ਪੰਜਾਬ 'ਚ ਮਾਵਾਂ ਬਣਨ ਵਾਲੀਆਂ ਅਨੇਕਾਂ ਧੀਆਂ ਲਹੂ ਦੀ ਘਾਟ ਤੋਂ ਪੀੜਤ, ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ

12/11/2023 5:55:26 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ) - ਅੱਜ ਦੇਸ਼ ਵਿੱਚ ਔਰਤਾਂ ਦੇ ਹਾਲਾਤ ਬੇਹੱਦ ਚਿੰਤਾਜਨਕ ਹਨ ਤੇ ਅਨੇਕਾਂ ਔਰਤਾਂ ਨੂੰ ਸਹੀ ਖੁਰਾਕ ਨਹੀਂ ਮਿਲ ਰਹੀ। ਜਿਹੜਾ ਪੰਜਾਬ ਕਦੇ ਪੂਰੇ ਦੇਸ਼ ਦਾ ਢਿੱਡ ਭਰਦਾ ਸੀ, ਉਸ ਵਿੱਚ ਮਾਵਾਂ ਬਣਨ ਵਾਲੀਆਂ ਧੀਆਂ ਲਹੂ ਦੀ ਕਮੀ ਨਾਲ ਪੀੜਤ ਹਨ ਤੇ ਉਹਨਾਂ ਦੇ ਬੱਚੇ ਵੀ ਲਹੂ ਦੀ ਕਮੀ ਨਾਲ ਪੀੜਤ ਹੋ ਰਹੇ ਹਨ। ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਮਾਵਾਂ ਨੂੰ ਪੀਣ ਲਈ ਦੁੱਧ ਨਹੀਂ ਮਿਲ ਰਿਹਾ ਅਤੇ ਨਾ ਹੀ ਪੂਰਾ ਖਾਣਾ ਮਿਲ ਰਿਹਾ ਹੈ। ਇਹ ਸਾਡੇ ਸਮਾਜ ਦੀ ਅਸਲੀਅਤ ਹੈ। ਵੱਡੇ ਅਹੁਦਿਆਂ ’ਤੇ ਬੈਠੀਆਂ ਔਰਤਾਂ ਪੀੜਤ ਕੁੜੀਆਂ ਨਾਲ ਨਹੀਂ ਖੜ੍ਹ ਰਹੀਆਂ। ਇਸ ਗੰਭੀਰ ਮਸਲੇ ਨੂੰ ਲੈ ਕੇ ਜਗ ਬਾਣੀ ਵੱਲੋਂ ਇਸ ਹਫ਼ਤੇ ਦੀ ਇਹ ਵਿਸ਼ੇਸ਼ ਰਿਪੋਰਟ ਤਿਆਰ ਕੀਤੀ ਗਈ ਹੈ।

ਇਹ ਵੀ ਪੜ੍ਹੋ - ਵੱਧਦੀ ਮਹਿੰਗਾਈ ਦੌਰਾਨ ਲੋਕਾਂ ਨੂੰ ਮਿਲੇਗੀ ਰਾਹਤ, ਹੁਣ ਇੰਨੇ ਰੁਪਏ ਸਸਤੇ ਹੋਣਗੇ ਗੰਢੇ

ਧੀ ਨੂੰ ਸੰਪੂਰਨ ਰੂਪ ਵਿੱਚ ਖੜ੍ਹੇ ਕਰਨਾ ਚਾਹੀਦਾ
ਸਭ ਤੋਂ ਪਹਿਲਾਂ ਕੰਮ ਸਿੱਖਿਆ ਹੈ। ਇਕ ਧੀ ਨੂੰ ਸੰਪੂਰਨ ਰੂਪ ਵਿਚ ਖੜ੍ਹੇ ਕਰਨਾ ਚਾਹੀਦਾ ਹੈ ਤਾਂ ਜੋ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਸਕੇ। ਉਨ੍ਹਾਂ ਨੂੰ ਅਪਣੇ ਹੱਕਾਂ ਬਾਰੇ ਪਤਾ ਹੋਣਾ ਚਾਹੀਦਾ ਹੈ। ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਗਿਣਤੀ ਪੂਰੀ ਨਹੀਂ, ਬਹੁਤ ਥਾਵਾਂ ’ਤੇ ਪੀਣ ਦਾ ਪਾਣੀ ਸਹੀ ਨਹੀਂ, ਲੜਕੀਆਂ ਲਈ ਸਹੀ ਬਾਥਰੂਮ ਨਹੀਂ ਹਨ। ਹਰ ਸਰਕਾਰ ਦੀ ਡਿਊਟੀ ਹੋਣੀ ਚਾਹੀਦੀ ਹੈ ਕਿ ਔਰਤਾਂ ਨੂੰ ਇਲਾਜ ਲਈ ਵੀ ਸਹੂਲਤਾਂ ਦਿੱਤੀਆਂ ਜਾਣ।

ਕਿਥੇ ਹਨ ਔਰਤਾਂ ਲਈ ਚਲਾਈਆਂ ਭਲਾਈ ਸਕੀਮਾਂ
ਪੰਜਾਬ ਗ਼ਰੀਬ ਤੋਂ ਗ਼ਰੀਬ ਹੁੰਦਾ ਜਾ ਰਿਹਾ ਹੈ ਤੇ ਪੰਜਾਬ ਵਿੱਚ ਚੱਲਣ ਵਾਲੀਆਂ ਭਲਾਈ ਸਕੀਮਾਂ ਪਤਾ ਨਹੀਂ ਕਿੱਥੇ ਜਾ ਰਹੀਆਂ। ਬੇਸ਼ੱਕ ਕਿਹਾ ਜਾ ਰਿਹਾ ਹੈ ਕਿ ਔਰਤਾਂ ਆਜ਼ਾਦ ਹੋ ਗਈਆਂ ਹਨ ਤੇ ਉਹ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਦੀਆਂ ਨੇ ਪਰ ਸੱਚਾਈ ਕੁਝ ਹੋਰ ਹੈ। ਪਿੰਡਾਂ ਤੇ ਸ਼ਹਿਰਾਂ ਵਿਚ ਵੱਡੀ ਗਿਣਤੀ ਵਿੱਚ ਔਰਤਾਂ ਕੁੱਟਮਾਰ ਦਾ ਸ਼ਿਕਾਰ ਹੋ ਰਹੀਆਂ ਹਨ। ਰੁਜ਼ਗਾਰ ਦੇ ਨਾਂ ’ਤੇ ਔਰਤਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ - ਦਸੰਬਰ ਮਹੀਨੇ ਪੈਨਸ਼ਨ ਅਤੇ LPG ਦੀਆਂ ਕੀਮਤਾਂ ਸਣੇ ਹੋਏ ਕਈ ਬਦਲਾਅ, ਹੁਣ ਲਾਗੂ ਹੋਣਗੇ ਇਹ ਨਿਯਮ

ਖੁਦ ਕਰਨੀ ਪੈਣੀ ਹੈ ਸੁਰੱਖਿਆ
ਅੱਜ ਔਰਤ ਕਿਤੇ ਵੀ ਸੁਰੱਖਿਅਤ ਨਹੀਂ ਹੈ। ਇਸ ਕਰ ਕੇ ਔਰਤਾਂ ਨੂੰ ਗੱਤਕਾ ਅਤੇ ਆਪਣੀ ਰਾਖੀ ਲਈ ਜੂਡੋ ਕਰਾਟੇ ਸਿੱਖਣੇ ਚਾਹੀਦੇ ਹਨ। ਇਹ ਬਹੁਤ ਧਿਆਨਦੇਣਯੋਗ ਹੈ। ਸਾਡੇ ਸਕੂਲਾਂ ਵਿਚ ਇਸ ਪਾਸੇ ਧਿਆਨ ਨਹੀਂ ਦਿੱਤਾ ਜਾਂਦਾ।

ਬਾਲ ਵਿਆਹਾਂ ਵਿੱਚ ਹੋ ਰਿਹੈ ਵਾਧਾ 
ਅੰਕੜੇ ਦੱਸਦੇ ਹਨ ਕਿ ਬਾਲ ਵਿਆਹ ਵਿਚ 2013 ਤੋਂ ਬਾਅਦ ਵਾਧਾ ਹੁੰਦਾ ਜਾ ਰਿਹਾ ਹੈ। ਇਸ ਉੱਤੇ ਸਖ਼ਤੀ ਨਾਲ ਰੋਕ ਲਗਾਉਣ ਦੀ ਲੋੜ ਹੈ।

ਇਹ ਵੀ ਪੜ੍ਹੋ - ਬੈਂਕ ਮੁਲਾਜ਼ਮਾਂ ਨੂੰ ਹੁਣ 17 ਫ਼ੀਸਦੀ ਵਧ ਕੇ ਮਿਲੇਗੀ ਤਨਖ਼ਾਹ, ਪੈਨਸ਼ਨਧਾਰਕਾਂ ਨੂੰ ਵੀ ਮਿਲੀ ਖ਼ੁਸ਼ਖ਼ਬਰੀ

ਕੀ ਕਹਿਣਾ ਹੈ ਔਰਤ ਆਗੂਆਂ ਦਾ 
ਔਰਤ ਤੇ ਬਾਲ ਭਲਾਈ ਸੰਸਥਾ ਪੰਜਾਬ ਦੇ ਚੇਅਰਪਰਸਨ ਹਰਗੋਬਿੰਦ ਕੌਰ, ਸੰਸਥਾ ਦੇ ਮੀਡੀਆ ਇੰਚਾਰਜ ਨਵਦੀਪ ਕੌਰ ਢਿੱਲੋਂ , ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾਂ, ਮੁਲਾਜ਼ਮ ਆਗੂ ਅੰਮ੍ਰਿਤਪਾਲ ਕੌਰ ਧੀਰਾਂ ਹਰੀ ਨੌਂ, ਇਸਤਰੀ ਅਕਾਲੀ ਦਲ ਦੀ ਦਿਹਾਤੀ ਬਲਾਕ ਪ੍ਰਧਾਨ ਰਜਨੀ ਕੌਰ ਚੱਕ ਕਾਲਾ ਸਿੰਘ ਵਾਲਾ, ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਕੌਰ ਚੱਕ ਬੀੜ ਸਰਕਾਰ, ਰਮਨਦੀਪ ਕੌਰ ਸਰਪੰਚ ਖਿੜਕੀਆਂ ਵਾਲਾ, ਬਲਜਿੰਦਰ ਕੌਰ ਖੱਪਿਆਂਵਾਲ਼ੀ, ਸਰਬਜੀਤ ਕੌਰ ਚੱਕ ਕਾਲਾ ਸਿੰਘ ਵਾਲਾ, ਕਿਰਨਜੀਤ ਕੌਰ ਭੰਗਚੜੀ, ਹਰਪ੍ਰੀਤ ਕੌਰ ਮੁਕਤਸਰ ਅਤੇ ਜਸਵਿੰਦਰ ਕੌਰ ਬੱਬੂ ਦੋਦਾ ਨੇ ਕਿਹਾ ਹੈ ਕਿ ਸਮੇਂ ਦੀਆਂ ਸਰਕਾਰਾਂ ਦਾ ਫਰਜ਼ ਬਣਦਾ ਹੈ ਕਿ ਉਹ ਔਰਤਾਂ ਲਈ ਚੰਗੀ ਖੁਰਾਕ ਦਾ ਪ੍ਰਬੰਧ ਕਰਨ ਜਿਨ੍ਹਾਂ ਨੂੰ ਪੂਰੀ ਖ਼ੁਰਾਕ ਨਹੀਂ ਮਿਲ ਰਹੀ।

ਪੂਰੀ ਖ਼ੁਰਾਕ ਨਾ ਮਿਲਣ ਕਰ ਕੇ ਔਰਤਾਂ ਕਮਜ਼ੋਰ ਹੋ ਰਹੀਆਂ ਹਨ ਅਤੇ ਕਈ ਰੋਗ ਲੱਗ ਰਹੇ ਹਨ। ਇਨ੍ਹਾਂ ਔਰਤ ਆਗੂਆਂ ਨੇ ਕਿਹਾ ਕਿ ਸਾਰੀਆਂ ਔਰਤਾਂ ਆਪਣੇ ਹੱਕਾਂ ਲਈ ਜਾਗਰੂਕ ਹੋਣ ਤੇ ਆਪਣੀ ਅਵਾਜ਼ ਨੂੰ ਦਬਾਉਣ ਦੀ ਥਾਂ ਸਗੋਂ ਬੁਲੰਦ ਕਰਨ। ਹੁਣ ਔਰਤਾਂ ਨੂੰ ਦਬਣ ਦੀ ਤੇ ਜ਼ੁਲਮ ਸਹਿਣ ਦੀ ਲੋੜ ਨਹੀਂ। ਉਹ ਖੁਦ ਮਰਦਾਂ ਦੇ ਬਰਾਬਰ ਹੀ ਨਹੀਂ ਸਗੋਂ ਵੱਧ ਕਮਾਉਂਦੀਆਂ ਹਨ।‌

ਇਹ ਵੀ ਪੜ੍ਹੋ - ਸੋਨਾ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਉਛਾਲ, ਜਾਣੋ 10 ਗ੍ਰਾਮ ਸੋਨੇ ਦਾ ਅੱਜ ਦਾ ਭਾਅ

ਅੰਕੜੇ ਹਨ ਖ਼ਤਰਨਾਕ
ਭਾਰਤ ਦੇ ਕਈ ਰਾਜਾਂ ਵਿਚ ਔਰਤਾਂ ਵਿਚ ਅਨੀਮੀਆ ਦੀ ਸਮਸਿਆ ਵੇਖੀ ਜਾ ਸਕਦੀ ਹੈ। ਪੰਜਾਬ ਅਤੇ ਚੰਡੀਗੜ੍ਹ ਦੀਆਂ ਅੱਧੀਆਂ ਤੋਂ ਵੱਧ ਔਰਤਾਂ ਖੂਨ ਦੀ ਕਮੀ ਨਾਲ ਪੀੜਤ ਹਨ। ਖੂਨ ਦੀ ਕਮੀ ਕਾਰਨ ਉਹ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਨੈਸ਼ਨਲ ਫੈਮਿਲੀ ਹੈਲਥ ਸਰਵੇ (NFHS) ਦੀ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ। ਇਸ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ 14 ਸਾਲ ਤੋਂ 49 ਸਾਲ ਤੱਕ ਦੀਆਂ 60 ਫ਼ੀਸਦੀ ਔਰਤਾਂ ਅਨੀਮੀਆ ਦਾ ਸ਼ਿਕਾਰ ਹਨ।

ਦੂਜੇ ਪਾਸੇ ਕਿਸ਼ੋਰ ਲੜਕੀਆਂ ਵਿੱਚ ਇਹ ਅਨੁਪਾਤ 57 ਫ਼ੀਸਦੀ ਹੈ। ਦੋਵੇਂ ਪੱਧਰ ਬਹੁਤ ਖਤਰਨਾਕ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜੇਕਰ ਜਵਾਨੀ 'ਚ ਅਨੀਮੀਆ ਨੂੰ ਦੂਰ ਨਾ ਕੀਤਾ ਜਾਵੇ ਤਾਂ ਇਹ ਮਾਂ ਅਤੇ ਆਉਣ ਵਾਲੇ ਬੱਚੇ ਦੋਵਾਂ ਲਈ ਘਾਤਕ ਸਾਬਤ ਹੋ ਸਕਦਾ ਹੈ। ਇੰਡੀਅਨ ਸੋਸਾਇਟੀ ਆਫ ਅਸਿਸਟਡ ਰੀਪ੍ਰੋਡਕਸ਼ਨ ਅਨੁਸਾਰ ਅਨੀਮੀਆ ਦਾ ਸਭ ਤੋਂ ਵੱਡਾ ਕਾਰਨ ਸਰੀਰ ਵਿੱਚ ਆਇਰਨ ਦੀ ਕਮੀ ਹੈ। ਜ਼ਿਕਰਯੋਗ ਹੈ ਕਿ ਸਰੀਰ ਵਿੱਚ ਅਨੀਮੀਆ ਦੀ ਕਮੀ ਨਾਲ ਹੋਰ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।

ਇਹ ਵੀ ਪੜ੍ਹੋ - NCRB ਦੀ ਰਿਪੋਰਟ 'ਚ ਖ਼ੁਲਾਸਾ, ਰੋਜ਼ਾਨਾ 30 ਕਿਸਾਨ ਜਾਂ ਮਜ਼ਦੂਰ ਕਰ ਰਹੇ ਖ਼ੁਦਕੁਸ਼ੀਆਂ, ਜਾਣੋ ਪੰਜਾਬ ਦੇ ਹਾਲਾਤ

ਪੀ.ਜੀ.ਆਈ. ਚੰਡੀਗੜ੍ਹ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਬਹੁਤੀਆਂ ਔਰਤਾਂ ਖੂਨ ਦੀ ਕਮੀ ਕਾਰਨ ਚਾਹੁਣ ਦੇ ਬਾਵਜੂਦ ਵੀ ਖੂਨਦਾਨ ਨਹੀਂ ਕਰ ਪਾਉਂਦੀਆਂ। ਅਜਿਹੇ 'ਚ ਆਇਰਨ ਯੁਕਤ ਆਹਾਰ ਲੈਣਾ ਜ਼ਰੂਰੀ ਹੈ। ਕਮਜ਼ੋਰੀ, ਥਕਾਵਟ, ਸਾਹ ਚੜ੍ਹਨਾ, ਹਾਈਪਰਟੈਨਸ਼ਨ, ਵਾਰ-ਵਾਰ ਸਿਰ ਦਰਦ, ਚਿੜਚਿੜਾ, ਤਿੜਕੀ ਜਾਂ ਲਾਲ ਜੀਭ, ਭੁੱਖ ਨਾ ਲੱਗਣਾ ਅਨੀਮੀਆ ਦੀ ਨਿਸ਼ਾਨੀ ਹੈ। ਨੈਸ਼ਨਲ ਫੈਮਲੀ ਹੈਲਥ ਸਰਵੇ ਦੀ ਇੱਕ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ 58.6% ਬੱਚੇ, 53.2% ਲੜਕੀਆਂ ਅਤੇ 50.4% ਗਰਭਵਤੀ ਔਰਤਾਂ ਖ਼ੂਨ ਦੀ ਕਮੀ ਜਾਂ ਅਨੀਮੀਆ ਦਾ ਸ਼ਿਕਾਰ ਹਨ।

ਇਹ ਵੀ ਹਨ ਕਾਰਨ 
ਖ਼ਾਸ ਕਰ ਕੇ ਔਰਤਾਂ ਇਸ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀਆਂ ਹਨ। ਇਸ ਦਾ ਮੁੱਖ ਕਾਰਨ ਬੇਵਕਤੀ ਅਤੇ ਅਸੰਤੁਲਿਤ ਖਾਣਾ ਹੈ। ਜਿੱਥੇ ਕੰਮਕਾਜੀ ਔਰਤਾਂ ਫਾਸਟ ਫੂਡ ਅਤੇ ਅਨਿਯਮਿਤ ਖਾਣ-ਪੀਣ ਕਾਰਨ ਅਨੀਮੀਆ ਵਰਗੀਆਂ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ, ਉੱਥੇ ਹੀ ਘਰੇਲੂ ਔਰਤਾਂ ਆਪਣੀ ਸਿਹਤ ਪ੍ਰਤੀ ਅਣਗਹਿਲੀ ਕਾਰਨ ਬੀਮਾਰੀਆਂ ਦਾ ਸ਼ਿਕਾਰ ਹੋ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਆਪਣੇ ਲਈ ਸਮਾਂ ਕੱਢਣਾ ਅਤੇ ਸੰਤੁਲਿਤ ਖੁਰਾਕ ਲੈਣਾ ਜ਼ਰੂਰੀ ਹੈ।

ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News