ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਚਾਈਨਾ ਡੋਰ ਸਟੋਰ, ਵੇਚਣ ਤੇ ਖ਼ਰੀਦਣ ’ਤੇ ਮੁਕੰਮਲ ਪਾਬੰਦੀ
Friday, Dec 20, 2024 - 12:27 PM (IST)
ਮਾਲੇਰਕੋਟਲਾ (ਜ਼ਹੂਰ) : ਜ਼ਿਲ੍ਹਾ ਮੈਜਿਸਟ੍ਰੇਟ ਕਮ ਡਿਪਟੀ ਕਮਿਸ਼ਨਰ ਡਾ. ਪੱਲਵੀ ਨੇ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਜ਼ਿਲ੍ਹੇ ’ਚ ਪਤੰਗ/ਗੁੱਡੀਆਂ ਉਡਾਉਣ ਲਈ ਵਰਤੀ ਜਾਂਦੀ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ (ਕੱਚ ਦੇ ਪਾਊਡਰ ਲੱਗੇ ਹੋਏ ਧਾਗੇ) ਨੂੰ ਵੇਚਣ/ਖ਼ਰੀਦਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ’ਤੇ ਮੁਕੰਮਲ ਤੌਰ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਇਹ ਪਾਬੰਦੀ ਧਾਗੇ ਵਾਲੀ ਡੋਰ ’ਤੇ ਲਾਗੂ ਨਹੀਂ ਹੋਵੇਗੀ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਪਤੰਗ/ਗੁੱਡੀਆਂ ਉਡਾਉਣ ਲਈ ਜਿਹੜੀ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਉਸ ’ਚ ਸੂਤੀ ਡੋਰ ਤੋਂ ਹਟ ਕੇ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਬਹੁਤ ਮਜ਼ਬੂਤ, ਨਾ-ਗਲਣ ਯੋਗ ਅਤੇ ਨਾ-ਟੁੱਟਣ ਯੋਗ ਹੈ।
ਇਹ ਡੋਰ ਪਤੰਗਬਾਜ਼ੀ ਸਮੇਂ ਪਤੰਗ/ਗੁੱਡੀਆਂ ਉਡਾਉਣ ਵਾਲਿਆਂ ਦੇ ਹੱਥ ਅਤੇ ਉਗਲਾਂ ਕੱਟ ਦਿੰਦੀ ਹੈ। ਸਾਈਕਲ, ਸਕੂਟਰ ਚਾਲਕਾਂ ਦੇ ਗਲ ਅਤੇ ਕੰਨ ਕੱਟੇ ਜਾਣ ਅਤੇ ਉੱਡਦੇ ਪੰਛੀਆਂ ਦੇ ਫਸ ਜਾਣ ਤੇ ਉਨ੍ਹਾਂ ਦੇ ਮਰਨ/ਜ਼ਖ਼ਮੀ ਹੋਣ ਬਾਰੇ ਕਾਫੀ ਘਟਨਾਵਾਂ ਵਾਪਰੀਆਂ ਹਨ। ਇਸ ਤੋਂ ਇਲਾਵਾ ਡੋਰ ’ਚ ਫਸੇ ਪੰਛੀਆਂ ਦੀ ਮੌਤ ਹੋ ਜਾਣ 'ਤੇ ਉਨ੍ਹਾਂ ਦੇ ਰੁੱਖਾਂ ’ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ।
ਇਸ ਤਰ੍ਹਾਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਜਦੋਂ ਪਤੰਗ/ਗੁੱਡੀਆਂ ਉਡਾਉਣ ਲਈ ਵਰਤੇ ਜਾਂਦੇ ਹਨ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੇ ਹਨ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ/ਚਾਈਨਾ ਡੋਰ ਅਤੇ ਮਾਂਜਾ ਨੂੰ ਪਤੰਗ/ਗੁੱਡੀਆਂ ਲਈ ਵਰਤਣ, ਵੇਚਣ/ਖ਼ਰੀਦਣ ਅਤੇ ਸਟੋਰ ਕਰਨ ’ਤੇ ਪੂਰਨ ਰੋਕ ਲਗਾਉਣ ਲਈ ਤੁਰੰਤ ਕਦਮ ਚੁੱਕਣ ਦੀ ਲੋੜ ਹੈ। ਇਹ ਹੁਕਮ ਜ਼ਿਲ੍ਹਾ ਮਾਲੇਰਕੋਟਲਾ ’ਚ 17 ਫਰਵਰੀ 2025 ਤੱਕ ਲਾਗੂ ਰਹਿਣਗੇ।