ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

Tuesday, Jun 21, 2022 - 10:24 PM (IST)

ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਚੰਡੀਗੜ੍ਹ (ਬਿਊਰੋ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਚੀਫ਼ ਜਸਟਿਸ ਰਵੀ ਸ਼ੰਕਰ ਝਾਅ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਹਾਈਕੋਰਟ, ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਮਾਣਯੋਗ ਸੁਪਰੀਮ ਕੋਰਟ ਅਤੇ ਨਿਆਂ ਵਿਭਾਗ, ਭਾਰਤ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਨਾਏ ਗਏ ਇਸ ਸਮਾਗਮ ’ਚ ਮਾਣਯੋਗ ਜੱਜ ਸਾਹਿਬਾਨ, ਐਡਵੋਕੇਟ ਜਨਰਲ, ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਮੈਂਬਰਾਂ, ਹਾਈਕੋਰਟ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ ਅਤੇ ਉਤਸ਼ਾਹ ਨਾਲ ਵੱਖ-ਵੱਖ ਯੋਗ ਤੇ ਧਿਆਨ ਆਸਣ ਕੀਤੇ। ਇਸ ਮੌਕੇ ਸੰਬੋਧਨ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮਾਣਯੋਗ ਜੱਜ ਜਸਟਿਸ ਆਗਸਟੀਨ ਜਾਰਜ ਮਸੀਹ ਨੇ ਸਮਾਗਮ ’ਚ ਸ਼ਮੂਲੀਅਤ ਕਰਨ ਵਾਲਿਆਂ ਨੂੰ ਯੋਗ ਦੇ ਫ਼ਾਇਦਿਆਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਯੋਗ ਪ੍ਰਾਚੀਨ ਭਾਰਤੀ ਪ੍ਰੰਪਰਾ ਦਾ ਅਨਮੋਲ ਤੋਹਫ਼ਾ ਹੈ ਅਤੇ ਇਹ ਸਰੀਰਕ ਵਿਕਾਸ ਅਤੇ ਮਾਨਸਿਕ ਆਰਾਮ ’ਚ ਸਹਾਈ ਹੋਣ ਦੇ ਨਾਲ-ਨਾਲ ਤਾਕਤ, ਲਚਕਤਾ ਅਤੇ ਰੋਗ-ਪ੍ਰਤੀਰੋਧਕ ਸਮਰੱਥਾ ’ਚ ਵਾਧਾ ਕਰਦਾ ਹੈ।

ਮਹਾਮਾਰੀ ਦੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਕਿਉਂਕਿ ਮਹਾਮਾਰੀ ਕਾਰਨ ਲੋਕ ਸਰੀਰਕ ਅਤੇ ਮਾਨਸਿਕ ਤਣਾਅ ’ਚੋਂ ਲੰਘ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗ ਸਿਰਫ਼ ਕਸਰਤ ਹੀ ਨਹੀਂ ਹੈ, ਸਗੋਂ ਖ਼ੁਦ ਨਾਲ ਅਤੇ ਸੰਸਾਰ ਤੇ ਕੁਦਰਤ ਨਾਲ ਇਕਮਿਕਤਾ ਦੀ ਭਾਵਨਾ ਨੂੰ ਖੋਜਣਾ ਹੈ।ਜ਼ਿਕਰਯੋਗ ਹੈ ਕਿ ਹਰ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਣ ਵਾਲਾ ਅੰਤਰਰਾਸ਼ਟਰੀ ਯੋਗ ਦਿਵਸ ਇਸ ਸਾਲ ‘ਮਨੁੱਖਤਾ ਲਈ ਯੋਗ’ ਵਿਸ਼ੇ ਤਹਿਤ ਮਨਾਇਆ ਜਾ ਰਿਹਾ ਹੈ ਤਾਂ ਕਿ ਯੋਗ ਦੀ ਮਹੱਤਤਾ ਅਤੇ ਸਰੀਰ ਤੇ ਮਨ ਨੂੰ ਤੰਦਰੁਸਤ ਰੱਖਣ ਲਈ ਇਸ ਦੇ ਫ਼ਾਇਦਿਆਂ ਨੂੰ ਉਜਾਗਰ ਕੀਤਾ ਜਾ ਸਕੇ।
 


author

Manoj

Content Editor

Related News