ਖਿਡਾਰੀਆਂ ਤੋਂ ਇਲਾਵਾ ਟੀਮ ਦੇ ਸਹਿਯੋਗੀ ਮੈਂਬਰਾਂ ਨਾਲ ਮਿੱਠੇ ਸਬੰਧ ਬਣਾਉਣੇ ਮਹੱਤਵਪੂਰਨ : ਲੋਕੇਸ਼ ਰਾਹੁਲ

Thursday, Apr 18, 2024 - 08:50 PM (IST)

ਖਿਡਾਰੀਆਂ ਤੋਂ ਇਲਾਵਾ ਟੀਮ ਦੇ ਸਹਿਯੋਗੀ ਮੈਂਬਰਾਂ ਨਾਲ ਮਿੱਠੇ ਸਬੰਧ ਬਣਾਉਣੇ ਮਹੱਤਵਪੂਰਨ : ਲੋਕੇਸ਼ ਰਾਹੁਲ

ਨਵੀਂ ਦਿੱਲੀ, (ਭਾਸ਼ਾ)- ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ’ਚ ਲਖਨਊ ਸੁਪਰ ਜਾਇੰਟਸ ਕਪਤਾਨ ਦੇ ਰੂਪ ’ਚ ਸ਼ੁਰੂਆਤੀ 2 ਸੈਸ਼ਨ ’ਚ ਪਲੇਆਫ ’ਚ ਪਹੁੰਚਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਕਪਤਾਨ ਲੋਕੇਸ਼ ਰਾਹੁਲ ਨੇ ਕਿਹਾ ਕਿ ਉਸ ਨੂੰ ਇਹ ਸਫਲਤਾ ਖੁਦ ਦੀ ਸੋਚ ’ਤੇ ਭਰੋਸਾ ਕਰਨ ਨਾਲ ਮਿਲੀ। ਉਹ ਆਪਣੀ ਕਪਤਾਨੀ ਦੇ ਸ਼ੁਰੂਆਤੀ ਦਿਨਾਂ ’ਚ ਇਸ ਤਰ੍ਹਾਂ ਕਰਨ ’ਚ ਫੇਲ ਰਿਹਾ ਸੀ। ਐੱਲ. ਐੱਸ. ਜੀ. ਤੋਂ ਪਹਿਲਾਂ ਰਾਹੁਲ ਨੇ 2 ਸੈਸ਼ਨਾਂ ਤੱਕ ਪੰਜਾਬ ਕਿੰਗਜ਼ ਦੀ ਕਪਤਾਨੀ ਕੀਤੀ ਪਰ ਉਸ ਨੂੰ ਪਲੇਆਫ ’ਚ ਨਹੀਂ ਲੈ ਕੇ ਜਾ ਸਕਿਆ। ਸੱਜੇ ਹੱਥ ਦੇ ਬੱਲੇਬਾਜ਼ ਨੇ ਭਾਰਤ ਦੀ ਕਪਤਾਨੀ ਵੀ ਕੀਤੀ ਹੈ। ਰਾਹੁਲ ਦਾ ਮੰਨਣਾ ਹੈ ਕਿ ਉਸ ਨੇ ਆਪਣੀ ਸੋਚ ਅਤੇ ਟੀਮ ਮੈਨੇਜਮੈਂਟ ਦੀ ਸਲਾਹ ਮੰਨਣ ਵਿਚਾਲੇ ਸਹੀ ਸੰਤੁਲਨ ਬਣਾ ਲਿਆ ਹੈ।

ਰਾਹੁਲ ਨੇ ਭਾਰਤੀ ਟੀਮ ਦੇ ਸਾਥੀ ਖਿਡਾਰੀ ਰਵੀਚੰਦਰਨ ਅਸ਼ਵਿਨ ਦੇ ਯੂ-ਟਿਊਬ ਚੈਨਲ ’ਤੇ ਕਿਹਾ ਕਿ ਇਕ ਟੀਮ ਦਾ ਨਿਰਮਾਣ ਤੁਹਾਡੇ ਦੁਆਰਾ ਚੁਣੇ ਗਏ ਖਿਡਾਰੀਆਂ ’ਤੇ ਨਿਰਭਰ ਕਰਦਾ ਹੈ। ਮੈਨੂੰ ਇਹ ਮੰਨਣ ’ਚ ਕੋਈ ਸ਼ਰਮ ਨਹੀਂ ਹੈ ਕਿ ਕਪਤਾਨੀ ਦੇ ਪਹਿਲੇ ਕੁਝ ਸਾਲਾਂ ’ਚ ਮੈਂ ਕੁਝ ਗਲਤੀਆਂ ਵੀ ਕੀਤੀਆਂ ਹਨ। ਰਾਹੁਲ ਮੌਜੂਦਾ ਸਮੇਂ ਵਿਚ ਮੁੱਖ ਕੋਚ ਜਸਟਿਨ ਲੈਂਗਰ ਨਾਲ ਕੰਮ ਕਰ ਰਿਹਾ ਹੈ। ਉਹ ਪਹਿਲਾਂ ਅਨਿਲ ਕੁੰਬਲੇ ਅਤੇ ਐਂਡੀ ਫਲਾਵਰ ਨਾਲ ਕੰਮ ਕਰ ਚੁੱਕਾ ਹੈ।

ਉਸ ਨੇ ਕਿਹਾ ਕਿ ਜਦੋਂ ਤੁਸੀਂ ਕਪਤਾਨੀ ਕਰਦੇ ਹੋ ਤਾਂ ਬਹੁਤ ਸਾਰੀਆਂ ਜਾਣਕਾਰੀਆਂ ਆਉਂਦੀਆਂ ਹਨ। ਇਸ ਦਾ ਇਸਤੇਮਾਲ ਕਿਵੇਂ ਕਰਨਾ ਹੈ, ਇਹ ਤੁਹਾਨੂੰ ਤੈਅ ਕਰਨਾ ਹੁੰਦਾ ਹੈ। ਕਈ ਵਾਰ ਤੁਹਾਡੀ ਸੋਚ ਕੋਚ ਦੇ ਉਲਟ ਹੁੰਦੀ ਹੈ। ਰਾਹੁਲ ਨੇ ਕਿਹਾ ਕਿ ਮੇਰੇ ਲਈ ਸ਼ੁਰੂਆਤ ’ਚ ਕੋਚ ਨੂੰ ਕੱਟਣਾ ਮੁਸ਼ਕਿਲ ਸੀ ਕਿਉਂਕਿ ਸੰਸਕਾਰੀ ਹੋਣ ਕਾਰਨ ਸਾਨੂੰ ਵੱਡਿਆਂ ਦਾ ਸਨਮਾਨ ਕਰਨਾ ਸਿਖਾਇਆ ਜਾਂਦਾ ਹੈ। ਕਈ ਵਾਰ ਚੀਜ਼ਾਂ ਯੋਜਨਾਂ ਅਨੁਸਾਰ ਨਹੀਂ ਹੁੰਦੀਆਂ ਸੀ ਅਤੇ ਮੈਂ ਸੋ ਨਹੀਂ ਪਾ ਰਿਹਾ ਸੀ। ਮੈਨੂੰ ਅਹਿਸਾਸ ਹੋਇਆ ਕਿ ਤੁਹਾਨੂੰ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਕੋਚ ਨਾਲ ਮਿੱਠੇ ਸਬੰਧ ਬਣਾਉਣ ਦੀ ਜ਼ਰੂਰਤ ਹੈ। ਅਸੀਂ ਦੋਨੋਂ ਟੀਮ ਦੇ ਲਈ ਇਕ ਹੀ ਚੀਜ਼ ਚਾਹੁੰਦੇ ਹਾਂ।

ਮੌਜੂਦਾ ਭਾਰਤੀ ਕਪਤਾਨ ਰੋਹਿਤ ਸ਼ਰਮਾ ਅਤੇ ਸਾਬਕਾ ਵਿਰਾਟ ਕੋਹਲੀ ਦੀ ਲੀਡਰਸ਼ਿਪ ਬਾਰੇ ਪੁੱਛੇ ਜਾਣ ’ਤੇ ਰਾਹੁਲ ਨੇ ਕਿਹਾ ਕਿ ਰੋਹਿਤ ਡ੍ਰੈਸਿੰਗ ਰੂਮ ’ਚ ਸ਼ਾਂਤੀ ਦੀ ਭਾਵਨਾ ਲਿਆਇਆ। ਕਪਤਾਨ ਦਾ ਜਨੂਨ ਉਹੀ ਰਹਿੰਦਾ ਹੈ। ਇਸ ਨਾਲ ਖਿਡਾਰੀਆਂ ਨੂੰ ਆਪਣੀ ਭੂਮਿਕਾ ਸਮਝਣ ਅਤੇ ਉਸ ’ਚ ਢਲਣ ਲਈ ਪੂਰਾ ਸਮਾਂ ਮਿਲਦਾ ਹੈ। ਰਾਹੁਲ ਨੇ ਕਿਹਾ ਕਿ ਵਿਰਾਟ ਨੇ ਪਹਿਲਾਂ ਹੀ ਇਕ ਲੈਵਲ ਤੈਅ ਕਰ ਦਿੱਤਾ ਸੀ ਕਿ ਮੈਦਾਨ ’ਤੇ ਕਿਵੇਂ ਰਹਿਣਾ ਹੈ ਅਤੇ ਰੋਹਿਤ ਸ਼ਾਂਤੀ ਨਾਲ ਹਰ ਕੰਮ ਕਰਦਾ ਹੈ। ਉਸ ਨੇ ਮਹਿੰਦਰ ਸਿੰਘ ਧੋਨੀ ਅਤੇ ਕੇਨ ਵਿਲੀਅਮਸਨ ਨੂੰ ਸਭ ਤੋਂ ਕੋਮਲ ਖਿਡਾਰੀਆਂ ’ਚੋਂ ਕਰਾਰ ਦਿੱਤਾ।


author

Tarsem Singh

Content Editor

Related News