ਦੁਕਾਨ ''ਤੇ ਵੇਚ ਰਿਹਾ ਸੀ ਪਤੰਗ, ਘਰ ਬਣਾ ਰੱਖਿਆ ਸੀ ਪਲਾਸਟਿਕ ਡੋਰ ਦਾ ਗੋਦਾਮ, ਪੁਲਸ ਨੇ ਕੀਤਾ ਕਾਬੂ

Friday, Jan 12, 2024 - 12:08 AM (IST)

ਲੁਧਿਆਣਾ (ਬੇਰੀ)- ਲੋਹੜੀ ਦੇ ਤਿਉਹਾਰ ਨੂੰ ਸਿਰਫ਼ ਇਕ ਦਿਨ ਬਾਕੀ ਰਹਿ ਗਿਆ ਹੈ। ‘ਖੂਨੀ ਡੋਰ’ ਦੇ ਨਾਂ ਨਾਲ ਮਸ਼ਹੂਰ ਪਲਾਸਟਿਕ ਡੋਰ ਲਈ ਪੁਲਸ ਨੇ ਵੀ ਫੜੋ-ਫੜੀ ਤੇਜ਼ ਕਰ ਦਿੱਤੀ ਹੈ। ਐਂਟੀ ਨਾਰਕੋਟਿਕ ਸੈੱਲ-1 ਦੀ ਪੁਲਸ ਨੇ ਦਰੇਸੀ ਦੇ ਇਕ ਦੁਕਾਨਦਾਰ ਨੂੰ ਪਲਾਸਟਿਕ ਡੋਰ ਦੇ ਵੱਡੇ ਜ਼ਖੀਰੇ ਸਣੇ ਕਾਬੂ ਕੀਤਾ ਹੈ। ਮੁਲਜ਼ਮ ਕੈਲਾਸ਼ ਨਗਰ ਰੋਡ, ਅਮੰਤਰਨ ਕਾਲੋਨੀ ’ਚ ਰਹਿਣ ਵਾਲਾ ਕੁਣਾਲ ਅਰੋੜਾ ਉਰਫ ਕਾਕੂ ਹੈ। ਉਸ ਦੇ ਕਬਜ਼ੇ ’ਚੋਂ ਪੁਲਸ ਨੇ 330 ਪਲਾਸਟਿਕ ਡੋਰ ਦੇ ਗੱਟੂ ਬਰਾਮਦ ਕੀਤੇ ਹਨ। ਮੁਲਜ਼ਮ ਖਿਲਾਫ ਥਾਣਾ ਡਵੀਜ਼ਨ ਨੰ. 4 ’ਚ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ- CM ਮਾਨ ਨੇ ਸ਼ਹੀਦ ਜਸਪਾਲ ਸਿੰਘ ਨੂੰ ਦਿੱਤੀ ਸ਼ਰਧਾਂਜਲੀ ਤੇ ਪਰਿਵਾਰ ਨੂੰ ਸੌਂਪਿਆ 1 ਕਰੋੜ ਦਾ ਚੈੱਕ

ਜਾਣਕਾਰੀ ਦਿੰਦੇ ਏ.ਡੀ.ਸੀ.ਪੀ. ਰੁਪਿੰਦਰ ਕੌਰ ਨੇ ਦੱਸਿਆ ਕਿ ਐਂਟੀ ਨਾਰਕੋਟਿਕ ਸੈੱਲ-1 ਦੇ ਇੰਸ. ਜਸਵੀਰ ਸਿੰਘ ਪੁਲਸ ਪਾਰਟੀ ਦੇ ਨਾਲ ਦਰੇਸੀ ਇਲਾਕੇ ’ਚ ਗਸ਼ਤ ’ਤੇ ਸਨ। ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਕੁਣਾਲ ਅਰੋੜਾ ਦੀ ਦਰੇਸੀ ’ਚ ਪਤੰਗਾਂ ਦੀ ਦੁਕਾਨ ਹੈ, ਜੋ ਕਿ ਪਾਬੰਦੀਸ਼ੁਦਾ ਪਲਾਸਟਿਕ ਡੋਰ ਵੇਚ ਕੇ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਿਹਾ ਹੈ।

ਇਸ ’ਤੇ ਪੁਲਸ ਨੇ ਮੁਲਜ਼ਮ ਦੀ ਦੁਕਾਨ ’ਤੇ ਛਾਪਾਮਾਰੀ ਕੀਤੀ, ਜਿੱਥੇ ਕੁਝ ਗੱਟੂ ਬਰਾਮਦ ਹੋਏ ਫਿਰ ਉਨ੍ਹਾਂ ਦੀ ਨਿਸ਼ਾਨਦੇਹੀ ’ਤੇ ਉਸ ਦੇ ਘਰ ’ਤੇ ਰੇਡ ਕੀਤੀ ਗਈ, ਜਿੱਥੇ ਪੁਲਸ ਨੇ 330 ਗੱਟੂ ਬਰਾਮਦ ਕੀਤੇ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਘਰ ਨੂੰ ਹੀ ਗੋਦਾਮ ਬਣਾ ਕੇ ਰੱਖਿਆ ਸੀ। ਦੁਕਾਨ ’ਤੇ 1-2 ਗੱਟੂ ਰੱਖਦਾ ਸੀ ਅਤੇ ਜੇਕਰ ਕਿਸੇ ਨੂੰ ਜ਼ਿਆਦਾ ਚਾਹੀਦੇ ਹਨ ਤਾਂ ਉਸ ਨੂੰ ਘਰ ਤੋਂ ਸਪਲਾਈ ਕਰਦਾ ਸੀ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਕਰਿਆਨਾ ਸਟੋਰ ਵੀ ਚਲਾਉਂਦਾ ਹੈ, ਜੋ ਕਿ ਸੀਜ਼ਨ ’ਚ ਪਤੰਗ ਵੇਚਦਾ ਹੈ। ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਤੋਂ ਗੱਟੂ ਲੈ ਕੇ ਆਇਆ ਸੀ।

ਇਹ ਵੀ ਪੜ੍ਹੋ- ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਵੱਡੀ ਕਾਰਵਾਈ, ਨਾਜਾਇਜ਼ ਕਬਜ਼ੇ ਹੇਠੋਂ ਛੁਡਵਾਈ 85 ਏਕੜ ਜ਼ਮੀਨ

ਲੁਧਿਆਣਾ ਦੇ ਹੀ ਹੋਲਸੇਲਰ ਤੋਂ ਖਰੀਦੇ ਸਨ ਗੱਟੂ
ਸੂਤਰਾਂ ਤੋਂ ਪਤਾ ਲੱਗਾ ਕਿ ਲੁਧਿਆਣਾ ’ਚ ਇਕ ਹੀ ਸਭ ਤੋਂ ਵੱਡਾ ਹੋਲਸੇਲਰ ਹੈ, ਜੋ ਕਿ ਵੱਡੇ ਪੱਧਰ ’ਤੇ ਪਲਾਸਟਿਕ ਡੋਰ ਵੇਚਣ ਦਾ ਕੰਮ ਕਰਦਾ ਹੈ। ਪਿਛਲੇ ਸਾਲ ਏ.ਡੀ.ਸੀ.ਪੀ. ਤੁਸ਼ਾਰ ਗੁਪਤਾ ਦੀ ਟੀਮ ਨੇ ਉਕਤ ਹੋਲਸੇਲਰ ਨੂੰ ਚੁੱਕਿਆ ਸੀ ਅਤੇ ਉਸ ’ਤੇ ਥਾਣਾ ਟਿੱਬਾ ਵਿਚ ਕੇਸ ਦਰਜ ਹੋਇਆ ਸੀ। ਉਸ ਤੋਂ ਪਹਿਲਾਂ ਵੀ ਉਸ ਦੇ ਖਿਲਾਫ਼ ਕੇਸ ਦਰਜ ਹੈ। ਇਨ੍ਹਾਂ ਹੀ ਨਹੀਂ, ਉਸ ਦੇ ਇਕ ਰਿਸ਼ਤੇਦਾਰ ’ਤੇ ਕੁਝ ਦਿਨ ਪਹਿਲਾਂ ਥਾਣਾ ਡਵੀਜ਼ਨ ਨੰ. 3 ’ਚ ਕੇਸ ਦਰਜ ਹੋਇਆ ਸੀ।

ਉਸ ਹੋਲਸੇਲਰ ਵੱਲੋਂ ਲੁਧਿਆਣਾ ਸਮੇਤ ਪੰਜਾਬ ਕਈ ਜ਼ਿਲ੍ਹਿਆਂ ’ਚ ਪਲਾਸਟਿਕ ਡੋਰ ਦੀ ਸਪਲਾਈ ਦਿੱਤੀ ਜਾਂਦੀ ਰਹੀ ਹੈ। ਲੋਹੜੀ ਤੋਂ 6 ਮਹੀਨੇ ਪਹਿਲਾਂ ਹੀ ਉਹ ਪਲਾਸਟਿਕ ਡੋਰ ਵੇਚਣੀ ਸ਼ੁਰੂ ਕਰ ਦਿੰਦਾ ਹੈ। ਜਦ ਸਖ਼ਤੀ ਹੁੰਦੀ ਹੈ ਤਾਂ ਉਹ ਆਪਣਾ 90 ਫੀਸਦੀ ਮਾਲ ਵੇਚ ਚੁੱਕਾ ਹੁੰਦਾ ਹੈ। ਜੇਕਰ ਪੁਲਸ ਪਲਾਸਟਿਕ ਡੋਰ ਦੀ ਕੜੀ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਉਕਤ ਹੋਲਸੇਲਰ ਤੱਕ ਪਹੁੰਚ ਜਾਵੇ ਤਾਂ ਲੁਧਿਆਣਾ ਵਿਚ ਪਲਾਸਟਿਕ ਡੋਰ ਹੀ ਵਿਕਣਾ ਬੰਦ ਹੋ ਜਾਵੇਗੀ।

ਇਹ ਵੀ ਪੜ੍ਹੋ- ਵਿਦੇਸ਼ੀ ਧਰਤੀ ਨੇ ਨਿਗਲਿਆ ਇਕ ਹੋਰ ਮਾਂ ਦਾ ਪੁੱਤ, ਕਬੱਡੀ ਖਿਡਾਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਕੈਨੇਡਾ 'ਚ ਹੋਈ ਮੌਤ

 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Harpreet SIngh

Content Editor

Related News