ਕੁੱਤਿਆਂ ਦੇ ਝੁੰਡ ਨੂੰ ਦੇਖ ਕੇ ਘਬਰਾਈ 10 ਸਾਲਾ ਬੱਚੀ, ਪੈਨਿਕ ਅਟੈਕ ਕਾਰਨ ਹੋ ਗਈ ਮਾਸੂਮ ਦੀ ਮੌਤ
Friday, Dec 22, 2023 - 12:12 AM (IST)
ਚੰਡੀਗੜ੍ਹ (ਸੁਸ਼ੀਲ) : ਮਨੀਮਾਜਰਾ ਦੇ ਚੂੜੀਆਂ ਵਾਲਾ ਮੁਹੱਲੇ ਦੇ ਪਾਰਕ ਵਿਚ ਖੇਡ ਰਹੀ 10 ਸਾਲਾ ਬੱਚੀ ਜਸਮੀਤ ਕੌਰ ਕੁੱਤਿਆਂ ਦੇ ਝੁੰਡ ਨੂੰ ਆਉਂਦਿਆਂ ਦੇਖ ਕੇ ਡਰ ਕੇ ਡਿੱਗ ਗਈ ਅਤੇ ਉਸ ਦੇ ਸਾਹ ਫੁੱਲ ਗਏ। ਪਰਿਵਾਰ ਵਾਲੇ ਲੜਕੀ ਨੂੰ ਮਨੀਮਾਜਰਾ ਦੇ ਸਿਵਲ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੁੱਤਿਆਂ ਦੀ ਦਹਿਸ਼ਤ ਕਾਰਨ ਪੈਨਿਕ ਅਟੈਕ ਆਉਣ ਕਾਰਨ ਬੱਚੀ ਦੀ ਮੌਤ ਹੋਈ ਹੈ। ਮ੍ਰਿਤਕ ਬੱਚੀ ਸੈਕਟਰ-19 ਦੇ ਵਾਟਿਕਾ ਪਬਲਿਕ ਸਕੂਲ ਵਿਚ ਤੀਜੀ ਜਮਾਤ ਵਿਚ ਪੜ੍ਹਦੀ ਸੀ। ਮਨੀਮਾਜਰਾ ਦੇ ਚੂੜੀਆਂ ਵਾਲਾ ਮੁਹੱਲਾ ਵਾਸੀ ਹਰਦੇਵ ਸਿੰਘ ਨੇ ਦੱਸਿਆ ਕਿ 16 ਦਸੰਬਰ ਨੂੰ ਉਸ ਦੀ ਲੜਕੀ ਜਸਮੀਤ ਸਕੂਲ ਤੋਂ ਆਉਣ ਮਗਰੋਂ ਘਰ ਦੇ ਪਿੱਛੇ ਪਾਰਕ ਵਿਚ ਖੇਡਣ ਗਈ ਸੀ।
ਇਹ ਵੀ ਪੜ੍ਹੋ- ਇਕ ਹੋਰ ਵੀਡੀਓ ਕਾਰਨ ਮੁੜ ਵਿਵਾਦਾਂ 'ਚ ਘਿਰਿਆ 'ਕੁੱਲ੍ਹੜ ਪਿੱਜ਼ਾ ਕਪਲ', ਨਿਹੰਗ ਸਿੰਘਾਂ ਨੇ ਦੁਕਾਨ ਨੂੰ ਪਾਇਆ ਘੇਰਾ
ਇਸ ਦੌਰਾਨ ਪਾਰਕ ਵਿਚ 7-8 ਕੁੱਤਿਆਂ ਦਾ ਇਕ ਝੁੰਡ ਦੌੜਦਾ ਹੋਇਆ ਲੜਕੀ ਵੱਲ ਆਇਆ ਅਤੇ ਆਪਸ ਵਿਚ ਲੜਨ ਲੱਗਾ। ਇਸ ਦੌਰਾਨ ਲੜਕੀ ਕੁੱਤਿਆਂ ਦੇ ਝੁੰਡ ਵਿਚ ਫਸ ਗਈ ਅਤੇ ਰੌਲਾ ਪਾਉਣ ਤੋਂ ਬਾਅਦ ਹੇਠਾਂ ਡਿੱਗ ਗਈ। ਬੱਚੀ ਦੀ ਆਵਾਜ਼ ਸੁਣ ਕੇ ਪਰਿਵਾਰ ਵਾਲੇ ਪਾਰਕ ਵੱਲ ਗਏ, ਜਿੱਥੇ ਬੱਚੀ ਡਿੱਗੀ ਹੋਈ ਸੀ।
ਬੱਚੀ ਦਾ ਚਿਹਰਾ ਲਾਲ ਹੋ ਗਿਆ ਸੀ ਅਤੇ ਉਸ ਨੂੰ ਸਾਹ ਲੈਣ ਵਿਚ ਕਾਫੀ ਤਕਲੀਫ ਹੋ ਰਹੀ ਸੀ। ਉਹ ਬੇਟੀ ਨੂੰ ਚੁੱਕ ਕੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਿਤਾ ਹਰਦੇਵ ਨੇ ਕਿਹਾ ਕਿ ਨਗਰ ਨਿਗਮ ਨੂੰ ਆਵਾਰਾ ਕੁੱਤਿਆਂ ਲਈ ਸਖ਼ਤ ਨਿਯਮ ਬਣਾਉਣੇ ਚਾਹੀਦੇ ਹਨ। ਸੜਕਾਂ ਅਤੇ ਪਾਰਕਾਂ ਵਿਚ ਕੁੱਤੇ ਘੁੰਮਦੇ ਰਹਿੰਦੇ ਹਨ, ਜਿਸ ਕਾਰਨ ਬੱਚੇ ਅਤੇ ਔਰਤਾਂ ਪਾਰਕ ਵਿਚ ਜਾਣ ਤੋਂ ਡਰਦੀਆਂ ਹਨ।
ਇਹ ਵੀ ਪੜ੍ਹੋ- ''ਮੈਂ ਕਾਨੂੰਨ ਨੂੰ ਨਹੀਂ ਮੰਨਦਾ'' ਕਹਿ ਕੇ 17 ਸਾਲਾ ਮੁੰਡੇ ਦਾ ਕੀਤਾ ਵਿਆਹ, ਪਿਓ-ਦਾਦੇ ਅਤੇ ਸਹੁਰੇ ਖ਼ਿਲਾਫ਼ ਮਾਮਲਾ ਦਰਜ
ਚੂੜੀਆਂ ਵਾਲਾ ਮੁਹੱਲਾ ਵਾਸੀ ਸੂਬਾ ਕਾਂਗਰਸ ਸਕੱਤਰ ਸੰਜੇ ਭਜਨੀ ਦਾ ਕਹਿਣਾ ਹੈ ਕਿ ਮਨੀਮਾਜਰਾ ਦਾ ਸਭ ਤੋਂ ਵੱਡਾ ਸ਼ਿਵਾਲਿਕ ਪਾਰਕ 20 ਏਕੜ ਵਿਚ ਬਣਿਆ ਹੋਇਆ ਹੈ, ਜਿਸ ਵਿਚ ਘੱਟੋ-ਘੱਟ 25-30 ਕੁੱਤਿਆਂ ਦਾ ਝੁੰਡ ਘੁੰਮਦਾ ਰਹਿੰਦਾ ਹੈ। ਕਈ ਔਰਤਾਂ ਅਤੇ ਬੱਚੇ ਵੀ ਕੁੱਤਿਆਂ ਦਾ ਸ਼ਿਕਾਰ ਹੋ ਚੁੱਕੇ ਹਨ। ਚੌਕਾਂ ਵਿਚ ਘੁੰਮਦੇ ਕੁੱਤਿਆਂ ਕਾਰਨ ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਿਲ ਹੋ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8