ਧੋਖਾਦੇਹੀ ਦੇ ਕੇਸ ''ਚ ਪਤੀ-ਪਤਨੀ ਦਿੱਲੀ ਏਅਰਪੋਰਟ ਤੋਂ ਕਾਬੂ

12/11/2019 1:38:13 AM

ਮੋਹਾਲੀ,(ਕੁਲਦੀਪ) : ਪੁਲਸ ਨੇ ਤਿੰਨ ਸਾਲ ਪੁਰਾਣੇ ਧੋਖਾਦੇਹੀ ਦੇ ਕੇਸ ਵਿਚ ਇਕ ਪਤੀ-ਪਤਨੀ ਨੂੰ ਦਿੱਲੀ ਏਅਰਪੋਰਟ ਤੋਂ ਕਾਬੂ ਕੀਤਾ ਹੈ, ਜੋ ਕਿ ਵਿਦੇਸ਼ ਜਾਣ ਦੀ ਫਿਰਾਕ ਵਿਚ ਸਨ। ਮੁਲਜ਼ਮਾਂ ਦੀ ਪਹਿਚਾਣ ਗਿਆਨ ਚੰਦ ਅਤੇ ਕਮਲ ਦੇ ਰੂਪ ਵਿਚ ਹੋਈ ਹੈ। ਪੁਲਸ ਨੇ ਦੋਵਾਂ ਮੁਲਜ਼ਮਾਂ ਨੂੰ ਜ਼ਿਲਾ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਨ੍ਹਾਂ ਨੂੰ ਇਕ ਦਿਨਾ ਪੁਲਸ ਰਿਮਾਂਡ ਉੱਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਮੋਹਾਲੀ ਪੁਲਸ ਨੂੰ ਪੰਚਕੂਲਾ ਨਿਵਾਸੀ ਕਮਲ ਕੁਮਾਰ ਵਲੋਂ ਪਤੀ-ਪਤਨੀ ਵਿਰੁੱਧ ਸ਼ਿਕਾਇਤ ਦਿੱਤੀ ਗਈ ਸੀ, ਜਿਸ ਵਿਚ ਉਨ੍ਹਾਂ ਦੱਸਿਆ ਸੀ ਕਿ ਉਕਤ ਲੋਕਾਂ ਨੇ ਮਕਾਨ ਦਾ ਸੌਦਾ ਕਰ ਕੇ 25 ਲੱਖ ਰੁਪਏ ਦਾ ਬਿਆਨਾ ਲੈਣ ਤੋਂ ਬਾਅਦ ਰਜਿਸਟਰੀ ਨਹੀਂ ਕਰਵਾਈ, ਨਾਲ ਹੀ ਬਾਅਦ ਵਿਚ ਉਸ ਦੇ ਪੈਸੇ ਵੀ ਵਾਪਸ ਨਹੀਂ ਕੀਤੇ। ਪੁਲਸ ਨੇ 3 ਜਨਵਰੀ 2016 ਨੂੰ ਦੋਵਾਂ ਦੇ ਵਿਰੁੱਧ ਧੋਖਾਦੇਹੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ।
ਪਤੀ-ਪਤਨੀ ਨੇ ਕਮਲ ਕੁਮਾਰ ਨਾਲ ਸ਼ਿਵਾਲਿਕ ਵਿਹਾਰ ਨਵਾਗਰਾਓਂ ਸਥਿਤ ਮਕਾਨ ਦਾ ਸੌਦਾ ਕਰ ਕੇ ਉਸ ਤੋਂ 25 ਲੱਖ ਰੁਪਏ ਬਿਆਨਾ ਲਿਆ ਸੀ, ਜਦੋਂਕਿ ਉਨ੍ਹਾਂ ਦਾ ਮਕਾਨ ਪਹਿਲਾਂ ਬੈਂਕ ਦੇ ਕੋਲ ਗਿਰਵੀ ਸੀ। ਬੈਂਕ ਦਾ ਕਰਜ਼ਾ ਨਾ ਮੋੜੇ ਜਾਣ ਕਾਰਨ ਉਨ੍ਹਾਂ ਦੀ ਰਜਿਸਟਰਰੀ ਨਹੀਂ ਹੋ ਪਾਈ ਸੀ। ਬਾਅਦ ਵਿਚ ਕਮਲ ਕੁਮਾਰ ਦੇ ਨਾਲ ਇਨ੍ਹਾਂ ਦਾ ਸਮਝੌਤਾ ਹੋ ਗਿਆ, 2015 ਨੂੰ ਇਨ੍ਹਾਂ ਨੇ ਕਮਲ ਕੁਮਾਰ ਨੂੰ ਪੈਸੇ ਦੇਣ ਦੀ ਹਾਮੀ ਭਰੀ ਸੀ ਪਰ ਬਾਅਦ ਵਿਚ ਇਨ੍ਹਾਂ ਨੂੰ ਪੈਸੇ ਨਹੀਂ ਦਿੱਤੇ। ਪੁਲਸ ਵਲੋਂ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਕੇਸ ਦਰਜ ਹੋਣ ਤੋਂ ਬਾਅਦ ਦੋਵੇਂ ਫਰਾਰ ਚੱਲ ਰਹੇ ਸਨ। ਕੁਝ ਸਮਾਂ ਪਹਿਲਾਂ ਪੁਲਸ ਵਲੋਂ ਦੋਵਾਂ ਦਾ ਲੁੱਕ ਆਊਟ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ਦੇ ਆਧਾਰ ਉੱਤੇ ਦੋਵਾਂ ਨੂੰ ਦਿੱਲੀ ਏਅਰਪੋਰਟ ਤੋਂ ਵਿਦੇਸ਼ ਜਾਣ ਦੀ ਕੋਸ਼ਿਸ਼ ਕਰਦੇ ਹੋਏ ਕਾਬੂ ਕਰ ਲਿਆ ਗਿਆ। ਮੋਹਾਲੀ ਪੁਲਸ ਇਨ੍ਹਾਂ ਦੋਵਾਂ ਨੂੰ ਲੈ ਕੇ ਆਈ ਹੈ। ਥਾਣਾ ਫੇਜ਼-1 ਦੇ ਐੱਸ. ਐੱਚ. ਓ. ਲਖਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਇਕ ਦਿਨਾ ਪੁਲਸ ਰਿਮਾਂਡ ਲੈ ਲਿਆ ਗਿਆ ਹੈ।

 


Related News