ਗੈਂਗਸਟਰ ਬਿਸ਼ਨੋਈ ਨੇ ਸਰਕਾਰੀ ਗੰਨਮੈਨ ਮੰਗਣ ਵਾਲਿਆਂ ਦੇ ਦਾਅਵਿਆਂ ਦੀ ਖੋਲ੍ਹੀ ਪੋਲ

06/29/2023 4:09:21 PM

ਪਟਿਆਲਾ/ਰੱਖੜਾ (ਰਾਣਾ) : ਦੁਨੀਆਂ ਭਰ ’ਚ ਡੰਕਾ ਮਨਵਾਉਣ ਵਾਲੀ ਪੰਜਾਬ ਪੁਲਸ ਆਪਣੇ ਹੀ ਸੂਬੇ ਅੰਦਰ ਰਾਜਨੀਤਕ ਤੇ ਸਫੈਦਪੋਸ਼ਾਂ ਸਾਹਮਣੇ ਬੇਵੱਸ ਨਜ਼ਰ ਆ ਰਹੀ ਹੈ। ਲੱਖਾਂ ਰੁਪਏ ਸਰਕਾਰੀ ਖਜ਼ਾਨੇ ’ਚੋਂ ਲੈਣ ਵਾਲੇ ਪੰਜਾਬ ਪੁਲਸ ਦੇ ਸਰਕਾਰੀ ਮੁਲਾਜ਼ਮ ਨਿੱਜੀ ਸੁਰੱਖਿਆ ’ਚ ਤਾਇਨਾਤ ਕੀਤੇ ਹੋਏ ਹਨ। ਇਨ੍ਹਾਂ ਦੀ ਗਿਣਤੀ ਸੈਂਕੜਿਆਂ ’ਚ ਹੈ, ਜਿਸ ਕਾਰਨ ਪੰਜਾਬ ਪੁਲਸ ਕੋਲ ਥਾਣਿਆਂ-ਚੌਕੀਆਂ ਅੰਦਰ ਆਮ ਲੋਕਾਂ ਦੀ ਸੁਰੱਖਿਆ ਕਰਨ ਲਈ ਨਫਰੀ ਦਿਨੋ-ਦਿਨ ਘੱਟਦੀ ਜਾ ਰਹੀ ਹੈ। ਇਸ ’ਚ ਇਕ ਪਾਸੇ ਅਜਿਹੇ ਲੋਕ ਸ਼ਾਮਲ ਹਨ, ਜੋ ਅੱਤਵਾਦੀਆਂ ਜਾਂ ਗੈਂਗਸਟਰਾਂ ਪਾਸੋਂ ਮਿਲਦੀਆਂ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਾ ਹਵਾਲਾ ਦਿੰਦੇ ਹਨ। ਦੂਜੇ ਪਾਸੇ ਰਾਜਨੀਤਕ ਅਸਰ-ਰਸੂਖ ਰੱਖਣ ਵਾਲੇ ਲੋਕ ਹਨ ਪਰ ਜਿਉਂ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸੁਰੱਖਿਆ ਕਵਰ ਲੈਣ ਵਾਲਿਆਂ ਦੀ ਸੁਰੱਖਿਆ ’ਚ ਕਟੌਤੀ ਕੀਤੀ ਗਈ ਤਾਂ ਰਾਜਨੀਤਕ ਲੀਡਰਾਂ ਅਤੇ ਹੋਰਨਾਂ ਆਗੂਆਂ ਨੇ ਸਰਕਾਰ ਨੂੰ ਕਟਹਿਰੇ ’ਚ ਖੜੇ ਕਰ ਲਿਆ। ਸੁਰੱਖਿਆ ਯਕੀਨੀ ਬਣਾਉਣ ਨੂੰ ਲੈ ਕੇ ਬਵਾਲ ਮਚਾਉਣਾ ਸ਼ੁਰੂ ਕਰ ਦਿੱਤਾ ਅਤੇ ਕਈ ਸੱਜਣ ਮਾਣਯੋਗ ਅਦਾਲਤ ਦੀ ਸ਼ਰਨ ’ਚ ਚਲੇ ਗਏ, ਜਿਸ ਕਾਰਨ ਸਰਕਾਰ ਵੱਲੋਂ ਥਾਣਿਆਂ ’ਚ ਨਫਰੀ ਵਧਾਉਣ ਦਾ ਉਪਰਾਲਾ ਧਰਿਆ ਧਰਾਇਆ ਰਹਿ ਗਿਆ।
ਉੱਥੇ ਹੀ ਕਈ ਅਜਿਹੇ ਵਿਅਕਤੀ ਵੀ ਹਨ, ਜਿਹੜੇ ਆਪਣੀ ਦੁਕਾਨਦਾਰੀ ਚਲਾਉਣ ਲਈ ਵਰਦੀਧਾਰੀਆਂ ਨੂੰ ਆਪਣੇ ਨਾਲ ਢਾਲ ਵਜੋਂ ਵਰਤਦੇ ਹਨ। ਜਿਨ੍ਹਾਂ ਦੀ ਸਮਾਜ ਨੂੰ ਕੋਈ ਦੇਣ ਨਹੀਂ ਹੈ ਪਰ ਸਰਕਾਰ ਦੇ ਕਰੋਡ਼ਾਂ ਰੁਪਏ ਦੇ ਖਰਚੇ ਦੇ ਮੁਲਾਜ਼ਮਾਂ ਨੂੰ ਆਪਣੇ ਸੁਰੱਖਿਆ ਕਵਚ ਵਜੋਂ ਨਾਲ ਰੱਖਣਾ ਸਟੇਟਸ ਸਿੰਬਲ ਬਣਦਾ ਜਾ ਰਿਹਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਬੀਤੇ ਦਿਨੀਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਗੱਲਬਾਤ ਦੌਰਾਨ ਜਿਕਰ ਕੀਤਾ ਕਿ ਕੁਝ ਲੋਕ ਸੁਰੱਖਿਆ ਲੈਣ ਲਈ ਸਾਨੂੰ ਪੈਸੇ ਦਿੰਦੇ ਹਨ ਅਤੇ ਸਾਨੂੰ ਧਮਕੀਆਂ ਭਰੇ ਫੋਨ ਕਰਨ ਲਈ ਆਖਦੇ ਹਨ ਤਾਂ ਜੋ ਸਰਕਾਰੀ ਗੰਨਮੈਨ ਲੈ ਕੇ ਫੋਕੀ ਸ਼ਾਨੋ-ਸ਼ੌਕਤ ਬਰਕਰਾਰ ਰੱਖ ਸਕਣ।

ਇਹ ਵੀ ਪੜ੍ਹੋ : ਬਜ਼ੁਰਗ ਕਿਰਾਏਦਾਰ ਪ੍ਰਵਾਸੀ ਨੂੰ ATM ਦੇ ਕੇ ਕਢਵਾਉਂਦਾ ਸੀ ਪੈਸੇ, ਕਿਰਾਏਦਾਰ 5 ਲੱਖ ਰੁਪਏ ਕੱਢ ਕੇ ਫਰਾਰ

ਸੁਰੱਖਿਆ ਲੈਣ ਲਈ ਜਾਣਬੁਝ ਕੇ ਕਰਦੇ ਹਨ ਉਕਸਾਊ ਗੱਲਾਂ
ਨਿੱਜੀ ਸੁਰੱਖਿਆ ਲੈਣ ਵਾਲੇ ਕੁਝ ਅਖੌਤੀ ਆਗੂਆਂ ਦਾ ਕੰਮ ਹੀ ਸਿਰਫ ਤੇ ਸਿਰਫ ਜਾਣਬੁਝ ਕਿਸੇ ਵਿਅਕਤੀ ਵਿਸ਼ੇਸ਼ ਜਾਂ ਧਾਰਮਿਕ ਮੁੱਦਿਆਂ ’ਤੇ ਬਕਵਾਸਬਾਜ਼ੀ ਮਾਰ ਕੇ ਉਕਸਾਊ ਗੱਲਾਂ ਕਰਦੇ ਹਨ। ਤਾਂ ਜੋ ਇਨ੍ਹਾਂ ਦੀਆਂ ਗੱਲਾਂ ’ਤੇ ਵਿਦੇਸ਼ਾਂ ’ਚ ਬੈਠੇ ਕੁਝ ਆਗੂ ਉਨ੍ਹਾਂ ਦੇ ਉਲਟ ਤੇ ਗਰਮ ਖਿਆਲੀ ਬਿਆਨਬਾਜ਼ੀ ਕਰਦੇ ਹਨ। ਉਸ ਬਿਆਨਬਾਜ਼ੀ ਦਾ ਹਵਾਲਾ ਦੇ ਕੇ ਸਥਾਨਕ ਵਿਹਲਡ਼ ਆਗੂ ਸੁਰੱਖਿਆ ਲਈ ਹਾਲ ਦੁਹਾਈ ਮਚਾ ਦਿੰਦੇ ਹਨ। ਜੇਕਰ ਸੁਰੱਖਿਆ ਦੀ ਪ੍ਰਵਾਹ ਕਰਦੇ ਹਨ ਤਾਂ ਸੱਭਿਅਕ ਭਾਸ਼ਾ ’ਚ ਬਿਆਨਬਾਜ਼ੀ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ : ਰੋਡ ਨੈੱਟਵਰਕ ਭਾਰਤ ਦੀ ਵੱਡੀ ਪ੍ਰਾਪਤੀ, ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਸਥਾਨ ’ਤੇ

ਗੰਨਮੈਨ ਲੈਣ ਵਾਲੇ ਸ਼ੌਕੀਨਾਂ ਤੋਂ ਸਰਕਾਰ ਵਸੂਲੇ ਤਨਖਾਹ ਅਤੇ ਭੱਤੇ
ਸੂਬੇ ਅੰਦਰ ਸ਼ੌਂਕ ਵਜੋਂ ਜਾਂ ਸਟੇਟਸ ਸਿੰਬਲ ਵਜੋਂ ਗੰਨਮੈਨ ਲੈ ਕੇ ਸਮਾਜ ਅੰਦਰ ਘੁੰਮਦੇ ਦਿਖਾਈ ਦਿੰਦੇ ਹਨ। ਉਨ੍ਹਾਂ ਗੰਨਮੈਨਾਂ ਦੀ ਤਨਖਾਹ ਅਤੇ ਭੱਤੇ ਉਸੇ ਆਗੂ ਤੋਂ ਵਸੂਲੇ ਜਾਣੇ ਚਾਹੀਦੇ ਹਨ, ਜਿਸ ਨਾਲ ਇਹ ਗੰਨਮੈਨ ਸਰਕਾਰ ਦੇ ਖਜ਼ਾਨੇ ’ਤੇ ਬੋਝ ਨਾ ਬਣਨ। ਕਿਉਂਕਿ ਖਜਾਨੇ ’ਚ ਜਾਣ ਵਾਲਾ ਪੈਸਾ ਲੋਕਾਂ ਦੇ ਟੈਕਸਾਂ ਦਾ ਹੁੰਦਾ ਹੈ। ਇਸ ਦੀ ਵਰਤੋਂ ਵੀ ਆਮ ਲੋਕਾਂ ਦੀ ਸੁਰੱਖਿਆ ਲਈ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਆਂਗਣਵਾੜੀ ਵਰਕਰਾਂ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News