ਫੀਸ ਅਤੇ ਦਵਾਈ ਲਿਆਉਣ ਦਾ ਕਹਿ ਕੇ ਹੋਸਟਲ ਤੋਂ ਗਈਆਂ 2 ਵਿਦਿਆਰਥਣਾਂ ਲਾਪਤਾ

Thursday, Sep 12, 2019 - 10:12 AM (IST)

ਫੀਸ ਅਤੇ ਦਵਾਈ ਲਿਆਉਣ ਦਾ ਕਹਿ ਕੇ ਹੋਸਟਲ ਤੋਂ ਗਈਆਂ 2 ਵਿਦਿਆਰਥਣਾਂ ਲਾਪਤਾ

ਮੋਗਾ (ਆਜ਼ਾਦ)— ਮੋਗਾ-ਕੋਟ ਈਸੇ ਖਾਂ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਕਾਲਜ ਦੀਆਂ ਦੋ ਵਿਦਿਆਰਥਣਾਂ, ਜੋ ਦਵਾਈ ਅਤੇ ਬੈਂਕ ਤੋਂ ਕਾਲਜ ਫੀਸ ਕਢਵਾਉਣ ਦਾ ਬਹਾਨਾ ਲਾ ਕੇ ਆਊਟਪਾਸ 'ਤੇ ਗਈਆਂ ਸਨ, ਦੇ ਭੇਤਭਰੀ ਹਾਲਤ 'ਚ ਲਾਪਤਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਕੋਟ ਈਸੇ ਖਾਂ ਪੁਲਸ ਵੱਲੋਂ ਉਕਤ ਕਾਲਜ ਦੀ ਹੋਸਟਲ ਵਾਰਡਨ ਦੀ ਸ਼ਿਕਾਇਤ 'ਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਥਾਣੇਦਾਰ ਸੁਨੀਤਾ ਰਾਣੀ ਵੱਲੋਂ ਕੀਤੀ ਜਾ ਰਹੀ ਹੈ। ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਹੋਸਟਲ ਵਾਰਡਨਰ ਨੇ ਕਿਹਾ ਕਿ ਉਹ ਇਕ ਪ੍ਰਾਈਵੇਟ ਕਾਲਜ 'ਚ ਹੋਸਟਲ ਵਾਰਡਨ ਲੱਗੀ ਹੋਈ ਹੈ, ਬੀਤੀ 9 ਸਤੰਬਰ ਨੂੰ ਸਾਡੇ ਕਾਲਜ ਦੀਆਂ ਦੋ ਵਿਦਿਆਰਥਣਾਂ ਜੋ ਹੋਸਟਲ 'ਚ ਰਹਿੰਦੀਆਂ ਹਨ, ਹੋਸਟਲ ਤੋਂ ਗੇਟ ਪਾਸ ਲਿਆ ਅਤੇ ਇਕ ਨੇ ਕਾਲਜ ਦੀ ਫੀਸ ਲਈ ਬੈਂਕ ਤੋਂ ਪੈਸੇ ਕਢਵਾਉਣ ਅਤੇ ਦੂਸਰੀ ਨੇ ਬੀਮਾਰ ਹੋਣ ਕਾਰਣ ਦਵਾਈ ਲੈਣ ਲਈ ਜਾ ਰਹੀ ਹੈ, ਦਾ ਕਹਿ ਕੇ ਉਹ ਦੋਵੇਂ ਹੋਸਟਲ ਤੋਂ ਚਲੀਆਂ ਗਈਆਂ ਅਤੇ ਸ਼ਾਮ ਤੱਕ ਵਾਪਸ ਨਹੀਂ ਆਈਆਂ। ਅਸੀਂ ਉਨ੍ਹਾਂ ਦੇ ਮੋਬਾਇਲ 'ਤੇ ਵੀ ਸੰਪਰਕ ਕਰਨ ਦਾ ਯਤਨ ਕੀਤਾ ਪਰ ਨਹੀਂ ਹੋਇਆ, ਜਿਸ 'ਤੇ ਅਸੀਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਸਾਨੂੰ ਦੱਸਿਆ ਕਿ ਲੜਕੀਆਂ ਸਾਡੇ ਕੋਲ ਨਹੀਂ ਆਈਆਂ। ਅਸੀਂ ਆਪਣੇ ਤੌਰ 'ਤੇ ਉਨ੍ਹਾਂ ਦੀ ਤਲਾਸ਼ ਕੀਤੀ ਪਰ ਸਾਨੂੰ ਉਨ੍ਹਾਂ ਦਾ ਕੋਈ ਸੁਰਾਗ ਨਾ ਮਿਲਣ 'ਤੇ ਪੁਲਸ ਨੂੰ ਸੂਚਿਤ ਕੀਤਾ।
ਇਸ ਮਾਮਲੇ ਦੀ ਜਾਂਚ ਕਰ ਰਹੀ ਥਾਣੇਦਾਰ ਸੁਨੀਤਾ ਰਾਣੀ ਨੇ ਕਿਹਾ ਕਿ ਲੜਕੀਆਂ ਦੇ ਮੋਬਾਇਲ ਫੋਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ, ਜਲਦ ਹੀ ਦੋਹਾਂ ਵਿਦਿਆਰਥਣਾਂ ਦਾ ਸੁਰਾਗ ਮਿਲ ਜਾਣ ਦੀ ਸੰਭਾਵਨਾ ਹੈ। ਸੀ.ਸੀ.ਟੀ.ਵੀ. ਫੁਟੇਜ ਨੂੰ ਵੀ ਚੈੱਕ ਕੀਤਾ ਜਾ ਰਿਹਾ ਹੈ।


author

Shyna

Content Editor

Related News