ਹਥਿਆਰਾਂ ਨਾਲ ਲੈਸ ਗੁੰਡਾ ਅਨਸਰਾਂ ਨੇ ਅਚਾਨਕ ਘਰ 'ਚ ਦਾਖ਼ਲ ਹੋ ਕੇ ਕੀਤਾ ਜਾਨਲੇਵਾ ਹਮਲਾ

08/24/2020 2:41:37 PM

ਜਲਾਲਾਬਾਦ(ਜਤਿੰਦਰ ਬਜਾਜ) - ਪਿੰਡ ਟਿਵਾਣਾ ਕਲਾਂ ਦੇ ਵਸਨੀਕਾਂ ਵਲੋਂ ਚਿੱਟੇ ਦੇ ਨਸ਼ੇ ਨੂੰ ਬੰਦ ਕਰਵਾਉਣ ਲਈ ਕਈ ਵਾਰ ਪੁਲਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਨੂੰ ਗੁਹਾਰ ਲਗਾਈ ਜਾ ਚੁੱਕੀ ਹੈ। ਇਸ ਦੇ ਬਾਵਜੂਦ ਥਾਣਾ ਸਿਟੀ ਦੀ ਹਦੂਦ ਅੰਦਰ ਪੈਂਦੇ ਪਿੰਡ ਟਿਵਾਣਾ ਕਲਾਂ 'ਚ ਨਸ਼ੇ ਦੀ ਤਸਕਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਹੈ। 

ਬੀਤੀ ਰਾਤ ਨਸ਼ਾ ਤਸਕਰਾ ਸਣੇ 15 ਤੋਂ 20 ਦੇ ਕਰੀਬ ਗੁੰਡਾ ਅਨਸਰ ਨਸ਼ੇ ਦੇ ਖਿਲਾਫ਼ ਅਵਾਜ ਬੁਲੰਦ ਕਰਨ ਵਾਲੇ ਪਿੰਡ ਦੇ ਵਸਨੀਕ ਕਰਨੈਲ ਸਿੰਘ (ਬਿੱਟੂ ) ਤੇ ਉਸਦੇ ਪਰਿਵਾਰ ਨੂੰ ਜਾਨੋਂ ਮਾਰਨ ਦੀ ਨਿਯਤ ਨਾਲ ਤੇਜ਼ਧਾਰ ਹਥਿਆਰਾਂ ਨਾਲ ਲੈਸ ਕੇ ਹੋ ਕੇ ਉਸਦੇ ਘਰ ਅੰਦਰ ਦਾਖਲ ਹੋਏ ਅਤੇ ਉਸਦੇ ਭਰਾ ਨੂੰ ਗੰਭੀਰ ਸੱਟਾ ਮਾਰ ਕੇ ਜ਼ਖ਼ਮੀ ਕਰ ਦਿੱਤਾ। ਇਸ ਘਟਨਾ ਦਾ ਪਿੰਡ ਵਾਸੀਆਂ ਨੂੰ ਪਤਾ ਲੱਗਿਆ ਤਾਂ ਗੁੰਡਾ ਅਨਸਰ ਅਤੇ ਤਸਕਰ ਆਪਣੇ ਮੋਟਰਸਾਈਕਲ ਅਤੇ ਤੇਜ਼ਥਾਰ ਹਥਿਆਰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ 'ਚ ਜ਼ਖ਼ਮੀ  ਹੋਏ ਵਿਅਕਤੀ  ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਿਟੀ ਜਲਾਲਾਬਾਦ ਦੇ ਐਸ.ਐਚ.ਓ. ਅਮਰਿੰਦਰ ਸਿੰਘ ਭੰਡਾਰੀ ਪੁਲਸ ਪਾਰਟੀ ਸਣੇ  ਉਕਤ ਵਿਅਕਤੀ ਦੇ ਘਰ ਪੁੱਜੇ ਅਤੇ ਗੁੰਡਾ ਅਨਸਰਾਂ ਦੇ ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਲਾਲਾਬਾਦ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਕਾਲਾ ਸਿੰਘ ਪੁੱਤਰ ਮੁਨਸ਼ਾ ਸਿੰਘ ਨੇ ਦੱਸਿਆ ਕਿ ਪਿੰਡ ਟਿਵਾਣਾ ਕਲਾਂ 'ਚ ਪਿਛਲੇ ਕਈ ਸਾਲਾਂ ਤੋਂ ਚਿੱਟੇ ਦੇ ਨਸ਼ੇ ਸਣੇ ਕਈ ਹੋਰ ਨਸ਼ੇ ਵੱਡੇ ਪੱਧਰ 'ਤੇ ਵਿਕ ਰਹੇ ਹਨ।

ਜ਼ਖ਼ਮੀ ਨੇ ਕਿਹਾ ਕਿ ਬੀਤੀ ਰਾਤ ਨਸ਼ੇ ਦੀ ਤਸਕਰੀ ਕਰਨ ਵਾਲੇ ਵਿਅਕਤੀ ਉਸਦੇ ਭਰਾ ਨੂੰ ਜਾਨਂੋ ਮਾਰਨ ਦੀ ਨਿਯਤ ਨਾਲ ਹਥਿਆਰਾਂ ਨਾਲ ਲੈਸ ਹੋ ਕੇ ਉਸਦੇ  ਘਰ ਅੰਦਰ ਦਾਖਲ ਹੋਏ ਅਤੇ ਘਰ ਅੰਦਰ ਇੱਟਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ। ਜਦੋਂ ਉਹ ਆਪਣੇ ਭਰਾ ਸਣੇ ਪਰਿਵਾਰਿਕ ਮੈਂਬਰਾਂ ਦਾ ਬਚਾਅ ਕਰਨ ਲਈ ਅੱਗੇ ਆਇਆ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖਮੀ ਕਰ ਦਿੱਤਾ। ਪੀੜਤ ਵਿਅਕਤੀ ਨੇ ਪੰਜਾਬ ਪੁਲਸ ਦੇ ਉਚ ਅਧਿਕਾਰੀਆਂ ਪਾਸੋ ਮੰਗ ਕੀਤੀ ਹੈ ਕਿ ਪਿੰਡ 'ਚ ਨਸ਼ੇ ਦੀ ਤਸਕਰੀ ਬੰਦ ਕਰਵਾਈ ਜਾਵੇ ਅਤੇ ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।

 


Harinder Kaur

Content Editor

Related News