ਸੰਤ ਲੌਂਗੋਵਾਲ ਵੱਲੋਂ ਕੀਤਾ ਸਮਝੌਤਾ ਲਾਗੂ ਹੁੰਦਾਂ ਤਾਂ ਅੱਜ ਪੰਜਾਬ ’ਚ ਕੋਈ ਵੀ ਸਮੱਸਿਆ ਨਹੀਂ ਸੀ ਹੋਣੀ: ਰੱਖੜਾ
Saturday, Aug 03, 2024 - 11:53 PM (IST)
ਭਵਾਨੀਗੜ੍ਹ (ਕਾਂਸਲ) - ਸ਼੍ਰੋਮਣੀ ਅਕਾਲੀ ਦਲ ਦੇ ਮਹਿਰੂਮ ਪ੍ਰਧਾਨ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਜੀ ਵੱਲੋਂ ਪੰਜਾਬ ਦੇ ਹਿੱਤਾਂ ਨੂੰ ਮੁੱਖ ਰੱਖ ਕੇ ਉਸ ਸਮੇਂ ਦੀ ਕੇਂਦਰ ਸਰਕਾਰ ਨਾਲ ਕੀਤਾ ਸਮਝੌਤਾ ਜੇਕਰ ਲਾਗੂ ਹੋ ਜਾਂਦਾ ਤਾਂ ਅੱਜ ਪੰਜਾਬ ਅੰਦਰ ਕੋਈ ਵੀ ਸਮੱਸਿਆ ਨਹੀਂ ਸੀ ਹੋਣੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅੱਜ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਸਥਾਨਕ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਵੱਲੋਂ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ ਦੀ ਅਗਵਾਈ ਹੇਠ ਅਮਰ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਬੰਧੀ ਰੱਖੀ ਮੀਟਿੰਗ ਦੌਰਾਨ ਆਪਣੇ ਸੰਬੋਧਨ ਦੌਰਾਨ ਕੀਤਾ।
ਉਨ੍ਹਾਂ ਕਿਹਾ ਕਿ ਇਸ ਸਮਝੌਤੇ ਦੇ ਲਾਗੂ ਹੋਣ ਨਾਲ ਅੱਜ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਦੇ ਹੋਣੇ ਸੀ, ਪੰਜਾਬ ਦਾ ਸਾਰਾ ਪਾਣੀ ਪੰਜਾਬ ਕੋਲ ਹੋਣ ਨਾਲ ਪਾਣੀਆਂ ਦਾ ਕੋਈ ਵੀ ਮੁੱਦਾ ਨਹੀਂ ਹੋਣਾ ਸੀ ਅਤੇ ਨਾ ਹੀ ਸੰਤਾਂ ਨੂੰ ਸ਼ਹੀਦੀ ਦੇਣੀ ਪੈਣੀ ਸੀ। ਪਰ ਉਸ ਸਮੇਂ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਸਮਝੌਤੇ ਤੋਂ ਕਿਨਾਰਾ ਕਰ ਜਾਣ ਕਾਰਨ ਇਹ ਲਾਗੂ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਸੰਗਰੂਰ ਦੀ ਧਰਤੀ ਸ਼੍ਰੋਮਣੀ ਅਕਾਲੀ ਦਲ ਰਾਜਧਾਨੀ ਦੇ ਤੌਰ ’ਤੇ ਜਾਣੀ ਜਾਂਦੀ ਹੈ ਅਤੇ ਲੌਂਗੋਵਾਲ ਦੀ ਧਰਤੀ ਸ਼ਹੀਦਾਂ ਦੀ ਧਰਤੀ ਹੈ। ਇਸ ਲਈ 20 ਅਗਸਤ ਨੂੰ ਲੌਂਗੋਵਾਲ ਵਿਖੇ ਵੱਡਾ ਇਕੱਠ ਕਰਕੇ ਅਸਲ ਅਕਾਲੀ ਦਲ ਦੀ ਤਸਵੀਰ ਸਭ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਸਾਬਕਾ ਕੈਬਨਿਟ ਮੰਤਰੀ ਬਲਦੇਵ ਸਿੰਘ ਮਾਨ, ਸਾਬਕਾ ਕੈਬਨਿਟ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ, ਰਣਧੀਰ ਸਿੰਘ ਰੱਖੜਾ, ਗਗਨਜੀਤ ਸਿੰਘ ਬਰਨਾਲਾ ਤੇ ਬਾਬੂ ਪ੍ਰਕਾਸ਼ ਚੰਦ ਗਰਗ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਆਪਣੇ ਇਤਿਹਾਸ ਦੇ ਵਿਚ ਇਸ ਸਮੇਂ ਸਭ ਤੋਂ ਮਾੜੇ ਦੌਰ ’ਚੋਂ ਗੁਜਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣਾ ਬਹੁਤ ਜਰੂਰੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਲਈ ਸੂਬੇ ਦੀ ਜਨਤਾਂ ਦੀ ਅਵਾਜ਼ ਅਨੁਸਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਦਾ ਤਿਆਗ ਕਰਕੇ ਅਕਾਲੀ ਦਲ ਦੀ ਵਾਂਗਡੋਰ ਕਿਸੇ ਹੋਰ ਆਗੂ ਨੂੰ ਸੌਪਣੀ ਜ਼ਰੂਰੀ ਹੈ। ਇਸੇ ਕਰਕੇ ਹੀ ਅਕਾਲੀ ਦਲ ਦੇ ਆਗੂਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਹੈ ਅਤੇ ਗੁਰਪ੍ਰਤਾਪ ਸਿੰਘ ਬਢਾਲਾ ਨੂੰ ਇਸ ਦੀ ਕਨਵੀਨਰ ਬਣਾਇਆ ਗਿਆ ਹੈ।