ਗੁੰਡਾ ਟੈਕਸ ਪਿੱਛੇ ਪੈ ਗਿਆ ਰੌਲ਼ਾ! ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ ''ਤੇ ਜਾਨਲੇਵਾ ਹਮਲਾ

Tuesday, Oct 27, 2026 - 07:02 PM (IST)

ਗੁੰਡਾ ਟੈਕਸ ਪਿੱਛੇ ਪੈ ਗਿਆ ਰੌਲ਼ਾ! ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ ''ਤੇ ਜਾਨਲੇਵਾ ਹਮਲਾ

ਡੇਰਾਬੱਸੀ (ਅਨਿਲ ਸ਼ਰਮਾ): ਡੇਰਾਬੱਸੀ ਫਲਾਈਓਵਰ ਨੇੜੇ ਗੁੰਡਾ ਟੈਕਸ ਮੰਗਣ ਅਤੇ ਸਵਾਰੀਆਂ ਚੁੱਕਣ ਦੇ ਵਿਰੋਧ 'ਚ ਇਕ ਪ੍ਰਾਈਵੇਟ ਬੱਸ ਦੇ ਡਰਾਈਵਰ ਅਤੇ ਕੰਡਕਟਰ 'ਤੇ ਡੰਡਿਆਂ, ਲੋਹੇ ਦੀਆਂ ਰਾਡਾਂ ਅਤੇ ਤਲਵਾਰਾਂ ਨਾਲ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਛੇ ਨਾਮਜ਼ਦ ਦੋਸ਼ੀਆਂ ਅਤੇ 6-7 ਅਣਪਛਾਤੇ ਵਿਅਕਤੀਆਂ ਵਿਰੁੱਧ ਵੱਖ-ਵੱਖ ਧਾਰਾਵਾਂ ਹੇਠ ਮੁਕੱਦਮਾ ਦਰਜ ਕਰ ਲਿਆ ਹੈ।

ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਡੇਰਾਬੱਸੀ ਰਾਜੇਸ਼ ਹਸਤੀਰ ਨੇ ਦੱਸਿਆ ਕਿ ਹੈਲਪਲਾਇਨ 112 'ਤੇ ਪ੍ਰਾਪਤ ਸੂਚਨਾ ਤੋਂ ਬਾਅਦ ਏ.ਯਐੱਸਆਈ ਦਿਲਬਾਗ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ। ਪੁਲਸ ਨੂੰ ਦੇਖ ਕੇ ਹਮਲਾਵਰ ਆਪਣੀ ਬੱਸ ਨੰਬਰ ਯੂ.ਪੀ.-15 ਜੇ.ਟੀ.-8055 ਵਿਚ ਸਵਾਰ ਹੋ ਕੇ ਮੌਕੇ ਤੋਂ ਫਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਬੱਸ ਦੇ ਕੰਡਕਟਰ ਨਿਖਿਲ ਵਾਸੀ ਪਿੰਡ ਖਿਜ਼ਰਗੜ੍ਹ (ਜੀਰਕਪੁਰ) ਅਨੁਸਾਰ 25 ਅਕਤੂਬਰ ਨੂੰ ਰਾਤ ਕਰੀਬ 8:30 ਵਜੇ ਉਹ ਅਤੇ ਡਰਾਈਵਰ ਅਨਸ, ਬੱਸ ਨੰਬਰ ਯੂਪੀ-22ਏਟੀ-0875 ਵਿੱਚ ਖਰੜ ਤੋਂ ਸਵਾਰੀਆਂ ਲੈ ਕੇ ਰਾਮਪੁਰ ਬਰੇਲੀ (ਯੂ.ਪੀ.) ਲਈ ਜਾ ਰਹੇ ਸਨ। ਜਦੋਂ ਉਹ ਡੇਰਾਬੱਸੀ ਫਲਾਈਓਵਰ ਹੇਠਾਂ ਗਿੰਨੀ ਟੈਂਟ ਹਾਊਸ ਨੇੜੇ ਬੁੱਕ ਕੀਤੀਆਂ ਸਵਾਰੀਆਂ ਚੁੱਕਣ ਲਈ ਰੁਕੇ, ਤਾਂ ਉੱਥੇ ਪਹਿਲਾਂ ਤੋਂ ਖੜ੍ਹੀ 'ਸਾਹਿਲ ਮਾਰਕਾ' ਬੱਸ 'ਚੋਂ ਤਾਰੀਕ ਨੇਤਾ, ਯੂਸਫ਼, ਉਜੇਰ, ਕਾਦਿਰ, ਵਾਹਿਦ ਅਤੇ ਮੁੱਲਾ ਜੀ ਹੇਠਾਂ ਉਤਰੇ।

ਮੁਲਜ਼ਮਾਂ ਨੇ ਸਵਾਰੀਆਂ ਚੁੱਕਣ ਦੇ ਬਦਲੇ ਗੁੰਡਾ ਟੈਕਸ ਦੀ ਮੰਗ ਕੀਤੀ। ਜਦੋਂ ਨਿਖਿਲ ਅਤੇ ਅਨਸ ਨੇ ਇਸ ਦਾ ਵਿਰੋਧ ਕੀਤਾ ਤਾਂ ਦੋਸ਼ੀਆਂ ਨੇ ਤਲਵਾਰਾਂ, ਰਾਡਾਂ ਅਤੇ ਡੰਡਿਆਂ ਨਾਲ ਉਨ੍ਹਾਂ 'ਤੇ ਹਮਲਾ ਕਰ ਦਿੱਤਾ, ਬੱਸ ਦੀ ਭੰਨ-ਤੋੜ ਕੀਤੀ ਅਤੇ ਸਵਾਰੀਆਂ ਨਾਲ ਵੀ ਬਦਸਲੂਕੀ ਕੀਤੀ। ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਡੇਰਾਬੱਸੀ ਪੁਲਸ ਨੇ ਧਾਰਾ 118(1), 118(2), 115(2), 126(2), 308(1), 351(2), 324(5), 191(3) ਅਤੇ 190 ਬੀ.ਐੱਨ.ਐੱਸ. ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਅਨੁਸਾਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਜਾਵੇਗਾ।


author

Anmol Tagra

Content Editor

Related News