ਮੋਬਾਇਲ ਵਾਪਸ ਲੈਣ ਤੋਂ ਨਾਰਾਜ਼ ਕੁੜੀ ਨੇ ਛੱਡਿਆ ਘਰ, ਅੰਮ੍ਰਿਤਸਰ ''ਚ ਦਿਖੀ, ਪੁਲਸ ਜਾਂਚ ''ਚ ਜੁੱਟੀ

Friday, Oct 30, 2026 - 04:23 PM (IST)

ਮੋਬਾਇਲ ਵਾਪਸ ਲੈਣ ਤੋਂ ਨਾਰਾਜ਼ ਕੁੜੀ ਨੇ ਛੱਡਿਆ ਘਰ, ਅੰਮ੍ਰਿਤਸਰ ''ਚ ਦਿਖੀ, ਪੁਲਸ ਜਾਂਚ ''ਚ ਜੁੱਟੀ

ਚੰਡੀਗੜ੍ਹ/ਅੰਮ੍ਰਿਤਸਰ : ਮਾਂ ਵੱਲੋਂ ਪ੍ਰੀਖਿਆਵਾਂ ਕਾਰਨ ਮੋਬਾਇਲ ਫੋਨ ਵਾਪਸ ਲੈਣ ਤੋਂ ਨਾਰਾਜ਼ ਹੋ ਕੇ 11ਵੀਂ ਜਮਾਤ ਦੀ 17 ਸਾਲਾ ਨਾਬਾਲਗ ਕੁੜੀ ਵੱਲੋਂ ਘਰ ਛੱਡ ਕੇ ਚਲੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰੋਂ ਬੈਗ ਲੈ ਕੇ ਨਿਕਲੀ ਕੁੜੀ ਚੰਡੀਗੜ੍ਹ ਦੇ ਸੈਕਟਰ-43 ਬੱਸ ਸਟੈਂਡ ਤੋਂ ਬੱਸ ਫੜ੍ਹ ਕੇ ਸਿੱਧੀ ਅੰਮ੍ਰਿਤਸਰ ਪਹੁੰਚ ਗਈ, ਜਿੱਥੇ ਉਹ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕੁੜੀ ਦੇ ਪਿਤਾ ਮਕੈਨੀਕਲ ਇੰਜੀਨੀਅਰ ਹਨ ਅਤੇ ਉਹ ਪਰਿਵਾਰ ਵਿੱਚ ਸਭ ਤੋਂ ਛੋਟੀ ਧੀ ਹੈ। ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਧੀ ਨੂੰ 16 ਹਜ਼ਾਰ ਰੁਪਏ ਦਾ ਨਵਾਂ ਮੋਬਾਇਲ ਫੋਨ ਲੈ ਕੇ ਦਿੱਤਾ ਸੀ ਅਤੇ ਉਹ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਸੀ।

ਆਗਾਮੀ ਪ੍ਰੀਖਿਆਵਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਂ ਨੇ ਉਸ ਕੋਲੋਂ ਫੋਨ ਵਾਪਸ ਲੈ ਲਿਆ ਸੀ ਤਾਂ ਜੋ ਉਹ ਆਪਣੀ ਪੜ੍ਹਾਈ 'ਤੇ ਧਿਆਨ ਦੇ ਸਕੇ। ਜਦੋਂ ਕੁੜੀ ਘਰੋਂ ਨਿਕਲੀ, ਉਸ ਸਮੇਂ ਘਰ ਵਿੱਚ ਕੋਈ ਵੀ ਪਰਿਵਾਰਕ ਮੈਂਬਰ ਮੌਜੂਦ ਨਹੀਂ ਸੀ। ਜਦੋਂ ਪਰਿਵਾਰ ਘਰ ਪਰਤਿਆ ਤਾਂ ਧੀ ਦੇ ਗਾਇਬ ਹੋਣ ਦਾ ਪਤਾ ਲੱਗਾ। ਆਸ-ਪਾਸ ਦੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਪਤਾ ਲੱਗਾ ਕਿ ਉਹ ਬੈਗ ਲੈ ਕੇ ਸੈਕਟਰ-43 ਬੱਸ ਸਟੈਂਡ ਪਹੁੰਚੀ ਅਤੇ ਉੱਥੋਂ ਅੰਮ੍ਰਿਤਸਰ ਲਈ ਰਵਾਨਾ ਹੋ ਗਈ। ਕੁੜੀ ਕੋਲ ਆਪਣਾ ਕੋਈ ਮੋਬਾਇਲ ਫੋਨ ਵੀ ਨਹੀਂ ਹੈ। ਚੰਡੀਗੜ੍ਹ ਪੁਲਸ ਵੱਲੋਂ ਕੀਤੀ ਗਈ ਜਾਂਚ ਦੌਰਾਨ ਅੰਮ੍ਰਿਤਸਰ 'ਚ ਸ੍ਰੀ ਹਰਿਮੰਦਰ ਸਾਹਿਬ ਖੇਤਰ ਵਿੱਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵਿੱਚ ਲੜਕੀ ਦਿਖਾਈ ਦਿੱਤੀ।

ਫੁਟੇਜ ਵਿੱਚ ਉਹ ਇੱਕ ਨੌਜਵਾਨ ਨਾਲ ਗੱਲਬਾਤ ਕਰਦੀ ਵੀ ਕੈਦ ਹੋਈ ਹੈ, ਹਾਲਾਂਕਿ ਇਸ ਤੋਂ ਬਾਅਦ ਉਸ ਦਾ ਕੋਈ ਹੋਰ ਸੁਰਾਗ ਨਹੀਂ ਮਿਲ ਸਕਿਆ। ਪੀੜਤ ਮਾਂ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦੀਆਂ ਟੀਮਾਂ ਅੰਮ੍ਰਿਤਸਰ ਪਹੁੰਚ ਕੇ ਸਥਾਨਕ ਪੁਲਸ ਦੀ ਮਦਦ ਨਾਲ ਸੀ. ਸੀ. ਟੀ. ਵੀ. ਫੁਟੇਜ ਅਤੇ ਹੋਰ ਜਾਣਕਾਰੀਆਂ ਦੇ ਆਧਾਰ 'ਤੇ ਕੁੜੀ ਦੀ ਗੰਭੀਰਤਾ ਨਾਲ ਭਾਲ ਕਰ ਰਹੀਆਂ ਹਨ।


author

Babita

Content Editor

Related News