ਸੁਖਨਾ ਲੇਕ ਘੁੰਮਣ ਆਈ ਲੜਕੀ ''ਤੇ ਡਿੱਗੀ ਆਸਮਾਨੀ ਬਿਜਲੀ, ਮੌਤ
Saturday, Aug 17, 2019 - 01:30 AM (IST)

ਚੰਡੀਗੜ੍ਹ (ਸੰਦੀਪ)— ਸੁਖਨਾ ਲੇਕ 'ਤੇ ਆਪਣੀ ਸਹੇਲੀ ਨਾਲ ਘੁੰਮਣ ਆਈ 19 ਸਾਲਾ ਲੜਕੀ 'ਤੇ ਵੀਰਵਾਰ ਦੁਪਹਿਰ ਆਸਮਾਨੀ ਬਿਜਲੀ ਡਿੱਗ ਗਈ। ਸੂਚਨਾ ਮਿਲਣ 'ਤੇ ਸੁਖਨਾ ਲੇਕ ਚੌਕੀ ਪੁਲਸ ਨੇ ਬੇਹੋਸ਼ੀ ਦੀ ਹਾਲਤ 'ਚ ਪਈ ਲੜਕੀ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿਥੇ ਜਾਂਚ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕਾ ਦੀ ਪਛਾਣ ਡੇਰਾਬੱਸੀ ਦੇ ਬਰਵਾਲਾ ਦੀ ਰਹਿਣ ਵਾਲੀ ਤਮੰਨਾ ਵਜੋਂ ਹੋਈ ਹੈ। ਸ਼ੁੱਕਰਵਾਰ ਨੂੰ ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ।
ਤਮੰਨਾ ਇਕ ਨਿੱਜੀ ਕੰਪਨੀ 'ਚ ਨੌਕਰੀ ਕਰਦੀ ਸੀ। ਵੀਰਵਾਰ ਨੂੰ ਸੁਤੰਤਰਤਾ ਦਿਵਸ ਤੇ ਰੱਖੜੀ ਦੇ ਤਿਓਹਾਰ ਦੀ ਛੁੱਟੀ ਹੋਣ ਕਾਰਨ ਉਹ ਆਪਣੀ ਇਕ ਸਹੇਲੀ ਅਤੇ ਉਸ ਕੋਲ ਪੜ੍ਹਨ ਵਾਲੇ 2 ਬੱਚਿਆਂ ਨਾਲ ਸੁਖਨਾ ਲੇਕ 'ਤੇ ਘੁੰਮਣ ਲਈ ਆਈ ਸੀ। ਸੁਖਨਾ ਦੀ ਮੁੱਖ ਐਂਟਰੀ ਤੋਂ ਦਾਖਲ ਹੋਣ ਤੋਂ ਬਾਅਦ ਉਹ ਇਥੇ ਸਥਿਤ ਪੁਲਸ ਚੌਕੀ ਤੋਂ ਕੁਝ ਹੀ ਕਦਮਾਂ ਦੀ ਦੂਰੀ 'ਤੇ ਅੱਗੇ ਵਧੇ ਸਨ ਕਿ ਦੁਪਹਿਰ 3.55 ਵਜੇ ਆਸਮਾਨੀ ਬਿਜਲੀ ਤਮੰਨਾ 'ਤੇ ਆ ਡਿਗੀ। ਬਿਜਲੀ ਡਿਗਣ ਨਾਲ ਉਹ ਝੁਲਸ ਕੇ ਬੇਹੋਸ਼ ਹੋ ਗਈ। ਪੁਲਸ ਕਰਮਚਾਰੀਆਂ ਨੇ ਉਸ ਨੂੰ ਤੁਰੰਤ ਸੈਕਟਰ-16 ਹਸਪਤਾਲ ਪਹੁੰਚਾਇਆ। ਇਥੇ ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।