ਸ਼ਹੀਦ ਜਗਸੀਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ
Thursday, Aug 29, 2019 - 12:02 PM (IST)

ਭੁੱਚੋ ਮੰਡੀ(ਨਾਗਪਾਲ) : ਨਜ਼ਦੀਕੀ ਪਿੰਡ ਚੱਕ ਰਾਮ ਸਿੰਘ ਵਾਲਾ ਦਾ 22 ਸਾਲਾ ਫੌਜੀ ਜਗਸੀਰ ਸਿੰਘ ਤਾਮਿਲਨਾਡੂ ’ਚ ਗੋਲੀ ਲੱਗਣ ਨਾਲ ਸ਼ਹੀਦ ਹੋ ਗਿਆ। ਇਸ ਦੀ ਜਾਣਕਾਰੀ ਮਿਲਦੇ ਹੀ ਪਰਿਵਾਰ ਅਤੇ ਪਿੰਡ ’ਚ ਸੋਗ ਦੀ ਲਹਿਰ ਦੌਡ਼ ਗਈ। ਕਰੀਬ ਢਾਈ ਸਾਲ ਪਹਿਲਾਂ 17 ਜੈਕ ਰਾਈਫਲ ਬਟਾਲੀਅਨ ’ਚ ਭਰਤੀ ਹੋਇਆ 5 ਭੈਣਾਂ ਦਾ ਸਭ ਤੋਂ ਛੋਟਾ ਇਕਲੌਤਾ ਭਰਾ ਦੇਸ਼ ਲਈ ਸ਼ਹੀਦ ਹੋ ਗਿਆ।
ਜਗਸੀਰ ਸਿੰਘ ਦੇ ਪਿਤਾ ਮਲਕੀਤ ਸਿੰਘ ਨੇ ਦਸਿਆ ਕਿ 13 ਅਗਸਤ ਨੂੰ ਹੀ ਉਹ ਛੁੱਟੀ ਕੱਟ ਕੇ ਵਾਪਸ ਆਪਣੀ ਡਿਊਟੀ ’ਤੇ ਤਾਮਿਲਨਾਡੂ ਗਿਆ ਸੀ। ਕੱਲ ਫੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਕਿ ਜਗਸੀਰ ਸਿੰਘ ਸ਼ਹੀਦ ਹੋ ਗਿਆ ਹੈ। ਖਬਰ ਸੁਣਦਿਆਂ ਹੀ ਜਗਸੀਰ ਦੀਆਂ ਭੈਣਾਂ ਦਾ ਰੋ-ਰੋ ਕੇ ਬੁਰਾ ਹਾਲ ਸੀ, ਜਦੋਂ ਐਂਬੂਲੈਂਸ ’ਚ ਫੌਜੀਆਂ ਨੇ ਉਸ ਦੀ ਮ੍ਰਿਤਕ ਦੇਹ ਲਿਆਂਦੀ ਤਾਂ ਮੌਜੂਦ ਲੋਕਾਂ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪਿੰਡ ਵਾਸੀ ਸੁਖਪਾਲ ਸਿੰਘ ਸੁੱਖੀ, ਜਸਵਿੰਦਰ ਸਿੰਘ ਜੱਸੀ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਗਸੀਰ 2 ਸਾਲ ਦਾ ਸੀ, ਜਦੋਂ ਉਸ ਦੀ ਮਾਤਾ ਦੀ ਮੌਤ ਹੋ ਗਈ ਸੀ। ਇਸ ਨੂੰ ਪਿਤਾ ਅਤੇ ਭੈਣਾਂ ਨੇ ਬਹੁਤ ਹੀ ਲਾਡ ਪਿਆਰ ਨਾਲ ਪਾਲਿਆ ਸੀ। ਇਸ ਤੋਂ ਬਾਅਦ ਪਿੰਡ ਦੇ ਸ਼ਮਸ਼ਾਨਘਾਟ ’ਚ ਸਰਕਾਰੀ ਸਨਮਾਨਾਂ ਨਾਲ ਜਗਸੀਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪ੍ਰਸ਼ਾਸਨ ਵਲੋਂ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ, ਡੀ. ਐੱਸ. ਪੀ. ਗੋਪਾਲ ਚੰਦ, ਚੌਕੀ ਇੰੰਚਾਰਜ ਹਰਿਗੋਬਿੰਦ ਸਿੰਘ, ਰਿਟਾਇਰਡ ਫੌਜੀ ਸਮੇਤ ਪਿੰਡ ਦੇ ਪਤਵੰਤੇ ਸੱਜਣਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ।