ਠੱਗੀ ਦੇ ਮਾਮਲੇ ’ਚ ਜਿਊਲਰਜ਼ ਨੂੰ 2 ਸਾਲ ਦੀ ਕੈਦ

12/20/2018 6:49:51 AM

ਬਠਿੰਡਾ, (ਵਰਮਾ)- ਠੱਗੀ ਦੇ ਇਕ ਮਾਮਲੇ ’ਚ ਮਹਾਨਗਰ ਦੇ ਇਕ ਪ੍ਰਸਿੱਧ ਰਾਧਿਕਾ ਜਿਊਲਰਜ਼ ਦੇ ਸੰਚਾਲਕ ਰਾਕੇਸ਼ ਕੁਮਾਰ ਨੂੰ ਅਦਾਲਤ ਨੇ 2 ਸਾਲ ਦੀ ਕੈਦ ਤੇ 1 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਉਕਤ ਜਿਊਲਰਜ਼ ਰਾਕੇਸ਼ ਕੁਮਾਰ ਤੇ ਉਸਦੇ ਭਾਈ ਵਿਨੋਦ ਕੁਮਾਰ ਖਿਲਾਫ ਥਾਣਾ ਕੋਤਵਾਲੀ ਪੁਲਸ ਨੇ 24 ਦਸੰਬਰ 2012 ਨੂੰ ਸਾਢੇ 14 ਲੱਖ ਦੀ ਠੱਗੀ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਜੈਲ ਜਿਊਲਰਜ਼ ਦੇ ਮਾਲਿਕ ਸਤਿੰਦਰ ਕੁਮਾਰ ਜੈਨ, ਸੁਪਰ ਜਿਊਲਰਜ਼ ਦੇ ਅਜੇ ਕੁਮਾਰ, ਸਰਸਵਤੀ ਇੰਪੋਰੀਅਮ ਦੇ ਰਾਕੇਸ਼ ਕੁਮਾਰ ਭੋਲਾ ਤੇ ਸੋਨੀ ਮੈਡੀਕਲ ਏਜੰਸੀ ਦੇ ਮੋਹਨ ਲਾਲ ਨੇ ਦੱਸਿਆ ਕਿ ਰਾਕੇਸ਼ ਕੁਮਾਰ ਤੇ ਵਿਨੋਦ ਕੁਮਾਰ ਨੇ ਉਨ੍ਹਾਂ ਨੂੰ ਸਸਤੀ ਚਾਂਦੀ ਦਿਵਾਉਣ ਦੇ ਬਦਲੇ ਉਨ੍ਹਾਂ ਤੋਂ ਸਾਢੇ 14 ਲੱਖ ਰੁਪਏ ਲਏ ਸੀ ਪਰ ਬਾਅਦ ਵਿਚ ਉਕਤ ਲੋਕਾਂ ਨੇ ਉਨ੍ਹਾਂ ਨੂੰ ਨਾ ਤਾਂ ਸਸਤੀ ਚਾਂਦੀ ਦਿਵਾਈ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਉਕਤ ਮਾਮਲਾ ਅਦਾਲਤ ਵਿਚ ਚਲਾ ਗਿਆ। ਇਸ ਮਾਮਲੇ ਵਿਚ ਵਕੀਲ ਜੈ ਗੋਪਾਲ ਦੀਆਂ ਦਲੀਲਾਂ ’ਤੇ ਸਹਿਮਤ ਹੁੰਦੇ ਜੁਡੀਸ਼ੀਅਲ ਮੈਜਿਸਟ੍ਰੇਟ ਨਵਜੀਤਪਾਲ ਕੌਰ ਨੇ ਰਾਕੇਸ਼ ਕੁਮਾਰ ਨੂੰ ਦੋਸ਼ੀ ਮੰਨਦਿਆਂ ਉਸ ਨੂੰ 2 ਸਾਲ ਕੈਦ ਦੀ ਸਜ਼ਾ ਸੁਣਾਈ ਜਦਕਿ ਉਸਦੇ ਭਾਈ ਵਿਨੋਦ ਕੁਮਾਰ ਨੂੰ ਰਿਹਾਅ ਕਰ ਦਿੱਤਾ। ਬਾਅਦ ਵਿਚ ਅਦਾਲਤ ਨੇ ਜ਼ਮਾਨਤ ’ਤੇ ਰਾਕੇਸ਼ ਕੁਮਾਰ ਨੂੰ ਰਿਹਾਅ ਕਰ ਦਿੱਤਾ।


Related News