ਗੈਂਗਸਟਰ ਰਵੀ ਬਲਾਚੌਰੀਆ ਗੈਂਗ ਦੇ 2 ਮੈਂਬਰ ਗ੍ਰਿਫਤਾਰ

02/23/2020 12:10:41 AM

ਮੋਹਾਲੀ,(ਰਾਣਾ)- ਗੈਂਗਸਟਰ ਰਵੀ ਬਲਾਚੌਰੀਆ ਗੈਂਗ ਦੇ 2 ਮੈਂਬਰਾਂ ਨੂੰ ਮੋਹਾਲੀ ਪੁਲਸ ਨੇ ਹਥਿਆਰਾਂ ਅਤੇ ਡਰੱਗਸ ਨਾਲ ਗ੍ਰਿਫਤਾਰ ਕਰਨ 'ਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਅਰੁਣ ਕੁਮਾਰ ਉਰਫ ਮਨੀ ਵਾਸੀ ਪਿੰਡ ਬਾਬੂ ਥਾਣਾ ਹਰੋਲੀ ਜ਼ਿਲਾ ਊਨਾ (ਹਿਮਾਚਲ ਪ੍ਰਦੇਸ਼) ਅਤੇ ਦੂਜੇ ਦੀ ਸੰਦੀਪ ਕੁਮਾਰ ਉਰਫ ਸੈਂਡੀ ਵਾਸੀ ਪਿੰਡ ਰਾਮਪੁਰ ਬਿਲੜੋ ਥਾਣਾ ਗੜ੍ਹਸ਼ੰਕਰ ਜ਼ਿਲਾ ਹੁਸ਼ਿਆਰਪੁਰ ਦੇ ਰੂਪ ਵਿਚ ਹੋਈ ਹੈ। ਇਸ ਦਾ ਖੁਲਾਸਾ ਕਰਦਿਆਂ ਐੱਸ. ਪੀ. ਸਿਟੀ ਹਰਮਨਦੀਪ ਸਿੰਘ ਹੰਸ ਨੇ ਕਿਹਾ ਕਿ ਮੁਲਜ਼ਮ ਹਿਸਟਰੀ-ਸ਼ੀਟਰ ਹਨ, ਜਿਨ੍ਹਾਂ 'ਤੇ ਐੱਨ. ਡੀ. ਪੀ. ਐੱਸ. ਅਤੇ ਆਰਮਜ਼ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਵਾਂ ਨੂੰ 24 ਫਰਵਰੀ ਤੱਕ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਫਗਵਾੜਾ ਦੇ ਬੈਂਕ 'ਚ ਕੀਤੀ ਸੀ ਡਕੈਤੀ
ਐੱਸ. ਪੀ. ਨੇ ਕਿਹਾ ਕਿ ਮੁਲਜ਼ਮ ਅਰੁਣ ਕੁਮਾਰ ਉਰਫ ਮਨੀ ਰਵੀ ਬਲਾਚੌਰੀਆ ਗੈਂਗ ਦਾ ਸਰਗਰਮ ਮੈਂਬਰ ਹੈ, ਜਿਸ ਨੇ ਰਵੀ ਬਲਾਚੌਰੀਆ ਨਾਲ ਮਿਲ ਕੇ ਪਿੰਡ ਰਾਮਪੁਰ ਨਜ਼ਦੀਕ ਥਾਣਾ ਗੜ੍ਹਸ਼ੰਕਰ ਦੇ ਵਿਸ਼ਾਲ ਕੁਮਾਰ ਨਾਂ ਦੇ ਨੌਜਵਾਨ ਦੀ ਹੱਤਿਆ ਕੀਤੀ ਸੀ। ਇਸ ਤੋਂ ਪਹਿਲਾਂ ਗੈਂਗਸਟਰ ਰਵੀ ਬਲਾਚੌਰੀਆ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਨੈਸ਼ਨਲ ਬੈਂਕ ਫਗਵਾੜਾ 'ਚ 7,76,000 ਰੁਪਏ ਦੀ ਗੰਨ ਪੁਆਇੰਟ 'ਤੇ ਡਕੈਤੀ ਕੀਤੀ ਸੀ, ਜਿਸ ਵਿਚ ਮੁਲਜ਼ਮ ਅਰੁਣ ਕੁਮਾਰ ਉਰਫ ਮਨੀ ਵੀ ਸ਼ਾਮਲ ਸੀ।

ਗੰਨ ਪੁਆਇੰਟ 'ਤੇ ਲੁੱਟੀ ਸੀ ਆਈ-20 ਕਾਰ
ਗੈਂਗਸਟਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਯਮੁਨਾ ਨਗਰ (ਹਰਿਆਣਾ) ਦੇ ਏਰੀਏ 'ਚ ਵੀ ਗੰਨ ਪੁਆਇੰਟ 'ਤੇ ਆਈ-20 ਕਾਰ ਲੁੱਟੀ ਸੀ, ਨਾਲ ਹੀ ਦਸੰਬਰ 2019 ਵਿਚ ਐਰੋਸਿਟੀ ਏਰੀਏ 'ਚ ਵੀ ਗੱਡੀ ਲੁੱਟੀ ਸੀ। ਜ਼ਿਕਰਯੋਗ ਹੈ ਕਿ ਮੁਲਜ਼ਮ ਅਰੁਣ ਕੁਮਾਰ ਨੇ ਸਾਲ 2013 ਵਿਚ ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਵਿਚ ਵਿਨੋਦ ਜੈਨ ਨਾਂ ਦੇ ਵਿਅਕਤੀ ਦੀ ਹੱਤਿਆ ਕੀਤੀ ਸੀ, ਜਿਸ ਕਾਰਣ ਉਸ ਨੂੰ ਉਮਰ ਕੈਦ ਹੋਈ ਸੀ। 2018 ਵਿਚ ਉਹ ਪੈਰੋਲ 'ਤੇ ਆਇਆ ਸੀ ਪਰ ਦੁਬਾਰਾ ਉਹ ਜੇਲ ਵਾਪਸ ਨਹੀਂ ਗਿਆ ਤੇ ਭਗੌੜਾ ਹੋ ਗਿਆ ਸੀ।

ਗੁੱਜਰ ਨੂੰ ਪੁਲਸ ਕਸਟਡੀ 'ਚੋਂ ਭਜਾਇਆ ਸੀ
ਅਰੁਣ ਕੁਮਾਰ ਉਰਫ ਸੈਂਡੀ ਤੋਂ ਪੁੱਛਗਿਛ ਵਿਚ ਖੁਲਾਸਾ ਹੋਇਆ ਕਿ ਰਵੀ ਬਲਾਚੌਰੀਆ ਅਤੇ ਉਸ ਦੇ ਸਾਥੀਆਂ ਨੇ ਮਿਲ ਕੇ ਆਪਣੇ ਸਾਥੀ ਬਿੰਨੀ ਗੁੱਜਰ ਨੂੰ ਹਥਿਆਰਾਂ ਦੀ ਨੋਕ 'ਤੇ ਪੁਲਸ ਕਸਟਡੀ 'ਚੋਂ ਭਜਾਇਆ ਸੀ। ਅਰੁਣ 'ਤੇ 7 ਕੇਸ ਦਰਜ ਹਨ। ਦੋਵਾਂ ਗੈਂਗਸਟਰਾਂ ਕੋਲੋਂ ਪੁਲਸ ਨੇ 110 ਗ੍ਰਾਮ ਨਸ਼ੇ ਵਾਲਾ ਪਾਊਡਰ, ਇਕ ਪਿਸਤੌਲ 30 ਬੋਰ ਸਮੇਤ 5 ਕਾਰਤੂਸ, ਇਕ ਪਿਸਤੌਲ 315 ਬੋਰ ਦੇਸੀ ਸਮੇਤ 10 ਕਾਰਤੂਸ, ਇਕ ਪਿਸਤੌਲ 12 ਬੋਰ ਦੇਸੀ ਅਤੇ 2 ਕਾਰਤੂਸ, ਇਕ ਏਸੈਂਟ ਕਾਰ ਜੋ ਕਿ ਗੜ੍ਹਸ਼ੰਕਰ ਕਤਲ ਕੇਸ ਵਿਚ ਵਰਤੀ ਗਈ ਸੀ ਤੇ 2 ਮੋਬਾਇਲ ਬਰਾਮਦ ਕੀਤੇ ਹਨ।


Related News