ਸਰਕਾਰਾਂ ਖੁਦ ਨਹੀ ਚਾਹੁੰਦੀਆਂ ਕਿ ਨਸ਼ੇ ਬੰਦ ਹੋਣ, ਸੌਦਾਗਰਾਂ ਨੇ ਫੈਲਾਇਆ ਹੈ ਚਾਰੋਂ ਪਾਸੇ ਜਾਲ

08/08/2020 3:43:43 PM

ਮੰਡੀ ਲੱਖੇਵਾਲੀ/ ਸ੍ਰੀ ਮੁਕਤਸਰ ਸਾਹਿਬ(ਸੁਖਪਾਲ ਢਿੱਲੋਂ/ਪਵਨ ਤਨੇਜਾ) - ਪਿਛਲੇ ਦਿਨਾਂ ਦੌਰਾਨ ਸੂਬੇ ਅੰਦਰ ਸ਼ਰਾਬ ਪੀਣ ਨਾਲ 100 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਹਨ। ਇਸ ਤੋਂ ਬਾਅਦ ਹੁਣ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਇਹ ਮਾਮਲਾ ਉਛਾਲਿਆ ਜਾ ਰਿਹਾ ਹੈ। ਇਹ ਸਭ ਕੁਝ ਇਸ ਕਰਕੇ ਹੋ ਰਿਹਾ ਹੈ ਕਿ ਸੂਬੇ ਦੇ ਲੋਕਾਂ ਦੀ ਹਮਦਰਦੀ ਹਾਸਲ ਕੀਤੀ ਜਾ ਸਕੇ ਅਤੇ ਅਗਲੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਵੋਟ ਬੈਂਕ ਨੂੰ ਵੱਡਾ ਕੀਤਾ ਜਾ ਸਕੇ। ਜੇਕਰ ਵੇਖਿਆ ਜਾਵੇ ਤਾਂ ਸ਼ਰਾਬ ਨਾਲ ਹੋਣ ਵਾਲੀਆਂ ਮੌਤਾਂ ਦਾ ਇਹ ਕੋਈ ਨਵਾਂ ਮਾਮਲਾ ਨਹੀ ਹੈ ਅਤੇ ਨਾ ਹੀ ਸ਼ਰਾਬ ਪੀਣ ਨਾਲ ਪਹਿਲੀ ਵਾਰ ਮੌਤਾਂ ਹੋਈਆਂ ਹਨ। ਜਦੋਂ ਕਿ ਪਿਛਲੇ ਲੰਮੇ ਸਮੇਂ ਤੋਂ ਸੂਬੇ ਦੇ 22 ਜਿਲ੍ਹਿਆਂ ਅੰਦਰ ਕਿਤੇ ਨਾ ਕਿਤੇ ਸ਼ਰਾਬ ਪੀਣ ਨਾਲ ਲੋਕਾਂ ਦੀਆਂ ਮੌਤਾਂ ਹੁੰਦੀਆਂ ਹੀ ਰਹਿੰਦੀਆਂ ਹਨ। ਕੋਈ ਘਰ ਦੀ ਕੱਢੀ ਦੇਸੀ ਦਾਰੂ ਪੀ ਕੇ ਮਰਦਾ ਹੈ ਤੇ ਕੋਈ ਸਰਕਾਰੀ ਮਨਜ਼ੂਰ ਸ਼ੁਦਾ ਠੇਕੇ ਤੋਂ ਸ਼ਰਾਬ ਪੀ ਕੇ ਮਰ ਜਾਂਦਾ ਹੈ। ਜੇਕਰ ਸਾਰੀਆਂ ਸਿਆਸੀ ਧਿਰਾਂ ਪੰਜਾਬ ਦੇ ਹਿੱਤਾਂ ਲਈ ਦਿਲਾਂ ਦੀਆਂ ਗਹਿਰਾਈਆਂ ਤੋਂ ਕੁਝ ਸੋਚਣ ਅਤੇ ਨਸ਼ਿਆਂ ਨੂੰ ਬੰਦ ਕਰਵਾਉਣ ਵਾਲੇ ਪਾਸੇ ਇਮਾਨਦਾਰੀ ਨਾਲ ਜ਼ੋਰ ਲਾਉਣ ਤਾਂ ਕਿ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ ਤੋਂ ਲੋਕਾਂ ਨੂੰ ਬਚਾਇਆ ਨਹੀਂ ਜਾ ਸਕਦਾ ਹੈ।

PunjabKesari

ਇਸੇ ਮੁੱਦੇ ਨੂੰ ਲੈ ਕੇ ਕੁਝ ਜ਼ਿੰਮੇਵਾਰ ਤੇ ਜਾਗਰੂਕ ਔਰਤਾਂ ਨਾਲ 'ਜਗ ਬਾਣੀ' ਵੱਲੋਂ ਗੱਲਬਾਤ ਕੀਤੀ ਗਈ। ਸਮਾਜ ਸੇਵਕਾ ਬਲਜਿੰਦਰ ਕੌਰ ਖੱਪਿਆਂਵਾਲੀ, ਅੰਮ੍ਰਿਤ ਕੌਰ ਬੱਲੂਆਣਾ, ਇੰਦਰਪਾਲ ਕੌਰ ਮੁਕਤਸਰ, ਕਿਰਨਜੀਤ ਕੌਰ ਭੰਗਚੜੀ, ਰੁਪਿੰਦਰ ਕੌਰ ਗੁਰੂਸਰ ਤੇ ਗਗਨਦੀਪ ਕੌਰ ਮੱਲਣ ਨੇ ਕਿਹਾ ਹੈ ਕਿ ਸਰਕਾਰਾਂ ਖੁਦ ਹੀ ਨਹੀ ਚਾਹੁੰਦੀਆਂ ਕਿ ਨਸ਼ੇ ਬੰਦ ਹੋਣ। ਕਿਉਂਕਿ ਕਈ ਸਿਆਸੀ ਨੇਤਾਵਾਂ ਨਾਲ ਨਸ਼ੇ ਵੇਚਣ ਵਾਲਿਆਂ ਦੇ ਹੱਥ ਮਿਲੇ ਹੋਏ ਹਨ। ਨਸ਼ਿਆਂ ਦੇ ਸੌਦਾਗਰਾਂ ਨੇ ਇਕ ਬਹੁਤ ਵੱਡਾ ਜਾਲ ਸਾਰੇ ਪਾਸੇ ਫੈਲਾਇਆ ਹੋਇਆ ਹੈ। ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਆਈਆਂ ਹਨ ਉਨ੍ਹਾਂ ਨੇ ਹੁਣ ਤੱਕ ਨਾ ਤਾਂ ਕੋਈ ਸ਼ਰਾਬ ਨੂੰ ਬੰਦ ਕਰਵਾਉਣ ਵਾਲੇ ਪਾਸੇ ਦਿੱਤਾ ਹੈ ਅਤੇ ਨਾ ਹੀ ਬਾਕੀ ਵਿਕਦੇ ਨਸ਼ਿਆਂ ਨੂੰ ਬੰਦ ਕਰਵਾਉਣ ਦੀ ਕਿਸੇ ਨੇ ਜੁਰਤ ਕੀਤੀ। ਜੇਕਰ ਸਰਕਾਰਾਂ ਚਾਹੁਣ ਤਾਂ ਇਕ ਦਿਨ ਵਿਚ ਹੀ ਸਾਰੇ ਤਰ੍ਹਾਂ ਦੇ ਨਸ਼ੇ ਬੰਦ ਹੋ ਸਕਦੇ ਹਨ। ਜਿਹੜੇ ਲੋਕ ਨਸ਼ਾ ਵੇਚਦੇ ਹਨ ਸਰਕਾਰ ਉਸ ਪਰਿਵਾਰ ਦਾ ਨਾਮ ਸਾਰੀਆਂ ਮਿਲਣ ਵਾਲੀਆਂ ਸਰਕਾਰੀ ਸਕੀਮਾਂ ਵਿਚੋਂ ਕੱਟ ਦੇਵੇ ਅਤੇ ਨਾ ਹੀ ਅਜਿਹੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ ਕੋਈ ਹੋਰ ਲਾਭ ਦਿੱਤਾ ਜਾਵੇ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਇਕੱਲੀ ਘਰ ਦੀ ਕੱਢੀ ਦੇਸੀ ਸ਼ਰਾਬ ਬੰਦ ਕਰਨ ਨਾਲ ਹੀ ਮਸਲਾ ਹੱਲ ਨਹੀ ਹੋਣਾ। ਸਗੋਂ ਪੰਜਾਬ ਸਰਕਾਰ ਨੂੰ ਸ਼ਰਾਬ ਦੇ ਸਰਕਾਰੀ ਠੇਕੇ ਵੀ ਬੰਦ ਕਰ ਦੇਣੇ ਚਾਹੀਦੇ ਹਨ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਕਈ ਥਾਵਾਂ 'ਤੇ ਪਿੰਡਾਂ ਅਤੇ ਸ਼ਹਿਰਾਂ ਵਿਚ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਵੀ ਹੋਏ ਹਨ। ਪਰ ਫਿਰ ਵੀ ਸ਼ਰਾਬ ਦੇ ਠੇਕਿਆਂ ਦੀ ਗਿਣਤੀ ਸੂਬੇ ਵਿਚ ਘੱਟਣ ਦੀ ਥਾਂ ਸਗੋਂ ਹੋਰ ਵਧੀ ਹੈ। ਸ਼ਰਾਬ ਪੀਣ ਵਾਲੇ ਵਿਅਕਤੀਆਂ ਤੋਂ ਸਭ ਤੋਂ ਵੱਧ ਤੰਗ-ਪ੍ਰੇਸ਼ਾਨ ਔਰਤਾਂ ਹੀ ਹੁੰਦੀਆਂ ਹਨ। ਕਿਉਕਿ ਸ਼ਰਾਬੀ ਵਿਅਕਤੀ ਘਰਾਂ ਵਿਚ ਆ ਕੇ ਕਲੇਸ਼ ਪਾਉਂਦੇ ਹਨ। ਔਰਤਾਂ ਨੂੰ ਬਿਨਾਂ ਵਜ੍ਹਾ ਕੁੱਟਦੇ-ਮਾਰਦੇ ਹਨ। ਜ਼ਿਆਦਾ ਘਰਾਂ ਵਿਚ ਮੀਆਂ-ਬੀਵੀ ਦੀ ਲੜਾਈ ਦਾ ਕਾਰਨ ਸ਼ਰਾਬ ਹੁੰਦੀ ਹੈ ਅਤੇ ਕਈ ਵਾਰ ਤਾਂ ਨਿੱਕੇ-ਨਿੱਕੇ ਝਗੜਿਆਂ ਤੋਂ ਸ਼ੁਰੂ ਹੋਈ ਗੱਲ ਤਲਾਕਾਂ ਤੱਕ ਪਹੁੰਚ ਜਾਂਦੀ ਹੈ। ਕਈ ਘਰ ਤਾਂ ਸ਼ਰਾਬ ਕਾਰਨ ਟੁੱਟ ਵੀ ਗਏ ਹਨ। ਜਿਹੜੇ ਬੰਦੇ ਸ਼ਰਾਬ ਪੀ ਕੇ ਮਰ-ਮੁੱਕ ਗਏ ਹਨ, ਉਹਨਾਂ ਦੇ ਪਰਿਵਾਰ ਰੁੱਲਦੇ ਫਿਰਦੇ ਹਨ। ਸਰਕਾਰੇ-ਦਰਬਾਰੇ ਵੀ ਕੋਈ ਗੱਲ ਨਹੀ ਸੁਣੀ ਜਾਂਦੀ। ਇਹਨਾਂ ਔਰਤਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਸਖ਼ਤ ਤੋਂ ਸਖ਼ਤ ਸਟੈਂਡ ਲੈਣ ਤਾਂ ਕਿ ਨਸ਼ਿਆਂ ਕਰਕੇ ਲੋਕਾਂ ਦੀ ਬਰਬਾਦੀ ਨਾ ਹੋਵੇ।


Harinder Kaur

Content Editor

Related News