ਗੋਨਿਆਣਾ ਮੰਡੀ ਦੇ ਥਾਣਾ ਅਧੀਨ ਵਿਕਦਾ ਹੈ ਚਿੱਟੇ ਦਿਨ ‘ਚਿੱਟਾ’, ਪੁਲਸ ਮੁਲਾਜ਼ਮ ਨੇ ਲਾਏ ਆਪਣੀ ਹੀ ਪੁਲਸ ’ਤੇ ਦੋਸ਼

04/16/2022 12:14:08 PM

ਗੋਨਿਆਣਾ (ਗੋਰਾ ਲਾਲ) : ਪੰਜਾਬ ਦੀ ਜਵਾਨੀ ਨੂੰ ਤਹਿਸ-ਨਹਿਸ ਕਰਨ ਵਿਚ ਸਭ ਤੋਂ ਉੱਪਰ ਚਿੱਟੇ ਵਰਗੇ ਨਾਮੁਰਾਦ ਨਸ਼ੇ ਦਾ ਨਾਂ ਆਉਂਦਾ ਹੈ।  ਇਸ ਨਸ਼ੇ ’ਤੇ ਸਿਆਸਤ ਕਰ ਕੇ ਕਈ ਪਾਰਟੀਆਂ ਵੱਲੋਂ ਸਰਕਾਰਾਂ ਵੀ ਬਣਾਈਆਂ ਗਈਆਂ ਅਤੇ ਕਈ ਵੱਡੀਆਂ ਪਾਰਟੀਆਂ ਦੇ ਵੱਡੇ-ਵੱਡੇ ਲੀਡਰਾਂ ਨੂੰ ਇਸ ਚਿੱਟੇ ਦੇ ਕਲੰਕ ਕਰ ਕੇ ਜੇਲਾਂ ਤਕ ਦਾ ਮੂੰਹ ਵੀ ਦੇਖਣਾ ਪਿਆ। ਚਿੱਟੇ ਵਰਗੀ ਨਮੁਰਾਦ ਬੀਮਾਰੀ ਉਸੇ ਤਰ੍ਹਾਂ ਹੀ ਪੰਜਾਬ ਵਿਚ ਵਧਦੀ ਫੁਲਦੀ ਦਿਖਾਈ ਦੇ ਰਹੀ ਹੈ ਅਤੇ ਹੁਣ ਆਮ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਕੁਝ ਆਸ ਬੱਝੀ ਹੈ ਕਿ ਸ਼ਾਇਦ ਇਹ ਪਾਰਟੀ ਜ਼ਰੂਰ ਪੰਜਾਬ ਵਿਚ ਚਿੱਟੇ ਦੇ ਕਲੰਕ ਨੂੰ ਖ਼ਤਮ ਕਰੇਗੀ। ਜੇਕਰ ਗੋਨਿਆਣਾ ਮੰਡੀ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਤੋਂ ਬੇਵੱਸ ਹੋ ਕੇ ਇੱਥੇ ਚਿੱਟਾ ਇਸ ਕਦਰ ਵਿਕ ਰਿਹਾ ਹੈ ਕਿ ਬਿਨਾਂ ਕਿਸੇ ਡਰ ਭੈਅ ਤੋਂ ਸ਼ਰ੍ਹੇਆਮ ਮੋਟਰਸਾਈਕਲਾਂ ਉੱਪਰ ਨਸ਼ੇੜੀ ਆਉਂਦੇ ਹਨ ਅਤੇ ਬਾਜ਼ਾਰਾਂ ਦੀਆਂ ਭੀੜੀਆਂ ਗਲੀਆਂ ਵਿਚੋਂ ਲਾਪ੍ਰਵਾਹੀ ਨਾਲ ਮੋਟਰਸਾਈਕਲ ਚਲਾਉਂਦੇ ਹੋਏ ਆਪਣੀ ਮੰਜ਼ਿਲ ’ਤੇ ਪਹੁੰਚਦੇ ਹਨ ਅਤੇ ਚਿੱਟਾ ਲੈਣ ਤੋਂ ਬਾਅਦ ਉਹ ਹੋਰ ਵੀ ਤੇਜ਼ੀ ਨਾਲ ਇਨ੍ਹਾਂ ਗਲੀਆਂ ’ਚੋਂ ਗੁਜ਼ਰਦੇ ਦੇਖੇ ਗਏ ਹਨ।

ਸ਼ਹਿਰ ਦੇ ਵਿਚਾਲੇ ਸ਼ਰੇਆਮ ਵੇਚਦਾ ਹੈ ਸਮੱਗਲਰ ਚਿੱਟਾ

ਇਸ ਗੱਲ ਦੀ ਪੁਸ਼ਟੀ ਕਰਦਿਆਂ ਇਕ ਛੋਟੇ ਪੱਧਰ ਦੇ ਥਾਣਾ ਨੇਹੀਆਂਵਾਲਾ ਦੇ ਪੁਲਸ ਮੁਲਾਜ਼ਮ ਨੇ ਸਨਸਨੀਖੇਜ਼ ਖੁਲਾਸਾ ਕਰਦਿਆਂ ਦੱਸਿਆ ਕਿ ਗੋਨਿਆਣਾ ਮੰਡੀ ਦੇ ਗੁਰੂ ਨਾਨਕ ਸਕੂਲ ਦੇ ਪਿਛਲੇ ਪਾਸੇ ਸ਼ਰ੍ਹੇਆਮ ਇਕ ਸਮੱਗਲਰ ਵੱਲੋਂ ਦਿਨ-ਰਾਤ ਚਿੱਟਾ ਵੇਚਿਆ ਜਾਂਦਾ ਹੈ ਅਤੇ ਉਥੋਂ ਦੇ ਵਾਸੀਆਂ ਵੱਲੋਂ ਆਪਣੇ ਪੱਧਰ ’ਤੇ ਕਈ ਵਾਰ ਚੌਕੀ ਇੰਚਾਰਜ ਨੂੰ ਇਸ ਦੀ ਸ਼ਿਕਾਇਤ ਵੀ ਕੀਤੀ ਗਈ ਹੈ। ਅਸੀਂ ਵੀ ਇਸ ਗੱਲ ਨੂੰ ਮੰਨਦੇ ਹਾਂ ਕਿ ਉੱਥੇ ਚਿੱਟਾ ਵਿਕ ਰਿਹਾ ਹੈ ਪਰ ਸਾਡੇ ਵੱਡੇ ਅਫ਼ਸਰ ਪਤਾ ਨਹੀਂ ਕਿਸ ਗੱਲ ਜਾਂ ਕਿਸ ਬੰਧਨ ਵਿਚ ਬੱਝੇ ਹੋਏ ਹਨ ਕਿ ਉਸ ਸਮੱਗਲਰ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਜੇਕਰ ਕਾਰਵਾਈ ਕੀਤੀ ਵੀ ਜਾਂਦੀ ਹੈ ਤਾਂ ਛੋਟੇ ਪੱਧਰ ਦੀ ਜਾਂਚ ਕਰ ਕੇ ਉਸ ਨੂੰ ਥਾਣੇ ਵਿਚ ਹੀ ਬਰੀ ਕਰ ਦਿੱਤਾ ਜਾਂਦਾ ਹੈ।

ਇਹ ਵੀ ਪੜ੍ਹੋ : ਮਤਰੇਈ ਮਾਂ ਦਾ 9 ਸਾਲਾ ਧੀ 'ਤੇ ਅਣਮਨੁੱਖੀ ਤਸ਼ੱਦਦ, ਕਰਤੂਤ ਜਾਣ ਕੰਬ ਜਾਵੇਗੀ ਰੂਹ

ਲਾਈਨੋ ਪਾਰ ਏਰੀਏ ’ਚ ਵੀ ਵਿਕਦਾ ਹੈ ਸਵਰਗਾਂ ਨੂੰ ਜਾਣ ਵਾਲਾ ਸਾਮਾਨ

ਉਕਤ ਪੁਲਸ ਮੁਲਾਜ਼ਮ ਨੇ ਇਕ ਹੋਰ ਸਨਸਨੀਖੇਜ਼ ਖੁਲਾਸਾ ਕਰਦਿਆਂ ਅੱਗੇ ਦੱਸਿਆ ਕਿ ਇਕ ਲਾਈਨੋਂ ਪਾਰ ਜੋ ਕਿ ਲੇਡੀਜ਼ ਸਮੱਗਲਰ ਸ਼ਰੇਆਮ ਗੈਰ-ਕਾਨੂੰਨੀ ਨਸ਼ੇ ਦਾ ਕਾਰੋਬਾਰ ਕਰਦੀ ਹੈ ਜੋ ਕਿ ਪਹਿਲਾਂ ਬਹੁਤ ਹੀ ਗ਼ਰੀਬ ਪਰਿਵਾਰ ਨਾਲ ਸਬੰਧਤ ਸੀ ਪਰ ਹੁਣ ਉਸ ਦੀ ਨਸ਼ੇ ਦੇ ਕਾਰੋਬਾਰ ਵਿਚ ਇੰਨੀ ਜ਼ਿਆਦਾ ਧਾਕ ਹੈ ਕਿ ਗੋਨਿਆਣਾ ਮੰਡੀ ਦੇ ਨਾਲ ਲੱਗਦੇ ਪੂਰੇ ਇਲਾਕੇ ਵਿਚ ਉਹ ਇਕ ਨਾਮੀ ਸਮੱਗਲਰ ਮੰਨੀ ਜਾਂਦੀ ਹੈ, ਬਿਨਾਂ ਕਿਸੇ ਘਰ ਵਿਚ ਕਮਾਊ ਆਦਮੀ ਦੇ ਹੋਣ ਤੋਂ ਅਤੇ ਆਪ ਵੀ ਸਾਰਾ ਦਿਨ ਵਿਹਲੀ ਰਹਿਣ ਦੇ ਬਾਵਜੂਦ ਗੋਨਿਆਣਾ ਮੰਡੀ ਵਿਚ ਕਰੋੜਾਂ ਰੁਪਏ ਦੀ ਪ੍ਰਾਪਰਟੀ ਲੈ ਕੇ ਤਿੰਨ ਕੋਠੀਆਂ ਵੀ ਉਸਾਰ ਚੁੱਕੀ ਹੈ।

ਨਸ਼ੇ ਦੀ ਗੱਲ ਕਰਨ ’ਤੇ ਚੌਕੀ ਇੰਚਾਰਜ ਕੱਟ ਦਿੰਦੇ ਫੋਨ

ਜਦੋਂ ਇਸ ਸਬੰਧੀ ਚੌਕੀ ਇੰਚਾਰਜ ਕੌਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਨਸ਼ੇ ਦੇ ਮੁੱਦੇ ’ਤੇ ਗੱਲ ਕਰਨ ਸਮੇਂ ਥੋੜ੍ਹੀ ਤਲਖੀ ਭਰੇ ਸ਼ਬਦ ਬੋਲਦਿਆਂ ਫੋਨ ਕੱਟ ਦਿੱਤਾ। ਵਾਰ-ਵਾਰ ਫੋਨ ਕਰਨ ’ਤੇ ਉਸ ਤੋਂ ਬਾਅਦ ਫੋਨ ਚੁੱਕਣਾ ਮੁਨਾਸਿਬ ਨਹੀਂ ਸਮਝਿਆ। ਜ਼ਿਕਰਯੋਗ ਹੈ ਕਿ ਕੋਈ ਇਹ ਪਹਿਲਾ ਮੌਕਾ ਨਹੀਂ ਜਦੋਂ ਵੀ ਚੌਕੀ ਇੰਚਾਰਜ ਨਾਲ ਨਸ਼ੇ ਦੇ ਮੁੱਦੇ ’ਤੇ ਗੱਲ ਕੀਤੀ ਜਾਂਦੀ ਹੈ ਤਾਂ ਉਹ ਫੋਨ ਕੱਟ ਦਿੰਦੇ ਹਨ ਅਤੇ ਬਾਅਦ ਵਿਚ ਫੋਨ ਨਹੀਂ ਚੁੱਕਦੇ।

ਇਹ ਵੀ ਪੜ੍ਹੋ : ਘਰ ’ਚ ਦਾਖ਼ਲ ਹੋਏ ਪ੍ਰੇਮੀ ਨੇ ਘਰਵਾਲੇ ਸਾਹਮਣੇ ਪ੍ਰੇਮਿਕਾ ’ਤੇ ਕੀਤਾ ਜਾਨਲੇਵਾ ਹਮਲਾ, ਜਾਣੋ ਕੀ ਹੈ ਮਾਮਲਾ

ਮੈਂ ਬਿਲਕੁਲ ਇਸ ਥਾਣੇ ’ਚ ਨਵਾਂ ਆਇਆ ਹਾਂ : ਥਾਣਾ ਮੁਖੀ

ਜਦੋਂ ਇਸ ਸਬੰਧੀ ਥਾਣਾ ਮੁਖੀ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਬਿਲਕੁਲ ਇਸ ਥਾਣੇ ਵਿਚ ਨਵਾਂ ਆਇਆ ਹਾਂ ਅਤੇ ਦੋ ਦਿਨਾਂ ਲਈ ਵਿਸਾਖੀ ਦੇ ਦਿਹਾੜੇ ਕਰ ਕੇ ਪੁਲਸ ਡਿਊਟੀ ਵਿਚ ਬਿਜ਼ੀ ਸੀ ਅਤੇ ਅੱਜ ਹੀ ਪੂਰੇ ਸ਼ਹਿਰ ਵਿਚ ਗਸ਼ਤ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੇ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ, ਚਾਹੇ ਉਹ ਕਿੰਨੀ ਹੀ ਵੱਡੀ ਪਹੁੰਚ ਰੱਖਦਾ ਹੋਵੇ।

ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ : ਹਲਕਾ ਵਿਧਾਇਕ

ਜਦੋਂ ਇਸ ਸਬੰਧੀ ਹਲਕਾ ਵਿਧਾਇਕ ਮਾਸਟਰ ਜਗਸੀਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮੈਂ ਨਸ਼ਾ ਸਮੱਗਲਰਾਂ ਨੂੰ ਵੀ ਤਾੜਨਾ ਕਰਦਾ ਹਾਂ ਕਿ ਉਹ ਇਨ੍ਹਾਂ ਹਰਕਤਾਂ ਤੋਂ ਬਾਜ਼ ਆ ਜਾਣ ਹੁਣ ਕਿਸੇ ਵੀ ਨਸ਼ਾ ਸਮੱਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕਿੰਨੀ ਵੀ ਵੱਡੀ ਪਹੁੰਚ ਰੱਖਦਾ ਹੋਵੇ, ਜੇਕਰ ਕੋਈ ਪੁਲਸ ਅਫ਼ਸਰ ਵੀ ਇਸ ਮਾਮਲੇ ਵਿਚ ਕੁਤਾਹੀ ਵਰਤਦਾ ਹੈ ਤਾਂ ਉਹ ਵੀ ਸਜ਼ਾ ਯੋਗ ਹੋਵੇਗਾ ਅਤੇ ਇਸ ਮਾਮਲੇ ਨੂੰ ਕਦੇ ਵੀ ਹਲਕੇ ਵਿਚ ਨਹੀਂ ਲਿਆ ਜਾਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News