ਮੈਨੂੰ ਖ਼ੁਸ਼ੀ ਹੈ ਕਿ ਮੈਂ ਇਮਤਿਆਜ਼ ਸਰ ਦੇ ਸਿਨੇਮਾ ’ਚ ਭੂਮਿਕਾ ਨਿਭਾ ਸਕਿਆ: ਜਸ਼ਨ ਸਿੰਘ ਕੋਹਲੀ

04/24/2024 12:06:14 PM

ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਫਿਲਮ ‘ਚਮਕੀਲਾ’ 12 ਅਪ੍ਰੈਲ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋ ਚੁੱਕੀ ਹੈ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ। ਇਮਤਿਆਜ਼ ਅਲੀ ਦੇ ਨਿਰਦੇਸ਼ਨ ’ਚ ਬਣੀ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਹਰ ਕੋਈ ਦਿਲਜੀਤ ਅਤੇ ਪਰਿਣੀਤੀ ਦੀ ਅਦਾਕਾਰੀ ਦੀ ਤਾਰੀਫ਼ ਕਰ ਰਿਹਾ ਹੈ। ਇਹ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ, ਜਿਸ ਦੇ ਨਾਂ ਸਭ ਤੋਂ ਵੱਧ ਰਿਕਾਰਡ ਵਿਕਣ ਦਾ ਇਤਿਹਾਸ ਦਰਜ ਹੈ। ਫਿਲਮ ਨੂੰ ਮਿਲ ਰਹੀ ਲਗਾਤਾਰ ਸਫਲਤਾ ਦਰਮਿਆਨ ਜਸ਼ਨ ਸਿੰਘ ਕੋਹਲੀ ਨੇ ‘ਚਮਕੀਲਾ’ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ। ਪੇਸ਼ ਹਨ ਮੁੱਖ ਅੰਸ਼ ...

ਚਮਕੀਲਾ ਨੂੰ ਤਾਂ ਹਰ ਪਾਸੇ ਪਸੰਦ ਕੀਤਾ ਜਾ ਰਿਹਾ ਹੈ ਪਰ ਪੱਪੂ ਬਣ ਕੇ ਤੁਹਾਨੂੰ ਕਿੰਨਾ ਪਿਆਰ ਮਿਲ ਰਿਹਾ ਹੈ?
ਮੈਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਇਹ ਇਮਤਿਆਜ਼ ਸਰ ਦੀ ਫਿਲਮ ਹੈ, ਇਸ ਲਈ ਧਮਾਕਾ ਤਾਂ ਹੋਣਾ ਹੀ ਹੈ। ਇੰਨੇ ਸਾਲਾਂ ਬਾਅਦ ਉਨ੍ਹਾਂ ਦੀ ਫਿਲਮ ਆਈ, ਜਿਸ ਲਈ ਲੋਕ ਪਹਿਲਾਂ ਤੋਂ ਹੀ ਕਾਫ਼ੀ ਉਤਸ਼ਾਹਿਤ ਸਨ। ਉਨ੍ਹਾਂ ਦੀ ਫਿਲਮ ’ਚ ਲੋਕਾਂ ਨੂੰ ਪੱਪੂ ਮਿਲਿਆ, ਜੋ ਬਹੁਤ ਹੀ ਦਿਲਚਸਪ ਕਿਰਦਾਰ ਸੀ। ਪੱਪੂ ਨੂੰ ਹਮੇਸ਼ਾ ਵਿੱਚ ਵੜ੍ਹਨ ਦੀ ਆਦਤ ਹੈ ਤਾਂ ਜੋ ਚਮਕੀਲਾ ਤੇ ਅਮਰਜੋਤ ਇਕੱਠੇ ਨਾ ਹੋ ਸਕਣ। ਇਸ ਲਈ ਇਹ ਬਹੁਤ ਪਿਆਰਾ ਰੋਲ ਸੀ ਅਤੇ ਮੈਨੂੰ ਖ਼ੁਸ਼ੀ ਹੈ ਕਿ ਮੈਂ ਇਮਤਿਆਜ਼ ਸਰ ਦੇ ਸਿਨੇਮਾ ’ਚ ਕੁਝ ਭੂਮਿਕਾ ਨਿਭਾ ਸਕਿਆ।

ਇਮਤਿਆਜ਼ ਅਲੀ ਬਾਰੇ ਜਦੋਂ ਵੀ ਕਿਹਾ ਜਾਂਦਾ ਹੈ ਕਿ ਇਹ ਉਨ੍ਹਾਂ ਦਾ ਮਾਸਟਰਪੀਸ ਹੈ ਤਾਂ ਉਹ ਕੁਝ ਨਵਾਂ ਲੈ ਕੇ ਆਉਂਦੇ ਹਨ ਅਤੇ ਪੁਰਾਣੇ ਵਿਚਾਰ ਨੂੰ ਬਦਲ ਦਿੰਦੇ ਹਨ। ਤੁਸੀਂ ਇਸ ਨਾਲ ਕਿੰਨਾ ਕੁ ਸਹਿਮਤ ਹੋ?
ਬਤੌਰ ਅਦਾਕਾਰ ਤੁਹਾਡੇ ਕੁਝ ਟਿੱਕਮਾਰਕ ਹੁੰਦੇ ਹਨ ਕਿ ਤੁਹਾਨੂੰ ਇਨ੍ਹਾਂ-ਇੰਨ੍ਹਾਂ ਲੋਕਾਂ ਨਾਲ ਕੰਮ ਕਰਨਾ ਹੈ। ਮੈਂ ਰੱਬ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਮੇਰਾ ਟਿੱਕਮਾਰਕ ਸੀ ਇਮਤਿਆਜ਼ ਸਰ ਨਾਲ ਕੰਮ ਕਰਨਾ. . .ਮੇਰਾ ਉਹ ਸੁਪਨਾ ਪੂਰਾ ਹੋ ਗਿਆ। ਸੱਚ ਕਹਾਂ ਤਾਂ ਉਹ ਮੈਨੂੰ ਜਾਦੂਗਰ ਵਾਂਗ ਲੱਗਦੇ ਹਨ , ਉਨ੍ਹਾਂ ਦੀ ਚਮਕ ਹੀ ਵੱਖਰੀ ਹੈ। ਸਭ ਤੋਂ ਪਹਿਲਾਂ ਤਾਂ ਜਦੋਂ ਤੁਸੀਂ ਉਨ੍ਹਾਂ ਨੂੰ ਦੇਖੋਗੇ ਤਾਂ ਦੇਖਦੇ ਹੀ ਰਹਿ ਜਾਓਗੇ। ਫਿਰ ਜਦੋਂ ਉਨ੍ਹਾਂ ਨਾਲ ਕੰਮ ਕਰੋ ਤਾਂ ਲੱਗਦਾ ਹੈ ਕਿ ਅਦਾਕਾਰ ਜਿਸ ਰਚਨਾਤਮਕ ਸੰਤੁਸ਼ਟੀ ਦੀ ਗੱਲ ਕਰਦੇ ਹਨ, ਉਹ ਇਹੋ ਹੈ। ਜਿਵੇਂ ਮੇਰੇ ਅੰਦਰ ਅਦਾਕਾਰੀ ਦਾ ਕੀੜਾ ਹੈ, ਉਹ ਚੰਗੇ ਨਿਰਦੇਸ਼ਕ ਨਾਲ ਹੀ ਸ਼ਾਂਤ ਹੁੰਦਾ ਹੈ, ਇਸ ਲਈ ਉਹ ਅਨੁਭਵ ਮੈਨੂੰ ਇਸ ਫਿਲਮ ’ਚ ਮਿਲਿਆ। ਸੋਚੋ 2 ਸਾਲ ਉਨ੍ਹਾਂ ਨੇ ਸਕ੍ਰਿਪਟ ’ਤੇ ਲਾਏ।

ਜਦੋਂ ਤੁਹਾਨੂੰ ਇਹ ਫਿਲਮ ਆਫਰ ਹੋਈ ਤਾਂ ਕੀ ਤੁਹਾਨੂੰ ਚਮਕੀਲਾ ਬਾਰੇ ਪਤਾ ਸੀ?
ਮੈਂ ਉਸ ਦੌਰ ’ਚ ਨਹੀਂ ਸੀ, ਇਸ ਲਈ ਮੈਨੂੰ ਉਨ੍ਹਾਂ ਬਾਰੇ ਬਹੁਤਾ ਪਤਾ ਨਹੀਂ ਸੀ ਪਰ ਮੈਨੂੰ ਪੰਜਾਬੀ ਸੰਗੀਤ ਪਸੰਦ ਹੈ, ਇਸ ਲਈ ਅਸੀਂ ਉਨ੍ਹਾਂ ਦੇ ਗੀਤ ਬਹੁਤ ਸੁਣੇ ਹਨ। ਲੁਕ-ਲੁਕ ਕੇ ਨਹੀਂ ਖੁੱਲ੍ਹੇਆਮ। ਇਸ ਲਈ ਸਿਰਫ਼ ਉਨ੍ਹਾਂ ਦੇ ਗੀਤਾਂ ਬਾਰੇ ਹੀ ਪਤਾ ਸੀ ਪਰ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤਾ ਪਤਾ ਨਹੀਂ ਸੀ। ਇਹ ਵੀ ਪਤਾ ਨਹੀਂ ਸੀ ਕਿ ਬੁਲੰਦੀਆਂ ’ਤੇ ਪਹੁੰਚਣ ਤੱਕ ਦਾ ਸਫ਼ਰ ਉਨ੍ਹਾਂ ਨੇ ਕਿੱਥੋਂ ਅਤੇ ਕਿਵੇਂ ਸ਼ੁਰੂ ਕੀਤਾ ਸੀ। ਮੈਨੂੰ ਲੱਗਦਾ ਹੈ ਕਿ ਕੋਈ ਨਹੀਂ ਜਾਣਦਾ ਸੀ, ਹਰ ਕਿਸੇ ਕੋਲ ਸਿਰਫ਼ ਉੱਪਰ-ਉੱਪਰ ਤੋਂ ਹੀ ਜਾਣਕਾਰੀ ਸੀ। ਉਹ ਸਾਰੀਆਂ ਗੱਲਾਂ ਮੈਨੂੰ ਇਮਤਿਆਜ਼ ਸਰ ਤੋਂ ਪਤਾ ਲੱਗੀਆਂ। ਇੱਕ ਹੋਰ ਸਭ ਤੋਂ ਖ਼ਾਸ ਗੱਲ ਇਹ ਹੈ ਕਿ ਇਸ ਫਿਲਮ ਲਈ ਉਨ੍ਹਾਂ ਨੂੰ ਇੱਕ ਤਾਜ਼ਾ ਚਿਹਰਾ ਚਾਹੀਦਾ ਸੀ। ਉਨ੍ਹਾਂ ਨੇ ਇਸ ਦੀ ਜ਼ਿੰਮੇਵਾਰੀ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਨੂੰ ਸੌਂਪੀ। ਤੁਸੀਂ ਯਕੀਨ ਨਹੀਂ ਕਰੋਗੇ ਕਿ ਮੈਂ ਚਮਕੀਲਾ ਲਈ ਟੈਸਟ ਦਿੱਤਾ ਸੀ। ਫਿਰ ਪੂਰੇ ਭਾਰਤ ਤੋਂ ਸਾਨੂੰ 8 ਲੋਕਾਂ ਨੂੰ ਮੁੰਬਈ ਬੁਲਾਇਆ ਗਿਆ। ਸਾਡੀ ਉੱਥੇ ਵਰਕਸ਼ਾਪ ਤੇ ਟੈਸਟਿੰਗ ਹੋਈ। ਉਸ ਸਮੇਂ ਮੁਕੇਸ਼ ਛਾਬੜਾ ਕਹਿੰਦੇ ਸਨ ਕਿ ਤੁਹਾਡੇ 8 ’ਚੋਂ ਹੀ ਇੱਕ ਚਮਕੀਲਾ ਹੈ ਅਤੇ ਮੈਂ ਕਹਿੰਦਾ ਸੀ ਕਿ ਮੈਂ ਹੀ ਹਾਂ ਇਮਤਿਆਜ਼ ਅਲੀ ਦਾ ਚਮਕੀਲਾ। ਫਿਰ ਕੁਝ ਮਹੀਨੇ ਬੀਤ ਗਏ ਅਤੇ ਪਤਾ ਲੱਗਾ ਕਿ ਦਿਲਜੀਤ ਦੋਸਾਂਝ ਚਮਕੀਲਾ ਦਾ ਕਿਰਦਾਰ ਨਿਭਾਉਣਗੇ ਤਾਂ ਪਹਿਲਾਂ ਤਾਂ ਮੈਂ ਨਿਰਾਸ਼ ਹੋ ਗਿਆ ਕਿ ਮੈਂ ਕਿਉਂ ਨਹੀਂ ਹਾਂ। ਬਾਅਦ ’ਚ ਇਮਤਿਆਜ਼ ਸਰ ਨੂੰ ਭੇਜੇ ਆਡੀਸ਼ਨ ਵਿਚ ਮੇਰੀ ਮਾਸੂਮੀਅਤ ਨੂੰ ਵੇਖ ਕੇ ਉਨ੍ਹਾਂ ਨੂੰ ਲੱਗਾ ਕਿ ਇਹ ਤਾਂ ਸਾਡੇ ਪੱਪੂ ’ਚ ਹੈ। ਇਸ ਤੋਂ ਬਾਅਦ ਮੈਂ ਪੱਪੂ ਲਈ ਚੁਣਿਆ ਗਿਆ।

ਪੱਪੂ ਦੇ ਰੋਲ ਬਾਰੇ ਤੁਸੀਂ ਪਹਿਲਾਂ ਹੀ ਕਿੰਨਾ ਕੁ ਜਾਣਦੇ ਸੀ?
ਇਸ ਫਿਲਮ ਲਈ ਅਸੀਂ ਬਹੁਤ ਸਾਰੇ ਵੀਡੀਓ ਦੇਖੇ ਚਮਕੀਲੇ ਦੇ, ਟਿੱਕੀ ਦੇ, ਢੱਕਣ ਸਾਰਿਆਂ ਦੇ ਪਰ ਪੱਪੂ ਬਾਰੇ ਜ਼ਿਆਦਾ ਕੁਝ ਨਹੀਂ ਮਿਲ ਸਕਿਆ। ਇਸ ਲਈ ਇਮਤਿਆਜ਼ ਸਰ ਨੇ ਮੈਨੂੰ ਇਸ ਬਾਰੇ ਸਮਝਾਇਆ ਸੀ ਕਿ ਤੁਹਾਡੇ ’ਚ ਮਾਸੂਮੀਅਤ ਹੈ, ਇਸ ਨੂੰ ਇਸੇ ਤਰ੍ਹਾਂ ਬਣਾਈ ਰੱਖਣਾ। ਜੇ ਤੁਹਾਨੂੰ ਕੁਝ ਸਮਝ ਨਾ ਆਵੇ ਤਾਂ ਵੀ ਉਸੇ ਤਰ੍ਹਾਂ ਹੀ ਕਰਨਾ ਕਿਉਂਕਿ ਇਹੋ ਮੇਰਾ ਪੱਪੂ ਹੈ। ਇਸ ਲਈ ਮੈਂ ਇਮਤਿਆਜ਼ ਸਰ ਦੀਆਂ ਅੱਖਾਂ ਅਤੇ ਸ਼ਬਦਾਂ ਰਾਹੀਂ ਪੱਪੂ ਦੇ ਕਿਰਦਾਰ ਬਾਰੇ ਜਾਣਿਆ ਕਿਉਂਕਿ ਜਦੋਂ ਤੁਹਾਡੀ ਖੋਜ ਨਹੀਂ ਹੁੰਦੀ ਤਾਂ ਤੁਹਾਨੂੰ ਆਪਣੇ ਨਿਰਦੇਸ਼ਕ ’ਤੇ ਭਰੋਸਾ ਕਰਨਾ ਚਾਹੀਦਾ ਹੈ।

ਪਰਿਣੀਤੀ ਚੋਪੜਾ ਨਾਲ ਕੰਮ ਕਰਨ ਦਾ ਅਨੁਭਵ ਕਿਹੋ ਜਿਹਾ ਰਿਹਾ?
ਪਰਿਣੀਤੀ ਅਤੇ ਮੇਰੀ ਊਰਜਾ ਥੋੜ੍ਹੀ ਮਿਲਦੀ-ਜੁਲਦੀ ਹੈ। ਸੈੱਟ ’ਤੇ ਸਾਡੀ ਦੋਵਾਂ ਦੀ ਪ੍ਰਤੀਕਿਰਿਆ ਵੀ ਇੱਕੋ ਜਿਹਾ ਰਹਿੰਦਾ ਸੀ। ਦਿਲਜੀਤ ਬਹੁਤ ਸ਼ਾਂਤ ਢੰਗ ਨਾਲ ਆਉਂਦੇ ਸਨ ਪਰ ਕੈਮਰੇ ਸਾਹਮਣੇ ਉਨ੍ਹਾਂ ਦੀ ਅਦਾਕਾਰੀ ਬੋਲਦੀ ਸੀ। ਪਰਿਣੀਤੀ ਬਿਲਕੁਲ ਮੇਰੇ ਵਰਗੀ ਹੈ। ਸੈੱਟ ’ਤੇ ਸਾਡੇ ਵਿਚਕਾਰ ਬਹੁਤ ਗੱਲਾਂ-ਬਾਤਾਂ ਹੁੰਦੀਆਂ ਸਨ ਪਰ ਕੈਮਰੇ ’ਤੇ ਉਹ ਪੂਰੀ ਅਮਰਜੋਤ ਬਣ ਜਾਂਦੀ ਸੀ। ਉਨ੍ਹਾਂ ਨੂੰ ਪਤਾ ਹੈ ਕਿ ਇਹ ਇਮਤਿਆਜ਼ ਦੀ ਫਿਲਮ ਹੈ ਤੇ ਉਹ ਉਨ੍ਹਾਂ ਤੋਂ ਕੀ ਚਾਹੁੰਦੇ ਹਨ। ਅਸੀਂ ਮਸਤੀ ਵੀ ਕੀਤੀ। ਇਸ ਫਿਲਮ ਲਈ ਪਰਿਣੀਤੀ ਨੂੰ ਵਜ਼ਨ ਵਧਾਉਣਾ ਪਿਆ ਸੀ, ਇਸ ਲਈ ਉਨ੍ਹਾਂ ਨੂੰ ਖਾਣ ਲਈ ਖੁੱਲ੍ਹੀ ਛੋਟ ਸੀ। ਮੈਨੂੰ ਯਾਦ ਹੈ ਕਿ ਪਰਿਣੀਤੀ ਉਸ ਸਮੇਂ ਕੁਆਰੀ ਸੀ। ਜਦੋਂ ਫਿਲਮ ਖ਼ਤਮ ਹੋਈ ਤਾਂ ਮੈਂ ਕਿਹਾ ਆਹ ਕੀ ਹੋਇਆ? ਫਿਰ ਜਦੋਂ ਮੈਂ ਫਿਲਮ ਦੇ ਪ੍ਰੀਮੀਅਰ ’ਤੇ ਉਨ੍ਹਾਂ ਨੂੰ ਮਿਲਿਆ ਤਾਂ ਮੈਂ ਕਿਹਾ, ਬਹੁਤ-ਬਹੁਤ ਵਧਾਈਆਂ, ਤੁਹਾਡਾ ਵਿਆਹ ਹੋ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਉਦੋਂ ਨਹੀਂ ਸੀ, ਹੁਣ ਹੈ।
 


sunita

Content Editor

Related News