ਤਲਾਕ ਲਈ ਪਤੀ ਨੇ ਖੁਦ ਨੂੰ ਕਰਵਾਇਆ ਅਗਵਾ, ਪਿਸਤੌਲ ਸਮੇਤ ਕਾਬੂ

06/29/2022 12:24:43 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਸੁਖਪਾਲ ਢਿੱਲੋਂ) : ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਰਾਮ ਸਿੰਘ ਵਾਸੀ ਕੁਕਰੀਆਂ ਨਾਂ ਦੇ ਵਿਅਕਤੀ ਨੇ ਬਿਆਨ ਦਰਜ ਕਰਵਾਇਆ ਸੀ ਕਿ ਉਸ ਦਾ ਲੜਕਾ ਗਗਨਦੀਪ ਉਰਫ ਗੱਗੀ ਪਰਮਿੰਦਰ ਕੌਰ ਪੁੱਤਰੀ ਗੁਰਦੀਪ ਸਿੰਘ ਵਾਸੀ ਬਹਾਵਲ ਵਾਲ ਅਬੋਹਰ ਨਾਲ ਵਿਆਹਿਆ ਹੋਇਆ ਹੈ ਤੇ ਵਿਆਹ ਵਾਲੇ ਦਿਨ ਤੋਂ ਹੀ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ, ਕਿਉਂਕਿ ਉਸ ਨੇ ਪਰਮਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ ਦੀ ਮਰਜ਼ੀ ਤੋਂ ਬਿਨਾਂ ਵਿਆਹ ਕੀਤਾ ਤੇ ਦੋਸ਼ੀਆਂ ਵੱਲੋਂ ਤਲਾਕ ਨਾ ਲੈਣ ਦੀ ਸੂਰਤ ਵਿਚ ਮਾੜਾ ਹਸ਼ਰ ਕਰਨ ਦੀ ਚਿਤਾਵਨੀ ਦਿੱਤੀ ਗਈ ਸੀ।

ਇਹ ਵੀ ਪੜ੍ਹੋ- ਗੈਂਗਸਟਰ ਗੋਲਡੀ ਬਰਾੜ ਦੇ ਨਾਂ ’ਤੇ ਔਰਤ ਤੋਂ ਮੰਗੀ ਫਿਰੌਤੀ ,ਪੈਸੇ ਨਾ ਦੇਣ ’ਤੇ ਪਤੀ ਨੂੰ ਜਾਨੋਂ ਮਾਰਨ ਦੀ ਦਿੱਤੀ ਧਮਕੀ

14 ਜੂਨ ਨੂੰ ਗਗਨਦੀਪ ਸਿੰਘ ਆਪਣੇ ਘਰ ਤੋਂ ਅਚਾਨਕ ਗਾਇਬ ਹੋ ਗਿਆ ਸੀ ਅਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਸੀ। ਉਸੇ ਦਿਨ ਸ਼ਾਮ ਨੂੰ ਉਸਦੇ ਭਾਣਜੇ ਮਨਦੀਪ ਸਿੰਘ ਵਾਸੀ ਪਿੰਡ ਗੰਗਾ ਦੇ ਫੋਨ ’ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਇਕ ਆਡਿਓ ਕਲਿੱਪ ਰਾਹੀਂ ਜਾਣਕਾਰੀ ਦਿੱਤੀ ਗਈ ਕਿ ਗਗਨਦੀਪ ਸਿੰਘ ਨੂੰ ਉਨ੍ਹਾਂ ਅਗਵਾ ਕਰ ਲਿਆ ਹੈ ਅਤੇ ਪਰਮਿੰਦਰ ਕੌਰ ਤੋਂ ਗਗਨਦੀਪ ਸਿੰਘ ਨੂੰ ਤਲਾਕ ਦੇ ਕਾਗਜ਼ ਲਿਖ ਕੇ ਭੇਜਣ ਦੀ ਮੰਗ ਕੀਤੀ ਗਈ ਸੀ। ਅਜਿਹਾ ਨਾ ਹੋਣ ਦੀ ਸੂਰਤ ਵਿਚ ਗਗਨਦੀਪ ਸਿੰਘ ਨੂੰ ਕਤਲ ਕਰਨ ਦੀ ਧਮਕੀ ਦਿੱਤੀ ਗਈ ਸੀ। ਇਸ ਦੇ ਨਾਲ ਹੀ ਫੋਨ ’ਤੇ ਗਗਨਦੀਪ ਸਿੰਘ ਦੇ ਹੱਥ ਪੈਰ ਬੰਨ੍ਹ ਕੇ ਬੇਹੋਸ਼ੀ ਦੀ ਹਾਲਤ ਵਿੱਚ ਸੁੱਟੇ ਹੋਏ ਅਤੇ ਨਾਲ ਹੀ ਇਕ ਵਿਅਕਤੀ ਵੱਲੋਂ ਹੱਥ ਵਿਚ ਇਕ ਦੇਸੀ ਪਿਸਤੌਲ ਫੜੇ ਹੋਏ ਦੀਆਂ ਫੋਟੋਆਂ ਵੀ ਭੇਜੀਆਂ ਗਈਆਂ ਸਨ ।ਮਾਮਲਾ ਜ਼ਿਲ੍ਹਾ ਪੁਲਸ ਮੁਖੀ ਧਰੁਮਨ ਐੱਚ. ਨਿੰਬਾਲੇ ਦੇ ਧਿਆਨ ਵਿਚ ਆਉਣ ਤੋਂ ਬਾਅਦ ਕਾਰਵਾਈ ਕਰਦਿਆਂ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਪੁਲਸ ਤਫਤੀਸ਼ ਆਰੰਭ ਕੀਤੀ ਗਈ। ਇਸ ਲਈ ਪੁਲਸ ਦੇ ਸਾਈਬਰ ਸੈੱਲ ਦੀ ਮਦਦ ਵੀ ਹਾਸਲ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਗਗਨਦੀਪ ਸਿੰਘ ਨੂੰ ਕਿਸੇ ਨੇ ਅਗਵਾ ਨਹੀਂ ਕੀਤਾ ਸਗੋਂ ਉਹ ਖ਼ੁਦ ਹੀ ਅਗਵਾ ਹੋਣ ਦਾ ਡਰਾਮਾ ਕਰ ਰਿਹਾ ਹੈ ਅਤੇ ਆਪਣੀ ਆਵਾਜ਼ ਬਦਲ ਕੇ ਧਮਕੀ ਭਰੇ ਆਡਿਓ ਕਲਿੱਪ ਭੇਜ ਰਿਹਾ ਹੈ ।

ਇਹ ਵੀ ਪੜ੍ਹੋ- ‘ਆਪ’ ਸਰਕਾਰ ਦਾ ਪਹਿਲਾ ਬਜਟ ਮੁਲਾਜ਼ਮ ਵਿਰੋਧੀ ਤੇ ਕੀਤੇ ਵਾਅਦਿਆਂ ਤੋਂ ਬਿਲਕੁਲ ਉਲਟ

ਜਦੋਂ ਗਗਨਦੀਪ ਸਿੰਘ ਨੂੰ ਕਾਬੂ ਕਰਕੇ ਸਖ਼ਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਸ ਨੇ ਸਾਰਾ ਸੱਚ ਉਗਲ ਦਿੱਤਾ ਅਤੇ ਨਾਲ ਹੀ ਉਸ ਦੀ ਨਿਸ਼ਾਨਦੇਹੀ ’ਤੇ ਦੇਸੀ ਪਿਸਤੌਲ ਸਮੇਤ ਦੋ ਕਾਰਤੂਸਾਂ ਨੂੰ ਵੀ ਬਰਾਮਦ ਕੀਤਾ। ਸਦਰ ਥਾਣਾ ਇੰਚਾਰਜ ਜਸਵੀਰ ਸਿੰਘ ਦਾ ਕਹਿਣਾ ਹੈ ਕਿ ਉਕਤ ਨੌਜਵਾਨ ਦੇ ਕਿਸੇ ਔਰਤ ਨਾਲ ਨਾਜਾਇਜ਼ ਸਬੰਧ ਵੀ ਸਨ। ਪੁਲਸ ਵਲੋਂ ਜਾਂਚ ਜਾਰੀ ਹੈ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News