ਹਿੰਦੂ ਭਰਾ ਨੇ ਮਦਰੱਸੇ ''ਚ ਰਹਿੰਦੇ ਬੱਚਿਆਂ ਦੇ ਖੁੱਲ੍ਹਵਾਏ ਰੋਜ਼ੇ

Saturday, May 23, 2020 - 11:29 AM (IST)

ਹਿੰਦੂ ਭਰਾ ਨੇ ਮਦਰੱਸੇ ''ਚ ਰਹਿੰਦੇ ਬੱਚਿਆਂ ਦੇ ਖੁੱਲ੍ਹਵਾਏ ਰੋਜ਼ੇ

ਸ਼ੇਰਪੁਰ (ਸਿੰਗਲਾ): ਹਿੰਦੂ ਪਰਿਵਾਰ ਨਾਲ ਸਬੰਧਤ ਕਸਬਾ ਸ਼ੇਰਪੁਰ ਦੇ ਉੱਘੇ ਕਾਰੋਬਾਰੀ ਤੇ ਨੌਜਵਾਨ ਸਮਾਜਸੇਵੀ ਠੇਕੇਦਾਰ ਧਰਮਿੰਦਰ ਸਿੰਗਲਾ ਤੇ ਉਨ੍ਹਾਂ ਦੇ ਪਰਿਵਾਰ ਵਲੋਂ ਬੀਤੇ ਦਿਨੀ ਨੇੜਲੇ ਪਿੰਡ ਈਸਾਪੁਰ ਲੰਡਾ ਵਿਖੇ ਬਣੇ ਮਦਰੱਸੇ 'ਚ ਰਹਿੰਦੇ ਬੱਚਿਆਂ ਦੇ ਰੋਜ਼ੇ ਖੁੱਲ੍ਹਵਾਏ ਗਏ। ਉਨ੍ਹਾਂ ਵਲੋਂ ਰੋਜ਼ੇਦਾਰਾਂ ਲਈ ਫਲ-ਫਰੂਟ, ਜੂਸ, ਕੋਲਡਡ੍ਰਿੰਕਸ ਅਤੇ ਹੋਰ ਵਸਤਾਂ ਭੇਟ ਕੀਤੀਆਂ ਗਈਆਂ। ਇਸ ਮੌਕੇ ਠੇਕੇਦਾਰ ਧਰਮਿੰਦਰ ਸਿੰਗਲਾ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੀ ਇੱਕ ਦੂਜੇ ਦੇ ਧਰਮ ਦੀ ਇੱਜ਼ਤ ਕਰਦੇ ਹੋਏ ਹਰ ਖੁਸ਼ੀ ਦੇ ਮੌਕੇ ਪ੍ਰੋਗਰਾਮਾਂ ਤੇ ਤਿਉਹਾਰਾਂ 'ਚ ਸ਼ਾਮਲ ਹੋਣਾ ਚਾਹੀਦਾ ਹੈ। ਜਿਸ ਨਾਲ ਆਪਸੀ ਭਾਈਚਾਰਕ ਸਾਂਝ ਮਜਬੂਤ ਹੁੰਦੀ ਹੈ ਤੇ ਪਿਆਰ ਵਧਦਾ ਹੈ। ਠੇਕੇਦਾਰ ਸਿੰਗਲਾ ਨੇ ਕਿਹਾ ਕਿ ਅੱਜ ਉਨ੍ਹਾਂ ਵਲੋਂ ਮੁਸਲਿਮ ਭਾਈਚਾਰੇ ਦੇ ਇਸ ਪਵਿੱਤਰ ਮਹੀਨੇ ਰਮਜ਼ਾਨ ਦੇ ਦੌਰਾਨ ਇਸ ਮਦਰੱਸੇ 'ਚ ਪੜ੍ਹਦੇ ਲੋੜਵੰਦ ਬੱਚਿਆਂ ਦੇ ਰੋਜ਼ੇ ਖੁਲਵਾਉਣ ਲਈ ਆਏ ਹਨ ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲ ਰਹੀ ਹੈ। ਮਦਰੱਸੇ ਦੇ ਬੱਚਿਆਂ ਅਤੇ ਕਮੇਟੀ ਵਲੋਂ ਵੀ ਠੇਕੇਦਾਰ ਧਰਮਿੰਦਰ ਸਿੰਗਲਾ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਵੀ ਕੀਤਾ ਗਿਆ। ਇਸ ਮੌਕੇ ਨਿਸ਼ਾਨ ਸਿੰਘ ਲਾਡੀ, ਜਸਵੀਰ ਸਿੰਘ ਸ਼ੀਰਾ ਮਾਹਮਦਪੁਰ, ਸਤਿਗੁਰ ਸਿੰਘ, ਹਰਵਿੰਦਰ ਸਿੰਘ, ਮੌਲਵੀ ਕਾਸਿਮ, ਕਾਰੀ ਹੈਦਰ, ਮੁਹੰਮਦ ਕੁਰਬਾਨ, ਦਿਲਦਾਰ ਮੁਹੰਮਦ ਆਦਿ ਹਾਜ਼ਰ ਸਨ।


author

Shyna

Content Editor

Related News