ਨਵਾਂ ਪੀ. ਐੱਮ. ਐਨਕਲੇਵ ਤਿਆਰ, 4 ਜੂਨ ਤੋਂ ਬਾਅਦ ਹੋਵੇਗਾ ‘ਗ੍ਰਹਿ ਪ੍ਰਵੇਸ਼’
Tuesday, May 14, 2024 - 04:25 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਦਾ ਨਵਾਂ ‘ਐਨਕਲੇਵ’ ਮਿੱਥੀ ਸਮਾਂ ਹੱਦ ਤੋਂ ਪਹਿਲਾਂ ਹੀ ਤਿਆਰ ਹੋ ਗਿਆ ਹੈ ਤੇ ਉਹ ਇੱਥੇ ਆ ਕੇ ਰਹਿਣ ਵਾਲੇ ਪ੍ਰਧਾਨ ਮੰਤਰੀ ਦੀ ਉਡੀਕ ਕਰ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਰਾ ਸ਼ਿਕੋਹ ਮਾਰਗ ’ਤੇ ਰਾਸ਼ਟਰਪਤੀ ਭਵਨ ਨੇੜੇ ਬਣੇ ਨਵੇਂ ਪੀ. ਐੱਮ. ਐਨਕਲੇਵ ’ਚ ਸ਼ਿਫਟ ਹੋ ਸਕਦੇ ਸਨ ਪਰ ਉਨ੍ਹਾਂ ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਵਿਖੇ ਰਹਿਣਾ ਹੀ ਠੀਕ ਸਮਝਿਆ।
ਉਹ ਲੋਕ ਸਭਾ ਦੀਆਂ ਚੋਣਾਂ ਦੇ 4 ਜੂਨ ਨੂੰ ਆਉਣ ਵਾਲੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਦੇ ਨਜ਼ਦੀਕੀ ਗੁਆਂਢੀ ਉਪ ਰਾਸ਼ਟਰਪਤੀ ਜਗਦੀਪ ਧਨਖੜ ਹਨ ਜੋ ਪਹਿਲਾਂ ਹੀ 15 ਏਕੜ ’ਚ ਫੈਲੇ ਆਲੀਸ਼ਾਨ ਬੰਗਲੇ ’ਚ ਸ਼ਿਫਟ ਹੋ ਚੁਕੇ ਹਨ। 467 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਪ੍ਰਧਾਨ ਮੰਤਰੀ ਐਨਕਲੇਵ ’ਚ ਪੀ. ਐੱਮ. ਓ., ਸੰਸਦ ਭਵਨ, ਨਵੇਂ ਕਾਰਜਕਾਰੀ ਕੰਪਲੈਕਸ, ਉਪ ਰਾਸ਼ਟਰਪਤੀ ਭਵਨ ਆਦਿ ਨੂੰ ਜੋੜਨ ਲਈ ਇਕ ਅੰਡਰਗਰਾਊਂਡ ਸੁਰੰਗ ਹੋਵੇਗੀ।
ਸੁਰੰਗ ਦਾ ਮੰਤਵ ਸੁਰੱਖਿਆ ਕਾਰਨਾਂ ਦੇ ਨਾਲ-ਨਾਲ ਟ੍ਰੈਫਿਕ ਜਾਮ ਤੋਂ ਬਚਣਾ ਵੀ ਹੈ। ਸੂਤਰਾਂ ਦੀ ਮੰਨੀਏ ਤਾਂ ਨਵੀਂ ਇਮਾਰਤ ’ਚ ਸੁਰੱਖਿਆ ਨੈੱਟਵਰਕ ਹੋਵੇਗਾ ਜੋ ਬਾਹਰੋਂ ਹੋਣ ਵਾਲੇ ਹਰ ਤਰ੍ਹਾਂ ਦੇ ਹਮਲਿਆਂ ਨਾਲ ਨਜਿੱਠਣ ’ਚ ਸਮਰੱਥ ਹੋਵੇਗਾ। ਕੰਪਲੈਕਸ ਦਾ ਕੁੱਲ ਛਤਿਆ ਖੇਤਰ 2,26,203 ਵਰਗ ਫੁੱਟ ਹੈ । ਇਸ ’ਚ ਪ੍ਰਧਾਨ ਮੰਤਰੀ ਦੀ ਰਿਹਾਇਸ਼ 36,328 ਵਰਗ ਫੁੱਟ ਦੇ ਖੇਤਰ ’ਚ ਫੈਲੀ ਹੋਈ ਹੈ। ਪ੍ਰਧਾਨ ਮੰਤਰੀ ਐਨਕਲੇਵ ਸੈਂਟਰਲ ਵਿਸਟਾ ਇੰਪਰੂਵਮੈਂਟ ਪ੍ਰੋਜੈਕਟ ਦਾ ਹਿੱਸਾ ਹੈ । ਇਸ ’ਚ ‘ਵੀ.ਪੀ’. ਤੇ ‘ਪੀ.ਐੱਮ’. ਰਿਹਾਇਸ਼ ’ਚ ਵਿਸ਼ੇਸ਼ ਸੁਰੱਖਿਆ ਗਰੁੱਪ ਦੀ ਰਿਹਾਇਸ਼ ਤੇ ਇੱਕ ਕੇਂਦਰੀ ਸੰਮੇਲਨ ਕੇਂਦਰ ਸ਼ਾਮਲ ਹੋਵੇਗਾ।