ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

Monday, Nov 19, 2018 - 01:53 AM (IST)

ਸ਼ਹਿਰ ’ਚ ਨਾਜਾਇਜ਼ ਕਬਜ਼ਿਆਂ ਦੀ ਭਰਮਾਰ

ਮੋਗਾ, (ਸੰਦੀਪ)- ਸ਼ਹਿਰ ’ਚ  ਟ੍ਰੈਫਿਕ   ਸਮੱਸਿਆ ਦਿਨੋ-ਦਿਨ ਵਧ ਰਹੀ ਹੈ। ਸ਼ਹਿਰ ਦੇ ਮੇਨ ਚੌਕ ਤੋਂ ਥਾਣਾ ਸਿਟੀ ਨੇਡ਼ੇ ਕਚਹਿਰੀ ਰੋਡ ਤੇ ਦੁਕਾਨਾਂ ਮੂਹਰੇ ਐਤਵਾਰ ਨੂੰ ਤਾਂ ਦਿਨ ਚਡ਼੍ਹਦਿਆਂ ਹੀ ਰੇਹਡ਼ੀ-ਫਡ਼੍ਹੀ ਤੇ ਸੇਲਾਂ ਵਾਲੇ 15 ਤੋਂ 20 ਫੁੱਟ ਤੱਕ ਸਡ਼ਕਾਂ ’ਤੇ ਨਾਜਾਇਜ਼ ਕਬਜ਼ਾ ਕਰ ਲੈਂਦੇ ਹਨ ਤੇ ਆਉਣ-ਜਾਣ ਵਾਲੇ ਲੋਕਾਂ ਨੂੰ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤਰ੍ਹਾਂ ਟ੍ਰੈਫਿਕ ਜਾਮ ਹੋਣ ਨਾਲ ਕਈ ਵਾਰ ਸਿਵਲ ਹਸਪਤਾਲ ’ਚ ਮਰੀਜ਼ ਨੂੰ ਲੈ ਕੇ  ਜਾਣ ਜਾਂ ਸਿਵਲ ਹਸਪਤਾਲ ’ਚੋਂ ਰੈਫਰ ਕੀਤੇ ਮਰੀਜ਼ ਨੂੰ ਲੁਧਿਆਣਾ ਤੇ ਫਰੀਦਕੋਟ ਆਦਿ ਲਿਜਾਣ ਲਈ ਮੇਨ ਇਹੋ ਹੀ ਰਸਤਾ ਹੈ, ਜਿਥੋਂ ਐਂਬੂਲੈਂਸ ਨੂੰ ਰਸਤਾ ਨਹੀਂ ਮਿਲਦਾ ਤੇ ਨਾ ਹੀ ਲੋਕਾਂ ’ਤੇ ਐਂਬੂਲੈਂਸ ਦੇ ਹੂਟਰ ਦਾ ਕੋਈ ਅਸਰ ਹੁੰਦਾ ਹੈ ਕਿਉਂਕਿ ਲੋਕ ਆਪਣੇ ਵ੍ਹੀਕਲ  ਸੜਕ  ’ਚ  ਖੜ੍ਹੇ ਕਰ ਕੇ ਖਰੀਦੋ-ਫਰੋਖਤ ਕਰਨ ’ਚ ਮਗਨ ਹੁੰਦੇ ਹਨ। ਇਹ ਸਭਕੁੱਝ ਬਿਲਕੁੱਲ ਥਾਣਾ ਸਿਟੀ ਦੇ ਨੱਕ ਹੇਠ ਹੁੰਦਾ ਹੈ, ਜਿਥੇ ਟ੍ਰੈਫਿਕ ਪੁਲਸ ਦਾ ਖੁਦ ਆਪਣਾ ਦਫਤਰ ਵੀ ਹੈ ਪਰ ਉਥੇ ਕੋਈ ਵੀ ਟ੍ਰੈਫਿਕ ਕਰਮਚਾਰੀ ਟ੍ਰੈਫਿਕ ਬਹਾਲ ਕਰਨ ’ਚ ਡਿਊਟੀ ’ਤੇ ਨਹੀਂ ਹੁੰਦਾ। ਸ਼ਹਿਰ ’ਚ ਸਕੂਲਾਂ ’ਚ ਛੁੱਟੀ ਹੋਣ ਤੋਂ ਬਾਅਦ ਸ਼ਹਿਰ ਦੇ ਪ੍ਰਤਾਪ ਰੋਡ, ਰੇਲਵੇ ਰੋਡ, ਸ਼ਾਮਲਾਲ ਚੌਕ, ਮੈਜਿਸਟਿਕ ਚੌਕ ’ਚ ਜ਼ਿਆਦਾਤਰ ਜਾਮ ਲੱਗ ਜਾਂਦਾ ਹੈ। ਰੇਲਵੇ ਰੋਡ ਅਤੇ ਪ੍ਰਤਾਪ ਰੋਡ ਵਿਚਕਾਰ ਪੁਰਾਣੀ ਦਾਣਾ ਮੰਡੀ ਤੇ ਸਬਜ਼ੀ ਮੰਡੀ ਹੋਣ ਕਰਕੇ ਇਨ੍ਹਾਂ ਸਡ਼ਕਾਂ ’ਤੇ ਕਈ ਵਾਰ ਦਿਨ ਵੇਲੇ ਨੋ ਐਂਟਰੀ  ਹੋਣ ਦੇ ਬਾਵਜੂਦ ਵੱਡੀਆਂ ਗੱਡੀਆਂ ਦੇ ਚਾਲਕ ਬਿਨਾਂ ਕਿਸੇ ਡਰ ਤੋਂ ਆਪਣੀਆਂ ਗੱਡੀਆਂ ਭੀਡ਼- ਭਾਡ਼ ਵਾਲੀਆਂ ਥਾਵਾਂ ’ਚ ਫਸਾ ਲੈਂਦੇ ਹਨ, ਜਿਸ ਨਾਲ ਟ੍ਰੈਫਿਕ ਜਾਮ ਹੋ ਜਾਂਦਾ ਹੈ। 
 ਸਬੰਧੀ ਜਦ ਟ੍ਰੈਫਿਕ ਇੰਚਾਰਜ ਇੰਸਪੈਕਟਰ ਜਗਤਾਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਵਾਰ ਮੁਲਾਜ਼ਮਾਂ ਦੀ ਡਿਊਟੀ ਵੀ. ਆਈ. ਪੀ. ਅਧਿਕਾਰੀ ਦੇ ਆਉਣ ਕਾਰਨ ਆਸੇ-ਪਾਸੇ ਲੱਗ ਜਾਂਦੀ ਹੈ ਤੇ ਇਹ ਸਮੱਸਿਆ ਜ਼ਿਆਦਾਤਰ ਐਤਵਾਰ ਨੂੰ ਆਉਂਦੀ ਹੈ ਤੇ ਅੱਗੇ ਤੋਂ ਉਹ ਪੂਰਾ ਧਿਆਨ ਰੱਖਣਗੇ, ਜਿਸ ਨਾਲ ਟ੍ਰੈਫਿਕ ਆਵਾਜਾਈ ’ਚ ਕੋਈ ਵਿਘਨ ਨਾ ਪਵੇ।


Related News