ਨਜਾਇਜ਼ ਅਸਲੇ ਸਮੇਤ ਦੋ ਵਿਅਕਤੀ ਕਾਬੂ, ਰਚ ਰਹੇ ਸਨ ਵੱਡੀ ਸਾਜਿਸ਼
Sunday, Sep 15, 2019 - 09:48 AM (IST)

ਮਾਨਸਾ, (ਸੰਦੀਪ ਮਿੱਤਲ)— ਜ਼ਿਲਾ ਪੁਲਸ ਵਲੋਂ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇਣ ਜਾ ਰਹੇ 2 ਵਿਅਕਤੀਆਂ ਨੂੰ ਪੁਲਸ ਨੇ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ 1 ਪਿਸਤੌਲ, 12 ਬੋਰ ਦੇਸੀ ਕੱਟਾ ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।
ਜ਼ਿਲਾ ਪੁਲਸ ਮੁਖੀ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਥਾਣਾ ਸਰਦੂਲਗੜ੍ਹ•ਦੀ ਪੁਲਸ ਵਲੋਂ ਕੀਤੀ ਨਾਕਾਬੰਦੀ ਦੌਰਾਨ ਫੂਸਮੰਡੀ ਕੋਲ ਮਨਜੀਤ ਸਿੰਘ (ਉਰਫ ਮਨਜੀਤ ਗਿੱਲ) ਪੁੱਤਰ ਨਿਰੰਜਨ ਸਿੰਘ ਅਤੇ ਗੁਰਮੀਤ ਸਿੰਘ ਪੁੱਤਰ ਮੱਤਾ ਸਿੰਘ ਵਾਸੀਆਨ ਮਾਖੇਵਾਲਾ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਇੱਕ ਪਿਸਤੌਲ 12 ਬੋਰ ਦੇਸੀ ਕੱਟਾ ਸਮੇਤ 2 ਜ਼ਿੰਦਾ ਕਾਰਤੂਸ ਬਰਾਮਦ ਕਰਕੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਫੜੇ ਵਿਅਕਤੀਆਂ ਨੇ ਮੁੱਢਲੀ ਪੁੱਛ-ਗਿੱਛ ਦੌਰਾਨ ਦੱਸਿਆ ਕਿ ਮਨਜੀਤ ਸਿੰਘ ਦੇ ਭਰਾ ਮੱਖਣ ਸਿੰਘ ਦੀ ਕਰੀਬ ਡੇਢ ਮਹੀਨਾ ਪਹਿਲਾਂ ਮੌਤ ਹੋ ਗਈ ਸੀ। ਉਨ੍ਹਾਂ ਨੂੰ ਸ਼ੱਕ ਸੀ ਕਿ ਉਸ ਦੇ ਭਰਾ ਨੂੰ ਕੁਲਦੀਪ ਸਿੰਘ ਵਾਸੀ ਦਾਦੂ (ਹਰਿਆਣਾ) ਨੇ ਪਾਰਾ ਦੇ ਕੇ ਮਾਰਿਆ ਹੈ। ਇਸੇ ਰੰਜਿਸ਼ ਕਰਕੇ ਕੁਲਦੀਪ ਸਿੰਘ ਦਾ ਕਤਲ ਕਰਨ ਲਈ ਇਨ੍ਹਾਂ ਨੇ ਨਜਾਇਜ਼ ਅਸਲਾ ਆਪਣੇ ਕੋਲ ਰੱਖਿਆ ਹੋਇਆ ਸੀ ਪਰ ਕੁਲਦੀਪ ਸਿੰਘ ਚਿੱਟੇ (ਹੈਰੋਇੰਨ) ਦੇ ਕੇਸ ਵਿੱਚ ਸਿਰਸਾ (ਹਰਿਆਣਾ) ਜੇਲ ਵਿੱਚ ਬੰਦ ਹੋਣ ਕਰਕੇ ਬਚ ਗਿਆ। ਦੋਸ਼ੀਆਂ ਦਾ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾਵੇਗੀ ਕਿ ਇਨ੍ਹਾਂ ਨੇ ਅਸਲਾ ਕਿੱਥੋਂ ਲਿਆਂਦਾ ਹੈ ਅਤੇ ਪਹਿਲਾਂ ਹੋਰ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕੀਤੀਆਂ ਹਨ।