ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ

Saturday, Jan 19, 2019 - 02:20 AM (IST)

ਨਾਜਾਇਜ਼ ਕਬਜ਼ਿਆਂ ’ਤੇ ਚੱਲਿਆ ਪੀਲਾ ਪੰਜਾ

ਬੁਢਲਾਡਾ, (ਮਨਜੀਤ, ਬਾਂਸਲ)- ਸਥਾਨਕ ਸ਼ਹਿਰ ਅੰਦਰ ਐੱਸ. ਡੀ. ਐੱਮ. ਬੁਢਲਾਡਾ ਅਦਿੱਤਿਆ ਡੇਚਲਵਾਲ ਦੀ ਅਗਵਾਈ ਵਿਚ ਨਾਜਾਇਜ਼ ਕਬਜ਼ਿਆਂ ਨੂੰ ਦੂਰ ਕਰਨ ਦੀ ਮੁਹਿੰਮ ਤਹਿਤ ਅੱਜ ਦੁਕਾਨਾਂ ਅੱਗੇ ਬਣੇ ਚੌਤਰੇ ਅਤੇ ਪੌਡ਼ੀਆਂ ਨੂੰ ਜੇ. ਸੀ. ਬੀ. ਮਸ਼ੀਨ ਨਾਲ ਢਾਉਣ ਦੀ ਮੁਹਿੰਮ ਜੰਗੀ ਪੱਧਰ ’ਤੇ ਜਾਰੀ ਰਹੀ। ਇਸੇ ਦੌਰਾਨ ਈ. ਓ. ਅਵਤਾਰ ਚੰਦ, ਜੇ. ਈ. ਜਤਿੰਦਰ ਸਿੰਘ, ਦਰਸ਼ਨ ਸਿੰਘ ਜੂਨੀਅਰ ਸਹਾਇਕ, ਧਰਮਪਾਲ ਜੂਨੀਅਰ ਸਹਾਇਕ, ਸਬ-ਇੰਸਪੈਕਟਰ ਬਲਦੀਪ ਕੌਰ, ਗੁਰਸ਼ਰਨ ਕੌਰ ਸਬ-ਇੰਸਪੈਕਟਰ, ਏ. ਐੱਸ. ਆਈ. ਗੁਰਮੇਲ ਸਿੰਘ  ਤੇ ਮਹਿਲਾ ਪੁਲਸ  ਟੀਮ ਦੀ ਅਗਵਾਈ ਕਰ ਰਹੇ ਐੱਸ. ਡੀ. ਐੱਮ. ਬੁਢਲਾਡਾ ਨੇ ਦੱਸਿਆ ਕਿ ਪਬਲਿਕ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਸਬੰਧੀ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਵੀ ਅੱਗੇ ਵੀ ਜਾਰੀ ਰਹੇਗੀ। ਉਨ੍ਹਾਂ ਸਮੂਹ ਦੁਕਾਨਦਾਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਦੀ ਸੁੰਦਰਤਾ ਅਤੇ ਟਰੈਫਿਕ ਦੀ ਸਮੱਸਿਆ ਦੇ ਮੁੱਦੇਨਜ਼ਰ ਉਹ ਆਪੋ ਆਪਣੀਆਂ ਦੁਕਾਨਾਂ ਅਤੇ ਘਰਾਂ ਅੱਗੇ ਕੀਤੇ ਖੁਦ ਨਾਜਾਇਜ਼ ਕਬਜ਼ੇ ਹਟਾ ਕੇ ਪ੍ਰਸ਼ਾਸਨ ਦੇ ਧੰਨਵਾਦ ਦੇ ਪਾਤਰ ਬਣਨ। ਪ੍ਰਸ਼ਾਸਨ ਦੀ ਇਸ ਕਾਰਵਾਈ ਦੇ ਖਿਲਾਫ ਕੁੱਝ ਥਾਵਾਂ ’ਤੇ ਬਹਿਸ ਵੀ ਕੀਤੀ ਪਰ ਪ੍ਰਸ਼ਾਸਨ ਦੀ ਮੁਹਿੰਮ ਨਿਰਵਿਘਨ ਜਾਰੀ ਰਹੀ। ਦੂਸਰੇ ਪਾਸੇ ਸ਼ਹਿਰ ਦੇ ਦੁਕਾਨਦਾਰ ਇਹ ਕਹਿੰਦੇ ਰਹੇ ਕਿ ਉਨ੍ਹਾਂ ਦੇ ਛੋਟੇ-ਛੋਟੇ ਚੌਤਰੇ ਢਾਹੁਣ ਤੋਂ ਪਹਿਲਾਂ ਵੱਡੇ ਨਾਜਾਇਜ਼ ਕਬਜ਼ੇ ਕਿਉਂ ਨਹੀਂ ਦੂਰ ਕਰਵਾਏ ਜਾ ਰਹੇ। 


author

KamalJeet Singh

Content Editor

Related News