ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣਾ ਮੇਰਾ ਫਰਜ : ਵਿਜੈ ਇੰਦਰ ਸਿੰਗਲਾ

02/08/2022 1:17:40 PM

ਸੰਗਰੂਰ,  (ਦਲਜੀਤ ਸਿੰਘ ਬੇਦੀ,ਵਿਵੇਕ ਸਿੰਧਵਾਨੀ) : ਵਿਧਾਨ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਵਿਜੈ ਇੰਦਰ ਸਿੰਗਲਾ ਦੇ ਚੋਣ ਸਮਾਗਮਾਂ ’ਚ ਲੋਕਾਂ ਦੀ ਭਰਵੀਂ ਇਕੱਤਰਤਾ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਸਥਿਤੀ ਦਿਨ ਬ-ਦਿਨ ਮਜ਼ਬੂਤੀ ਵੱਲ ਵਧ ਰਹੀ ਹੈ । ਸ਼ਹਿਰ ਦੇ ਰਵਿਦਾਸ ਨਗਰ ’ਚ ਹੋਏ ਇੱਕ ਚੋਣ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਲਾਕੇ ਦਾ ਸਰਬਪੱਖੀ ਵਿਕਾਸ ਕਰਵਾਉਣ ਨੂੰ ਉਨ੍ਹਾਂ ਨੇ ਆਪਣਾ ਮੁਢਲਾ ਫ਼ਰਜ਼ ਸਮਝਿਆ ਹੈ ਜਿਸ ਤਹਿਤ ਇਲਾਕੇ ’ਚ ਸਿਹਤ ਸਹੂਲਤਾਂ ਸਿੱਖਿਆ ਸਹੂਲਤਾਂ ਨੂੰ ਮਜ਼ਬੂਤ ਕਰਨ ਦੇ ਨਾਲ ਨਾਲ ਰੁਜ਼ਗਾਰ ਦੇ ਸਾਧਨ ਪੈਦਾ ਕਰਨ ਲਈ ਵੀ ਉਪਰਾਲੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਨੇੜਲੇ ਪਿੰਡ ਦੇਹ ਕਲਾਂ ’ਚ ਲੱਗਣ ਵਾਲੀ ਸੀਮਿੰਟ ਫੈਕਟਰੀ ਨਾਲ ਇਲਾਕੇ ਦੇ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ ਤੇ ਇਲਾਕੇ ’ਚ ਤਿੰਨ ਦਹਾਕਿਆਂ ਬਾਅਦ ਕੋਈ ਵੱਡੀ ਫੈਕਟਰੀ ਆਈ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਨਸ਼ੇ ਵਾਲੇ ਪਦਾਰਥਾਂ ਦੀ ਸਮੱਗਲਿੰਗ ਲਈ ਮੱਧ ਪ੍ਰਦੇਸ਼ ਤੇ ਰਾਜਸਥਾਨ ਦੀਆਂ ਸਰਕਾਰਾਂ ਵੀ ਦੋਸ਼ੀ : ਸ਼ੇਖਾਵਤ

ਉਨ੍ਹਾਂ ਕਿਹਾ ਕਿ ਇਲਾਕੇ ਦੇ ਸਾਰੇ ਸਕੂਲਾਂ ਨੂੰ ਸਮੇਂ ਦਾ ਹਾਣੀ ਬਨਾਉਣ ਲਈ ਨਵੀਆਂ ਇਮਾਰਤਾਂ ਬਣਾਈਆਂ ਹਨ ਤੇ ਸਕੂਲਾਂ ’ਚ ਕੰਪਿਊਟਰ ਸਿੱਖਿਆ ਸ਼ੁਰੂ ਕੀਤੀ ਗਈ ਤੇ ਹੁਣ ਕੋਈ ਵੀ ਸਰਕਾਰੀ ਸਕੂਲ ਪ੍ਰਾਈਵੇਟ ਸਕੂਲ ਤੋਂ ਘੱਟ ਨਹੀਂ ਹੇੈ। ਇਸ ਦੇ ਨਾਲ-ਨਾਲ ਇਲਾਕੇ ਦੀ ਹਰ ਸੜਕ ਨੂੰ ਨਵਾਂ ਅਤੇ ਚੌੜਾ ਬਣਾਕੇ ਚਿੱਟੀ ਪੱਟੀ ਲਗਾਈ ਗਈ ਹੈ ਤਾਂ ਜੋ ਧੁੰਦ ਵਿੱਚ ਅਤੇ ਰਾਤ ਸਮੇਂ ਲੋਕਾਂ ਨੂੰ ਰਾਹਤ ਮਿਲ ਸਕੇ । ਉਨ੍ਹਾਂ ਕਿਹਾ ਕਿ ਇਲਾਕੇ ਦੇ ਸਰਬਪੱਖੀ ਵਿਕਾਸ ਕਰਵਾਉਣ ਲਈ ਉਹ ਅਪਣੇ ਯਤਨ ਜਾਰੀ ਰੱਖਣਗੇ ਤੇ ਇਲਾਕਾ ਨਿਵਾਸੀਆਂ ਦੀ ਹਰ ਉਮੀਦ ’ਤੇ ਖਰਾ ਉਤਰਨਗੇ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Anuradha

Content Editor

Related News