ਰਾਹੁਲ ਵਿਚਾਰਾ ਪੀ. ਐੱਮ. ਦੇ ਸੁਪਨੇ ਘਡ਼ੀ ਜਾਂਦੈ, ਇਥੇ ਕੈਪਟਨ ਬੇਡ਼ਾ ਗਰਕ ਕਰੀ ਜਾਂਦੈ : ਹਰਸਿਮਰਤ

04/25/2019 11:15:23 PM

ਬਠਿੰਡਾ/ਲਹਿਰਾ ਮੁਹੱਬਤ/ਭੁੱਚੋ ਮੰਡੀ, (ਜ.ਬ., ਮਨੀਸ਼, ਨਾਗਪਾਲ)- ਲੋਕ ਸਭਾ ਹਲਕਾ ਬਠਿੰਡਾ ਤੋਂ ਅਕਾਲੀ-ਭਾਜਪਾ ਦੀ ਸਾਂਝੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕੈਪਟਨ ਸਰਕਾਰ ’ਤੇ ਵਿਅੰਗ ਕੱਸਦਿਆਂ ਕਿਹਾ ਕਿ ‘ਰਾਹੁਲ ਵਿਚਾਰਾ ਪੀ. ਐੱਮ. ਦੇ ਸੁਪਨੇ ਘਡ਼ੀ ਜਾਂਦੈ, ਇਥੇ ਕੈਪਟਨ ਬੇਡ਼ਾ ਗਰਕ ਕਰੀ ਜਾਂਦੈ|’ ਅੱਜ ਇਥੇ ਗੱਲਬਾਤ ਕਰਦਿਆਂ ਬੀਬਾ ਬਾਦਲ ਨੇ ਕਿਹਾ ਕਿ ਕਾਂਗਰਸੀ ਉਮੀਦਵਾਰ ਰਾਜਾ ਵਡ਼ਿੰਗ ਨੇ ਕਾਗਜ਼ ਦਾਖਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਬੁਲਾਇਆ, ਜਿਸਨੇ ਰੋਡ ਸ਼ੋਅ ਕੱਢਣਾ ਸੀ ਪਰ ਕਾਂਗਰਸ ਦੇ ਰੋਡ ਸ਼ੋਅ ਨੇ ਸਾਰਾ ਸ਼ਹਿਰ ਫਾਹੇ ਟੰਗ ਦਿੱਤਾ। ਰਹਿੰਦੀ-ਖੂੰਹਦੀ ਕਸਰ ਬਾਜ਼ਾਰਾਂ ਨੂੰ ਰੋਡ ਸ਼ੋਅ ਦਾ ਰੂਟ ਬਣਾ ਕੇ ਕੱਢ ਦਿੱਤੀ, ਜਿਸ ਕਾਰਨ ਪੁਲਸ ਨੇ ਬਾਜ਼ਾਰ ਵੀ ਖਾਲੀ ਕਰਵਾਏ। ਇਸ ਦੌਰਾਨ ਆਮ ਲੋਕਾਂ ਤੇ ਵਪਾਰੀਆਂ ਨੂੰ ਮੁਸ਼ਕਲਾਂ ਆਉਣਾ ਸੁਭਾਵਿਕ ਸੀ। ਉਨ੍ਹਾਂ ਕਿਹਾ ਕਿ ਲੋਕ ਭਡ਼ਕ ਗਏ ਤੇ ਕਾਂਗਰਸ ਵਿਰੁੱਧ ਨਾਅਰੇਬਾਜ਼ੀ ਕੀਤੀ।ਬੀਬਾ ਬਾਦਲ ਨੇ ਕਿਹਾ ਕਿ ‘ਰਾਹੁਲ ਗਾਂਧੀ ਸਾਹਿਬ, ਤੁਸੀਂ ਪੀ. ਐੱਮ. ਫੇਰ ਕਦੇ ਬਣ ਜਾਣਾ, ਪਹਿਲਾਂ ਆਪਣੀ ਕੈਪਟਨ ਸਰਕਾਰ ਨੂੰ ਸੰਭਾਲ ਲਵੋ, ਤੁਹਾਡੀ ਪਾਰਟੀ ਦੀਆਂ ਧੱਜੀਆਂ ਉਡਾ ਰਹੀ ਹੈ ਤੇ ਲੋਕ ਕਾਂਗਰਸ ਮੁਰਦਾਬਾਦ ਦੇ ਨਾਅਰੇ ਲਾ ਰਹੇ ਹਨ।’ ਉਨ੍ਹਾਂ ਕਿਹਾ ਕਿ ਲੀਡਰ ਜਾਂ ਪਾਰਟੀਆਂ ਆਮ ਲੋਕਾਂ ਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਲਈ ਹੁੰਦੀਆਂ ਹਨ, ਮੁਸੀਬਤਾਂ ਖਡ਼੍ਹੀਆਂ ਕਰਨ ਲਈ ਨਹੀਂ। ਸ਼ਹਿਰ ਦੇ ਅੱਜ ਦੇ ਮਾਹੌਲ ਤੋਂ ਸਪੱਸ਼ਟ ਹੈ ਕਿ ਲੋਕ ਕਾਂਗਰਸ ਦੀਆਂ ਸਮਾਜ ਵਿਰੋਧੀ ਨੀਤੀਆਂ ਤੋਂ ਬਹੁਤ ਦੁਖੀ ਹੋ ਚੁੱਕੇ ਹਨ, ਜੋ ਵਾਰ-ਵਾਰ ਸਾਹਮਣੇ ਆ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਭੁੱਚੋ ਮੰਡੀ ’ਚ ਜਨ ਸਭਾਵਾਂ ਨੂੰ ਸੰਬੋਧਨ ਕੀਤਾ, ਜਿਥੇ ਨਗਰ ਕੌਂਸਲ ਭੁੱਚੋ ਮੰਡੀ ਦੀ ਸਾਬਕਾ ਪ੍ਰਧਾਨ ਦਰਸ਼ਨਾ ਦੇਵੀ, ਉਨ੍ਹਾਂ ਦੇ ਪਤੀ ਨਿਰਦੀਪ ਕੁਮਾਰ ਸਾਥੀਆਂ ਸਮੇਤ ਕਾਂਗਰਸ ਛੱਡ ਕੇ ਅਕਾਲੀ ਦਲ ’ਚ ਆ ਗਏ।

ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਦੇ ਪਿੰਡ ਕਾਲਝਰਾਣੀ ਤੋਂ ਕਰੀਬ 20 ਵਰਕਰ ਸਾਥੀਆਂ ਸਮੇਤ ਕਾਂਗਰਸ ਤੇ ‘ਆਪ’ ਛੱਡ ਕੇ ਅਕਾਲੀ ਦਲ ’ਚ ਸ਼ਾਮਲ ਹੋ ਗਏ। ਵਿਧਾਨ ਸਭਾ ਹਲਕਾ ਭੁੱਚੋ ਮੰਡੀ ਦੇ ਪਿੰਡ ਲਹਿਰਾ ਮੁਹੱਬਤ ਤੋਂ ਕਾਂਗਰਸ ਦੀ ਮਹਿੰਦਰ ਕੌਰ ਅਤੇ 112 ‘ਆਪ’ ਤੇ ਕਾਂਗਰਸ ਦੇ ਵਰਕਰ ਅੱਜ ਬੀਬਾ ਬਾਦਲ ਦੀ ਹਮਾਇਤ ’ਚ ਜੁੱਟ ਗਏ।


Bharat Thapa

Content Editor

Related News