ਪਹੁੰਚ ਇੰਨੀ ਜ਼ਿਆਦਾ ਹੈ ਕਿ ਸਰਕਾਰ ਦੇ ਆਪਣੇ ਕੰਮ ਅਟਕੇ ਪਏ ਹਨ ਅਤੇ ਇਸ ਦਾ ਖਮਿਆਜ਼ਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਸਰਵਿਸ ਰੋਡ ਨਾ ਬਣਨ ਕਾਰਨ ਉਨ੍ਹਾਂ ਦੇ ਕਾਰੋਬਾਰ ਠੱਪ ਹੋ ਚੁੱਕੇ ਹਨ ਅਤੇ ਉਨ੍ਹਾਂ ਦੇ ਆਰਥਿਕ ਨੁਕਸਾਨ ਲਈ ਸਿਰਫ ਪ੍ਰਸ਼ਾਸਨ ਜ਼ਿੰਮੇਵਾਰ ਹੈ।


rajwinder kaur

Content Editor

Related News