ਸਰਕਾਰ ਦੀਆਂ ਨਵੀਆਂ ਹਦਾਇਤਾਂ ਤੋਂ ਖਫ਼ਾ ਦੁਕਾਨਦਾਰ, ਬਠਿੰਡਾ-ਜ਼ੀਰਕਪੁਰ ਨੈਸ਼ਨਲ ਹਾਈਵੇਅ ਕੀਤਾ ਜਾਮ

Wednesday, May 05, 2021 - 11:36 AM (IST)

ਭਵਾਨੀਗੜ੍ਹ  (ਕਾਂਸਲ): ਕੋਰੋਨਾ ਲਾਗ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਦੁਕਾਨਾਂ ਖੋਲ੍ਹਣ ਲਈ ਜਾਰੀ ਕੀਤੀਆਂ ਨਵੀਆਂ ਗਾਈਡ ਲਾਈਨਜ਼ ’ਚ ਕੱਪੜਾ, ਰੇਡੀਮੇਡ ਕੱਪੜੇ, ਜੁੱਤੇ, ਬਿਜਲੀ ਦੇ ਸਾਮਾਨ ਅਤੇ ਰਿਪੇਅਰ, ਫੋਟੋਗ੍ਰਾਫਰ ਹੇਅਰ ਡਰੈਸਰ ਸਮੇਤ ਹੋਰ ਕਈ ਟਰੇਡਾਂ ਨੂੰ ਦੁਕਾਨਾਂ ਖੋਲ੍ਹਣ ਦੀ ਇਜ਼ਾਜਤ ਨਾ ਦਿੱਤੇ ਜਾਣ ਦੇ ਰੋਸ ਵੱਜੋਂ ਅੱਜ ਗੁੱਸੇ ’ਚ ਆਏ ਸ਼ਹਿਰ ਦੇ ਦੁਕਾਨਦਾਰਾਂ ਨੇ ਬਠਿੰਡਾ ਜ਼ੀਰਕਪੁਰ ਨੈਸ਼ਨਲ ਹਾਈਵੇ ਉਪਰ ਚੱਕਾ ਜਾਮ ਕਰਕੇ ਧਰਨਾ ਦਿੰਦਿਆਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।

ਇਹ ਵੀ ਪੜ੍ਹੋ: ਆਪ ਵਿਧਾਇਕ ਹਰਪਾਲ ਚੀਮਾ ਕੋਰੋਨਾ ਪਾਜ਼ੇਟਿਵ, ਫੇਸਬੁੱਕ ’ਤੇ ਪੋਸਟ ਪਾ ਕੀਤੀ ਇਹ ਅਪੀਲ

PunjabKesari

ਇਸ ਮੌਕੇ ਆਪਣੇ ਸੰਬੋਧਨ ’ਚ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਸੰਸਦੀ ਸਕੱਤਰ ਪੰਜਾਬ ਸਰਕਾਰ, ਹਰਭਜਨ ਸਿੰਘ ਹੈਪੀ, ਜਸਵਿੰਦਰ ਸਿੰਘ ਪ੍ਰਿੰਸ ਆਗੂ ਵਾਪਰ ਮੰਡਲ ਸੰਗਰੂਰ, ਮੱਖਣ ਕਾਂਸਲ, ਦੀਪ ਸਰਾਓ, ਜੋਨੀ ਕੁਮਾਰ, ਬਲਦੇਵ ਕੁਮਾਰ ਸਮੇਤ ਵੱਡੀ ਗਿਣਤੀ ’ਚ ਇਕੱਠੇ ਹੋਏ ਦੁਕਾਨਦਾਰਾਂ ਨੇ ਕਿਹਾ ਕਿ ਸਰਕਾਰ ਵੱਲੋਂ ਕੋਰੋਨਾ ਲਾਗ ਸੰਬੰਧੀ ਆਏ ਦਿਨ ਨਵੀਆਂ-ਨਵੀਆਂ ਗਾਈਡ ਲਾਈਨਜ਼ ਜਾਰੀ ਕਰਕੇ ਆਪਣੀ ਦੋਗਲੀ ਨੀਤੀ ਤਹਿਤ ਦੁਕਾਨਦਾਰਾਂ ਨੂੰ ਆਪਸ ਲੜਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕੁਝ ਟ੍ਰੇਡਾਂ ਅਤੇ ਇਥੋਂ ਤੱਕ ਸ਼ਰਾਬ ਦੇ ਠੇਕਿਆਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਜਦੋਂਕਿ ਕਈ ਅਜਿਹੀਆਂ ਟ੍ਰੇਡਾਂ ਛੱਡ ਦਿੱਤੀਆਂ ਹਨ। ਜੋ ਸਾਮਾਨ ਵੀ ਲੋਕ ਰੋਜ਼ਾਨਾ ਵਰਤੋਂ ’ਚ ਲਿਆਉਂਦੇ ਹਨ। ਦੁਕਾਨਦਾਰਾਂ ਨੇ ਕਿਹਾ ਕਿ ਉਹ ਕਿਰਾਏ ਦੀਆਂ ਦੁਕਾਨਾਂ ’ਚ ਬੈਠੇ ਹਨ ਅਤੇ ਉਨ੍ਹਾਂ ਦੀਆਂ ਦੁਕਾਨਾਂ ’ਤੇ ਜੋ ਵਰਕਰ ਰੱਖੇ ਹੋਏ ਹਨ ਉਨ੍ਹਾਂ ਨੂੰ ਵੀ ਤਨਖਾਹ ਦੇਣੀ ਪੈ ਰਹੀ ਹੈ ਅਤੇ ਦੁਕਾਨਾਂ ਦਾ ਬਿਜਲੀ ਦਾ ਬਿੱਲ ਵੀ ਉਸੇ ਤਰ੍ਹਾਂ ਹੀ ਆ ਰਿਹਾ ਹੈ ਅਤੇ ਬਾਕੀ ਟੈਕਸਾਂ ਦੀ ਵਸੂਲੀ ਵੀ ਸਰਕਾਰ ਵੱਲੋਂ ਉਸੇ ਤਰ੍ਹਾਂ ਕੀਤੀ ਜਾ ਰਹੀ ਹੈ ਤਾਂ ਫਿਰ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਬੰਦ ਰੱਖ ਕੇ ਕਿਸ ਤਰ੍ਹਾਂ ਆਪਣੇ ਪਰਿਵਾਰਾਂ ਦਾ ਗੁਜਾਰਾ ਕਰਨਗੇ ਅਤੇ ਕਿਸ ਤਰ੍ਹਾਂ ਇਹ ਬਿਜਲੀ ਦੇ ਬਿੱਲ ਅਤੇ ਹੋਰ ਖਰਚੇ ਦੀਆਂ ਅਦਾਇਗੀਆਂ ਕਰਨਗੇ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ

PunjabKesari

ਉਨ੍ਹਾਂ ਮੰਗ ਕੀਤੀ ਸਰਕਾਰ ਜਾਂ ਤਾਂ ਸਾਰੀਆਂ ਹੀ ਟ੍ਰੇਡਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇਵੇ ਜਾਂ ਫਿਰ ਦੁਕਾਨਾਂ ਦੇ ਬਿਜਲੀ ਦੇ ਬਿੱਲ ਮਾਫ ਕਰੇ, ਲੋਨ ਦੀਆਂ ਕਿਸ਼ਤਾਂ ਦਾ ਵਿਆਜ ਬੰਦ ਕਰੇ, ਵਰਕਰਾਂ ਦੀ ਤਨਖਾਹ ਦੇਣ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਵੀ ਪਰਿਵਾਰਾਂ ਦਾ ਗੁਜਾਰਾ ਚਲਾਉਣ ਲਈ ਵਿਸ਼ੇਸ਼ ਭੱਤਾ ਦੇਵੇ। ਇਸ ਮੌਕੇ ਦੁਕਾਨਦਾਰਾਂ ਨੇ ਸ਼ਰਾਬ ਦੇ ਠੇਕੇ ਬੰਦ ਕਰੋ ਦੁਕਾਨਾਂ ਖੋਲ੍ਹਣ ਦਾ ਪ੍ਰਬੰਧ ਕਰੋ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਦੁਕਾਨਦਾਰਾਂ ਵੱਲੋਂ ਹਾਈਵੇ ਉਪਰ ਚੱਕਾ ਜਾਮ ਕਰਨ ਨਾਲ ਹਾਈਵੇ ਸਮੇਤ ਸ਼ਹਿਰ ਦੀਆਂ ਲਿੰਕ ਸੜਕਾਂ ਉਪਰ ਵੀ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਇਸ ਮੌਕੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚੇ ਸਥਾਨਕ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਸੰਧੂ ਵੱਲੋਂ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਗੁਰਦਾਸਪੁਰ 'ਚ ਸ਼ਰੇਆਮ ਅਗਵਾ ਕੀਤੇ 2 ਬੱਚੇ, ਪੁਲਸ ਦੀ ਘੇਰਾਬੰਦੀ ਨਾਲ ਅਗਵਾਕਾਰਾਂ ਨੂੰ ਪਈਆਂ ਭਾਜੜਾਂ


Shyna

Content Editor

Related News