ਜਲੰਧਰ ''ਚ ਸ਼ੋਭਾ ਯਾਤਰਾ ਦੌਰਾਨ ਹੰਗਾਮਾ, ਪਿਸਤੌਲ ਲਹਿਰਾਉਣ ਤੋਂ ਬਾਅਦ ਘਰ ''ਚ ਵੜ ਕੇ ਕੀਤਾ ਹਮਲਾ
Sunday, Oct 25, 2026 - 02:51 AM (IST)
ਜਲੰਧਰ (ਸੋਨੂੰ) : ਜਲੰਧਰ ਦੇ ਵੈਸਟ ਹਲਕੇ ਅਧੀਨ ਆਉਂਦੇ ਬਸਤੀ ਗੁਜਾਂ ਵਿੱਚ ਭਗਵਾਨ ਵਾਲਮੀਕਿ ਜਯੰਤੀ ਦੇ ਸਬੰਧ ਵਿੱਚ ਕੱਢੀ ਜਾ ਰਹੀ ਸ਼ੋਭਾ ਯਾਤਰਾ ਦੌਰਾਨ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਭਾਰੀ ਵਿਵਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਕਿਸ਼ਨਪੁਰਾ ਦੇ ਰਹਿਣ ਵਾਲੇ ਅੰਕੁਸ਼ ਸਹੋਤਾ ਨਾਂ ਦੇ ਨੌਜਵਾਨ ਨੇ ਪਹਿਲਾਂ ਸ਼ੋਭਾ ਯਾਤਰਾ ਦੌਰਾਨ ਸ਼ਰੇਆਮ ਪਿਸਤੌਲ ਲਹਿਰਾਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਤੋਂ ਬਾਅਦ ਆਰੋਪੀ ਨੇ 20 ਤੋਂ 25 ਨੌਜਵਾਨਾਂ ਨਾਲ ਮਿਲ ਕੇ ਪੀੜਤ ਦੇ ਘਰ ਵੜ ਕੇ ਹਮਲਾ ਕਰ ਦਿੱਤਾ। ਇਸ ਪੂਰੀ ਘਟਨਾ ਦੀ ਸੀ.ਸੀ.ਟੀ.ਵੀ. (CCTV) ਫੁਟੇਜ ਵੀ ਸਾਹਮਣੇ ਆਈ ਹੈ।
ਪੀੜਤ ਅਰੁਣ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਭਗਵਾਨ ਵਾਲਮੀਕਿ ਜਯੰਤੀ ਦੇ ਮੌਕੇ ਸ਼ੋਭਾ ਯਾਤਰਾ ਸ਼ਾਂਤੀਪੂਰਵਕ ਨਿਕਲ ਰਹੀ ਸੀ। ਇਸੇ ਦੌਰਾਨ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਕੁਸ਼ ਸਹੋਤਾ ਨੇ ਪਿਸਤੌਲ ਲਹਿਰਾਉਣੀ ਸ਼ੁਰੂ ਕਰ ਦਿੱਤੀ। ਜਦੋਂ ਉਸ ਦਾ ਵਿਰੋਧ ਕੀਤਾ ਗਿਆ ਤਾਂ ਉਹ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਲੱਗ ਪਿਆ। ਇਸ ਘਟਨਾ ਤੋਂ ਬਾਅਦ ਪੀੜਤ ਧਿਰ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਗਈ ਸੀ।
ਪੀੜਤ ਅਰੁਣ ਅਨੁਸਾਰ, ਜਦੋਂ ਉਹ ਪੁਲਸ ਕਰਮਚਾਰੀ ਨਾਲ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਜਾ ਰਿਹਾ ਸੀ, ਤਾਂ ਘਰੋਂ ਫੋਨ ਆਇਆ ਕਿ ਆਰੋਪੀ ਅੰਕੁਸ਼ ਸਹੋਤਾ 20 ਤੋਂ 25 ਨੌਜਵਾਨਾਂ ਨਾਲ ਉਨ੍ਹਾਂ ਦੇ ਘਰ ਵੜ ਗਿਆ ਹੈ। ਆਰੋਪੀਆਂ ਨੇ ਘਰ ਵਿੱਚ ਮੌਜੂਦ ਔਰਤਾਂ ਅਤੇ ਬਜ਼ੁਰਗਾਂ ਨਾਲ ਧੱਕਾ-ਮੁੱਕੀ ਕੀਤੀ, ਘਰ ਵਿੱਚ ਭੰਨ੍ਹ-ਤੋੜ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਦੇ ਭਰਾ 'ਤੇ ਹਮਲਾ ਕਰ ਦਿੱਤਾ। ਹਾਲਾਂਕਿ, ਪੀੜਤ ਪਰਿਵਾਰ ਨੇ ਆਰੋਪੀ ਨੂੰ ਖ਼ੁਦ ਕਾਬੂ ਕਰਕੇ ਪੁਲਸ ਹਵਾਲੇ ਕਰ ਦਿੱਤਾ। ਮੌਕੇ 'ਤੇ ਮੌਜੂਦ ਸੀਨੀਅਰ ਭਾਜਪਾ ਨੇਤਾ ਅਸ਼ਵਨੀ ਅਟਵਾਲ ਅਤੇ ਹੋਰ ਲੋਕਾਂ ਨੇ ਬਚਾਅ ਕਰਕੇ ਮਾਮਲਾ ਸ਼ਾਂਤ ਕਰਵਾਇਆ।
ਪੀੜਤ ਪਰਿਵਾਰ ਨੇ ਆਰੋਪ ਲਗਾਇਆ ਕਿ ਆਰੋਪੀ ਅੰਕੁਸ਼ ਸਹੋਤਾ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਖ਼ਿਲਾਫ਼ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ। ਲਗਭਗ 2 ਸਾਲ ਪਹਿਲਾਂ ਅਰੁਣ ਦੇ ਭਰਾ ਵਿਸ਼ਾਲ ਨੇ ਆਰੋਪੀ ਨੂੰ ਨਸ਼ਾ ਕਰਨ ਤੋਂ ਰੋਕਿਆ ਸੀ, ਜਿਸ ਕਾਰਨ ਉਸ ਨੇ ਵਿਸ਼ਾਲ 'ਤੇ ਹਮਲਾ ਕੀਤਾ ਸੀ। ਇਸ ਤੋਂ ਪਹਿਲਾਂ ਵੀ ਆਰੋਪੀ ਨੂੰ ਸੀ.ਆਈ.ਏ. (CIA) ਸਟਾਫ਼ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।
ਪੀੜਤ ਪਰਿਵਾਰ ਨੇ ਪੁਲਸ ਅਤੇ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਗੁਹਾਰ ਲਗਾਈ ਹੈ ਕਿ ਆਰੋਪੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਸ ਕੋਲ ਮੌਜੂਦ ਗੈਰ-ਕਾਨੂੰਨੀ ਹਥਿਆਰਾਂ ਨੂੰ ਜ਼ਬਤ ਕੀਤਾ ਜਾਵੇ। ਦੂਜੇ ਪਾਸੇ, ਜਦੋਂ ਇਸ ਮਾਮਲੇ ਸਬੰਧੀ ਪੁਲਸ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਸ ਨੇ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।
